ਸਿਹਤ ਮੰਤਰੀ ਜੌੜਾਮਾਜਰਾ ਨੇ ਹਸਪਤਾਲ ’ਚ ਮਾੜੇ ਪ੍ਰਬੰਧਾਂ ਨੂੰ ਦੇਖ ਕੇ ਵੀ.ਸੀ. ਦੀ ਕੀਤੀ ਸੀ ਖਿਚਾਈ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਪਿਛਲੀਂ ਦਿਨੀਂ ਫਰੀਦਕੋਟ ਦੇ ਮੈਡੀਕਲ ਕਾਲਜ ਦੀ ਚੈਕਿੰਗ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੂੰ ਇੱਕ ਵਾਰਡ ਵਿੱਚ ਇੱਕ ਗੱਦਾ ਫਟਿਆ ਹੋਇਆ ਦਿਸ ਗਿਆ, ਇਸ ਤੋਂ ਬਾਅਦ ਸਿਹਤ ਮੰਤਰੀ ਭੜਕ ਉੱਠੇ। ਉਨ੍ਹਾਂ ਇਸ ਲਈ ਵੀਸੀ ਡਾ. ਰਾਜ ਬਹਾਦਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇੰਨਾ ਹੀ ਨਹੀਂ, ਸਿਹਤ ਮੰਤਰੀ ਜੌੜਾਮਾਜਰਾ ਨੇ ਸਾਰਿਆਂ ਦੇ ਸਾਹਮਣੇ ਵੀਸੀ ਨੂੰ ਉਕਤ ਗੱਦੇ ’ਤੇ ਲੇਟਣ ਲਈ ਕਹਿ ਦਿੱਤਾ ਸੀ ਅਤੇ ਵੀਸੀ ਡਾ. ਰਾਜ ਬਹਾਦਰ ਇਸ ਫਟੇ ਹੋਏ ਗੱਦੇ ’ਤੇ ਲੇਟ ਵੀ ਗਏ। ਇਸ ਦੇ ਨਾਲ ਹੀ ਜਦੋਂ ਇਸ ਘਟਨਾ ਦੀ ਵੀਡੀਓ ਵਾਇਰਲ ਹੋਈ ਤਾਂ ਮਾਮਲੇ ਨੇ ਤੂਲ ਫੜ ਲਿਆ। ਜਿਸ ਤੋਂ ਬਾਅਦ ਡਾ. ਰਾਜ ਬਹਾਦਰ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।