ਕਿਹਾ : ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਡਰੱਗ ਟਾਸਕ ਫੋਰਸ ਬਣਾਵਾਂਗੇ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਵਿਚ ਆਉਂਦੀ 20 ਫਰਵਰੀ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਸਿਆਸੀ ਪਾਰਟੀਆਂ ਦੇ ਆਗੂ ਆਪੋ ਆਪਣੇ ਹਿਸਾਬ ਨਾਲ ਜਨਤਾ ਨਾਲ ਵਾਅਦੇ ਕਰ ਰਹੇ ਹਨ। ਇਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ’ਚ ਸੀਐਮ ਚਿਹਰਾ ਭਗਵੰਤ ਮਾਨ ਨੇ ਮੁਹਾਲੀ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਵਾਸੀ 20 ਫਰਵਰੀ ਨੂੰ ਨਵੀਂ ਇਬਾਰਤ ਲਿਖਣਗੇ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਡਰੱਗ ਟਾਸਕ ਫੋਰਸ ਬਣਾਈ ਜਾਵੇਗੀ ਅਤੇ ਪੰਜਾਬ ਪੁਲਿਸ ਨੂੰ ਫਰੀ ਹੈਂਡ ਦਿਆਂਗੇ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਐਮ.ਐਲ.ਏ. ਜਾਂ ਮੰਤਰੀ ਥਾਣੇ ਵਿਚ ਗਲਤ ਸਿਫਾਰਸ਼ ਕਰੇਗਾ ਤਾਂ ਅਸੀਂ ਉਸ ਖਿਲਾਫ ਕਾਰਵਾਈ ਵੀ ਕਰਾਂਗੇ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਪਸ ਵਿਚ ਲੜ ਰਹੀ ਹੈ, ਜਿਸ ਕਰਕੇ ਉਹ ਸੂਬੇ ਵੱਲ ਧਿਆਨ ਨਹੀਂ ਦੇ ਰਹੀ। ਕਾਂਗਰਸ ਸਰਕਾਰ ’ਤੇ ਸ਼ਬਦੀ ਹਮਲਾ ਕਰਦਿਆਂ ਭਗਵੰਤ ਨੇ ਕਿਹਾ ਕਿ ਪੰਜਾਬ ਵਿਚ ਲਗਾਤਾਰ ਚਾਰ ਡੀਜੀਪੀ ਬਦਲੇ ਗਏ, ਜਿਸ ਕਰਕੇ ਪੁਲਿਸ ਨੂੰ ਆਪਣੇ ਮੁੱਖ ਅਧਿਕਾਰੀ ਬਾਰੇ ਕੁਝ ਪਤਾ ਹੀ ਨਹੀਂ ਲੱਗ ਰਿਹਾ।