ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਟਿਕਰੀ ਮੋਰਚੇ ‘ਤੇ ਹਰ ਮੰਗਲਵਾਰ ਸਟੇਜ ਸੰਭਾਲਣ ਦੀ ਜ਼ਿੰਮੇਵਾਰੀ ਬੀਬੀਆਂ ਵਾਸਤੇ ਰਾਖਵੀਂ ਰੱਖੀ ਹੈ। ਜਗਸੀਰ ਜੀਦਾ ਅਤੇ ਉਨ੍ਹਾਂ ਦੀ ਟੀਮ ਨੇ ਦੇਸ਼ ਦੇ ਹਾਕਮਾਂ ‘ਤੇ ਵਿਅੰਗ ਕਰਦਿਆਂ ਤੇ ਕ੍ਰਾਂਤੀਕਾਰੀ ਗੀਤਾਂ ਨਾਲ ਮੋਰਚੇ ਵਿੱਚ ਜੋਸ਼ ਭਰਿਆ। ਉਨ੍ਹਾਂ ਦੇਸ਼ ਦੇ ਹਾਕਮਾਂ ਵੱਲੋਂ ਬਾਬਿਆਂ ਰਾਹੀਂ ਵਹਿਮਾਂ ਭਰਮਾਂ ਵਿੱਚ ਡੋਬੇ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਬਦਲਣ ਲਈ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦਾ ਹੋਕਾ ਦਿੱਤਾ। ਮਹਿਲਾ ਬੁਲਾਰਿਆਂ ਨੇ ਕਿਹਾ ਕਿ ਜਿਹੜੀਆਂ ਔਰਤਾਂ ਕਿਸਾਨਾਂ ਬਾਰੇ ਅਪਸ਼ਬਦ ਬੋਲਦੀਆਂ ਹਨ ਉਨ੍ਹਾਂ ਦੀ ਉਹ ਨਿੰਦਾ ਕਰਦੀਆਂ ਹਨ ਕਿਉਂਕਿ ਕਿਸਾਨਾਂ ਖਿਲਾਫ ਬੋਲਣ ਵਾਲੀਆਂ ਵੀ ਕਿਸਾਨਾਂ ਦਾ ਉਗਾਇਆ ਹੋਇਆ ਅਨਾਜ ਖਾਂਦੀਆਂ ਹਨ। ਉਨ੍ਹਾਂ ਕਿਹਾ ਕਿ ਮੋਰਚੇ ਵਿੱਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹਨ ਤੇ ਉਹ ਖੇਤੀ ਕਾਨੂੰਨ ਰੱਦ ਕਰਾਉਣ ਦੀ ਲੜਾਈ ਵਿੱਚ ਬਰਾਬਰ ਹਿੱਸਾ ਪਾ ਰਹੀਆਂ ਹਨ।
ਸੰਗਰੂਰ ਜ਼ਿਲ੍ਹੇ ਤੋਂ ਨੌਜਵਾਨ ਲੜਕੀ ਲਵਲੀਨ ਕੌਰ ਨੇ ਕਿਹਾ ਕਿ ਸਕਰਾਰ ਦੀਆਂ ਮਾੜੀਆਂ ਨੀਤੀਆਂ ਨੇ ਦੇਸ਼ ਦੇ ਕਿਰਤੀਆਂ ਦਾ ਲੱਕ ਤੋੜ ਦਿੱਤਾ ਹੈ ਤੇ ਕਿਸਾਨਾਂ ਸਿਰ ਕਰਜ਼ੇ ਦੀਆਂ ਪੰਡਾਂ ਚੜ੍ਹ ਗਈਆਂ ਹਨ। ਉਸ ਨੇ ਕਿਹਾ ਕਿ ਸਾਰਿਆਂ ਨੂੰ ਚੇਤੰਨ ਹੋ ਕੇ ਲੋਕ ਵਿਰੋਧੀ ਹਕੂਮਤਾਂ ਨੂੰ ਟੱਕਰ ਦੇਣ ਦੀ ਲੋੜ ਹੈ। ਮੋਗਾ ਜ਼ਿਲ੍ਹੇ ਤੋਂ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਔਰਤ ਸਮਾਜ ਦੀ ਸਿਰਜਣਹਾਰ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ ਤੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਦੱਬੇ ਕੁਚਲੇ ਲੋਕਾਂ ਦਾ ਭਵਿੱਖ ਸਿਰਜਣ ਦੀ ਜ਼ਿੰਮੇਵਾਰੀ ਨੌਜਵਾਨਾਂ ਦੇ ਹਿੱਸੇ ਆਉਂਦੀ ਹੈ।
Check Also
ਜਗਦੀਸ਼ ਸਿੰਘ ਝੀਂਡਾ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ
ਝੀਂਡਾ ਨੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨ ਦਾ ਕੀਤਾ ਵਾਅਦਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ …