Breaking News
Home / ਨਜ਼ਰੀਆ / ਕਾਲਾ ਦਿਵਸ, ਕਾਲੇ ਝੰਡੇ ਤੇ ਕਿਰਤੀ-ਕਿਸਾਨ!

ਕਾਲਾ ਦਿਵਸ, ਕਾਲੇ ਝੰਡੇ ਤੇ ਕਿਰਤੀ-ਕਿਸਾਨ!

ਦਿੱਲੀ ਦੀਆਂ ਸਰਹੱਦਾਂ ‘ਤੇ ਜਾਰੀ ਕਿਸਾਨ ਅੰਦੋਲਨ ਨੂੰ 6 ਮਹੀਨੇ ਪੂਰੇ ਹੋਣ ‘ਤੇ ਕਿਸਾਨਾਂ ਵਲੋਂ 26 ਮਈ ਨੂੰ ‘ਕਾਲਾ ਦਿਵਸ’ ਮਨਾਇਆ ਗਿਆ। ਪੂਰੇ ਭਾਰਤ ਵਿਚ ਕਈ ਥਾਈਂ ਭਾਰੀ ਇਕੱਠ ਹੋਏ ਅਤੇ ਨਾਲ ਹੀ ਲੋਕਾਂ ਨੇ ਆਪਣੇ ਘਰਾਂ ‘ਤੇ ਕਾਲੇ ਝੰਡੇ ਲਹਿਰਾਏ। ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨ 26 ਨਵੰਬਰ, 2020 ਤੋਂ ਸ਼ੁਰੂ ਹੋਏ ਦੇਸ਼ ਵਿਆਪੀ ਕਿਸਾਨ ਅੰਦੋਲਨ ਦੌਰਾਨ ਅਨੇਕਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਦੇਸ਼ ਦੇ ਰਾਜਧਾਨੀ ਦਿੱਲੀ ‘ਚ ਲਗਾਤਾਰ ਡਟੇ ਹੋਏ ਹਨ। ਨਾਲ ਹੀ ਕਿਸਾਨ ਅੰਦੋਲਨ ਨੇ ਪਿਛਲੇ 6 ਮਹੀਨਿਆਂ ਵਿਚ ਬਹੁਤ ਉਤਰਾ ਚੜਾਅ ਦੇਖੇ ਤੇ ਇਸ ਅੰਦੋਲਨ ਨੇ ਪੂਰੇ ਮੁਲਕ ਹੀ ਨਹੀਂ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜੋ ਆਪਣੇ ਆਪ ਵਿਚ ਇਕ ਵੱਡੀ ਪ੍ਰਾਪਤੀ ਹੈ। ਪਿਛਲੇ 6 ਮਹੀਨਿਆਂ ਤੋਂ ਚੱਲ ਰਹੇ ਸ਼ਾਂਤਮਈ ਅੰਦੋਲਨ ਦੇ ਬਾਵਜੂਦ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਕਾਰਨ ਰੋਸ ਵਜੋਂ ਪੂਰੇ ਦੇਸ਼ ‘ਚ ਕਿਸਾਨਾਂ ਵਲੋਂ 26, ਮਈ 2021 ਦਾ ਦਿਨ ‘ਕਾਲੇ ਦਿਵਸ’ ਵਜੋਂ ਮਨਾਇਆ ਗਿਆ। ਕਿਸਾਨ ਆਗੂਆਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਘਰਾਂ, ਵਾਹਨਾਂ ਤੇ ਹੋਰ ਥਾਵਾਂ ‘ਤੇ ਕਾਲੇ ਝੰਡੇ ਲਹਿਰਾ ਕੇ ਕਾਲੇ ਦਿਵਸ ਨੂੰ ਮਨਾਉਣ। ਕਿਸਾਨੀ ਸੰਘਰਸ਼ ਦੀ ਜਿੱਤ ਯਕੀਨੀ ਬਣਾਉਣ ਲਈ ਮੁਲਕ ਦਾ ਹਰ ਵਰਗ ਅੱਗੇ ਆਵੇ, ਕਿਉਂਕਿ ਹੁਣ ਖੇਤੀ ਕਾਨੂੰਨਾਂ ਦੀ ਲੜਾਈ ਕਿਸਾਨਾਂ ਦੀ ਨਹੀਂ ਬਲਕਿ ਹਰ ਵਰਗ ਦੀ ਹੈ। ਲੋਕਾਂ ਵਲੋਂ ਵੀ ਇਸ ‘ਕਾਲੇ ਦਿਵਸ’ ਨੂੰ ਮਨਾਉਣ ਲਈ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਗਿਆ। ਲੋਕਾਂ ਦੇ ਨਾਲ-ਨਾਲ ਕਈ ਸਿਆਸੀ ਧਿਰਾਂ ਨੇ ਇਸ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ‘ਤੇ ਮਨਾਏ ਗਏ ਕਾਲੇ ਦਿਵਸ ਦੀ ਹਮਾਇਤ ਕੀਤੀ। ਕਿਸਾਨ ਅੰਦੋਲਨ ਕਾਰਨ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿਚ ਸਿਆਸਤ ਕਰ ਰਹੀਆਂ ਸਿਆਸੀ ਪਾਰਟੀਆਂ ਨੂੰ ਪ੍ਰਭਾਵਿਤ ਕੀਤਾ ਹੈ। ਕਈ ਥਾਈ ਸਿਆਸੀ ਧਿਰਾਂ ਨੇ ਵੀ ਕਾਲੇ ਝੰਡੇ ਲਹਿਰਾਏ। ਇਸ ਅੰਦੋਲਨ ਨੂੰ ਤੋੜਨ ਲਈ ਹੁਣ ਤੱਕ ਜਿੰਨੀਆਂ ਵੀ ਵਿਉਂਤਬੰਦੀਆਂ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੇ ਕੀਤੀਆਂ ਉਹ ਨਾਕਾਮ ਹੀ ਹੋਈਆਂ ਕਿਉਂਕਿ ਇਹ ਅੰਦੋਲਨ ਕਿਸੇ ਇਕ ਧਿਰ ਜਾਂ ਕਿਸੇ ਇਕ ਪਾਰਟੀ ਦਾ ਨਹੀਂ ਇਹ ਅੰਦੋਲਨ ਹਰ ਉਸ ਇਨਸਾਨ ਦਾ ਹੈ ਜੋ ਜ਼ਮੀਨ ਨਾਲ ਜੁੜਿਆ ਹੈ। ਹਰ ਵਰਗ ਦੇ ਲੋਕ ਜਾਤਾਂ-ਧਰਮਾਂ ਤੋਂ ਉੱਪਰ ਉੱਠ ਕੇ ਹੱਥਾਂ ‘ਚ ਕਾਲੇ ਝੰਡੇ ਲਈ ਕੇ ਕਿਸਾਨਾਂ ਵਲੋਂ ਮਨਾਏ ‘ਕਾਲੇ ਦਿਵਸ’ ਦੀ ਹਮਾਇਤ ਕਰ ਰਹੇ ਹਨ। ਇਹ ਅੰਦੋਲਨ ਹੁਣ ਜਨ-ਅੰਦੋਲਨ ਬਣ ਗਿਆ ਹੈ ਤੇ ਜਦੋ ਤੱਕ ਖੇਤੀ ਕਾਨੂੰਨ ਪੂਰਨ ਤੌਰ ‘ਤੇ ਰੱਦ ਨਹੀਂ ਹੁੰਦੇ, ਉਦੋਂ ਤਕ ਅੰਦੋਲਨ ਜਾਰੀ ਰਹੇਗਾ। ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਇਹ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ । ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਜਿੰਨਾ ਲਮਕਾਏਗੀ ਸਰਕਾਰ ਪ੍ਰਤੀ ਲੋਕਾਂ ਦਾ ਰੋਸ ਓਨਾ ਹੀ ਵੱਧਦਾ ਜਾਵੇਗਾ। ਹੁਣ ਤੱਕ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ 11 ਮੀਟਿੰਗਾਂ ਹੋਈਆਂ, ਜੋ ਹੁਣ ਤੱਕ ਬੇਸਿੱਟਾ ਰਹੀਆਂ । ਕਿਸਾਨ ਆਗੂਆਂ ਤੇ ਕੇਂਦਰ ਸਰਕਾਰ ‘ਚ ਆਖ਼ਰੀ ਵਾਰ 22 ਜਨਵਰੀ 2021 ਨੂੰ ਗੱਲਬਾਤ ਹੋਈ ਸੀ, ਜਿਸ ‘ਚ ਸਰਕਾਰ ਨੇ ਡੇਢ ਸਾਲ ਤੱਕ ਕਾਨੂੰਨਾਂ ‘ਤੇ ਰੋਕ ਲਾਉਣ ਦਾ ਮਤਾ ਦਿੱਤਾ ਸੀ, ਜਿਸ ਨੂੰ ਕਿਸਾਨ ਆਗੂਆਂ ਨੇ ਠੁਕਰਾ ਦਿੱਤਾ ਸੀ। ਕਿਸਾਨ ਆਗੂਆਂ ਵਲੋਂ ਸਰਕਾਰ ਨੂੰ ਵਾਰ-ਵਾਰ ਕਿਹਾ ਜਾ ਰਿਹਾ ਕਿ ਇਹ ਨਵੇਂ ਤਿੰਨ ਖੇਤੀ ਕਾਨੂੰਨ ਮੌਜੂਦਾ ਕਿਸਾਨੀ ਵਿਚ ਕੋਈ ਸੁਧਾਰ ਨਹੀਂ ਕਰਨਗੇ ਬਲਕਿ ਖੇਤੀਬਾੜੀ ਸੈਕਟਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਗੇ। ਅੰਦੋਲਨ ਕਰ ਰਹੇ ਕਿਸਾਨ ਹੁਣ ਲੰਬੇ ਚੱਲ ਰਹੇ ਅੰਦੋਲਨ ਨੂੰ ਦੇਖਦੇ ਹੋਏ ਸਮੇਂ-ਸਮੇਂ ‘ਤੇ ਨਵੀਆਂ ਨੀਤੀਆਂ ਨਾਲ ਅੰਦੋਲਨ ਨੂੰ ਅੱਗੇ ਲਿਜਾ ਰਹੇ ਹਨ। ਕਿਸਾਨਾਂ ਵਲੋਂ ਮਨਾਏ ‘ਕਾਲੇ ਦਿਵਸ’ ਨੂੰ ਹਰ ਵਰਗ ਦੇ ਲੋਕ ਪੂਰਨ ਤੌਰ ‘ਤੇ ਸਮਰਪਿਤ ਨਜ਼ਰ ਆਏ ਜੋ ਕਿ ਕਿਸਾਨ ਅੰਦੋਲਨ ਦੀ ਜਿੱਤ ਦੀ ਨਿਸ਼ਾਨੀ ਹੈ।
-ਹਰਮਨਪ੍ਰੀਤ ਸਿੰਘ
98550 10005

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …