ਜੰਗ-ਏ-ਆਜ਼ਾਦੀ ਯਾਦਗਾਰ ਦੀ ਝਾਕੀ ਵੀ ਬਣੀ ਖਿੱਚ ਦਾ ਕੇਂਦਰ
ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ਦੌਰਾਨ ਪੰਜਾਬ ਦੀ ਝਾਕੀ ਦਾ ਥੀਮ ‘ਸੁਤੰਤਰਤਾ ਸੰਗਰਾਮ ਵਿਚ ਪੰਜਾਬ ਦਾ ਯੋਗਦਾਨ’ ਸੀ। ਜਿਸ ਵਿਚ ਆਜ਼ਾਦੀ ਅੰਦੋਲਨ ਦੇ ਸ਼ਹੀਦਾਂ ਭਗਤ ਸਿੰਘ ਅਤੇ ਊਧਮ ਸਿੰਘ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ। ਇਹ ਦੋਵੇਂ ਆਜ਼ਾਦੀ ਘੁਲਾਟੀਏ ਪੰਜਾਬ ਤੋਂ ਸਨ। ਝਾਕੀ ਦੇ ਬਿਲਕੁਲ ਸਾਹਮਣੇ ਬਿ੍ਰਟਿਸ਼ ਸ਼ਾਸ਼ਨ ਦੇ ਵਿਰੋਧ ਵਿਚ ਸ਼ਹੀਦ ਭਗਤ ਸਿੰਘ ਦੀ ਮੂਰਤੀ ਨੂੰ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਦਰਸਾਇਆ ਗਿਆ। ਧਿਆਨ ਰਹੇ ਕਿ ਬਿ੍ਰਟਿਸ਼ ਸ਼ਾਸਨ ਦੌਰਾਨ ਇਨ੍ਹਾਂ ਤਿੰਨਾਂ ਨੂੰ ਇਕੱਠਿਆਂ ਫਾਂਸੀ ਦੇ ਦਿੱਤੀ ਗਈ ਸੀ। ਝਾਕੀ ਦੇ ਮੱਧ ਹਿੱਸੇ ਵਿਚ ਪੰਜਾਬ ਦੇ ਇਕ ਹੋਰ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਨ ਅਤੇ ਜ਼ਖ਼ਮੀ ਹੋਣ ਦੇ ਦਿ੍ਰਸ਼ ਨੂੰ ਦਿਖਾਇਆ ਗਿਆ। ਝਾਕੀ ਵਿਚ ਊਧਮ ਸਿੰਘ ਦਾ ਵੱਡੇ ਅਕਾਰ ਦਾ ਚਿੱਤਰ ਵੀ ਦਿਖਾਇਆ ਗਿਆ। ਪੰਜਾਬ ਦੇ ਕਰਤਾਰਪੁਰ ਦੇ ‘ਜੰਗ ਏ ਆਜ਼ਾਦੀ ਸਮਾਰਕ’ ਨੂੰ ਵੀ ਦਿਖਾਇਆ ਗਿਆ, ਜੋ ਖਿੱਚ ਦਾ ਕੇਂਦਰ ਵੀ ਬਣੀ। ਧਿਆਨ ਰਹੇ ਕਿ ਗਣਤੰਤਰ ਦਿਵਸ ਮੌਕੇ ਦੇਸ਼ ਦੇ ਸੂਬੇ ਆਪਣੀ ਸੰਸਕ੍ਰਿਤੀ, ਦੇਸ਼ ਲਈ ਯੋਗਦਾਨ ਅਤੇ ਹੋਰ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਝਾਕੀ ਦੇ ਮਾਧਿਅਮ ਨਾਲ ਪ੍ਰਦਰਸ਼ਤ ਕਰਦੇ ਹਨ।