Breaking News
Home / ਭਾਰਤ / ਵਿਰੋਧੀ ਧਿਰਾਂ ਦੀ ਆਵਾਜ਼ ਦਬਾ ਰਹੀ ਹੈ ਮੋਦੀ ਸਰਕਾਰ

ਵਿਰੋਧੀ ਧਿਰਾਂ ਦੀ ਆਵਾਜ਼ ਦਬਾ ਰਹੀ ਹੈ ਮੋਦੀ ਸਰਕਾਰ

ਰਾਹੁਲ ਦੇ ਸੱਦੇ ‘ਤੇ 15 ਵਿਰੋਧੀ ਧਿਰਾਂ ਹੋਈਆਂ ਇਕੱਠੀਆਂ
ਨਵੀਂ ਦਿੱਲੀ : ਵਿਰੋਧੀ ਪਾਰਟੀਆਂ ਨੇ ਰਾਹੁਲ ਗਾਂਧੀ ਵੱਲੋਂ ਦਿੱਤੇ ਸੱਦੇ ‘ਤੇ ਪਹੁੰਚ ਕੇ ਏਕੇ ਦਾ ਪ੍ਰਗਟਾਵਾ ਕੀਤਾ ਤੇ ਕਾਂਗਰਸ ਨੇ ਇਸ ਮੀਟਿੰਗ ਨੂੰ ਇਤਿਹਾਸਕ ਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਟਰੇਲਰ ਕਰਾਰ ਦਿੱਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਸੱਦੇ ‘ਤੇ ਕਾਂਗਰਸ ਤੇ 15 ਵਿਰੋਧੀ ਪਾਰਟੀਆਂ ਦੇ ਸੌ ਤੋਂ ਵੱਧ ਆਗੂ ਇੱਥੇ ਕਾਂਸਟੀਟਿਊਸ਼ਨ ਕਲੱਬ ਨਵੀਂ ਦਿੱਲੀ ‘ਚ ਨਾਸ਼ਤੇ ‘ਤੇ ਪੁੱਜੇ।
ਰਾਹੁਲ ਗਾਂਧੀ ਨੇ ਇਸ ਮੌਕੇ ਕਿਹਾ ਕਿ ਵਿਰੋਧੀ ਧਿਰਾਂ ਦੇਸ਼ ਦੇ 60 ਵੋਟਰਾਂ ਦੀ ਨੁਮਾਇੰਦਗੀ ਕਰਦੀਆਂ ਹਨ ਪਰ ਸਰਕਾਰ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰ ਰਹੀ ਹੈ ਜਿਸ ਤਰ੍ਹਾਂ ਉਹ ਕਿਸੇ ਦੇ ਨੁਮਾਇੰਦੇ ਨਾ ਹੋਣ। ਉਨ੍ਹਾਂ ਕਿਹਾ, ‘ਜਦੋਂ ਸਰਕਾਰ ਸੰਸਦ ‘ਚ ਸਾਨੂੰ ਚੁੱਪ ਕਰਾਉਂਦੀ ਹੈ ਤਾਂ ਉਹ ਸਿਰਫ਼ ਸੰਸਦ ਮੈਂਬਰਾਂ ਨੂੰ ਹੀ ਨਹੀਂ ਦਬਾਉਂਦੀ ਬਲਕਿ ਦੇਸ਼ ਦੇ ਲੋਕਾਂ ਤੇ ਦੇਸ਼ ਦੇ ਬਹੁਮਤ ਦੀ ਆਵਾਜ਼ ਨੂੰ ਦਬਾਉਂਦੀ ਹੈ।’ ਉਨ੍ਹਾਂ ਕਿਹਾ, ‘ਤੁਹਾਨੂੰ ਸਾਰਿਆਂ ਨੂੰ ਇੱਥੇ ਸੱਦਣ ਦਾ ਮਕਸਦ ਏਕਾ ਮਜ਼ਬੂਤ ਕਰਨ ਦਾ ਹੈ। ਜਿੰਨੀ ਸਾਡੀ ਆਵਾਜ਼ ਇੱਕ ਹੋਵੇਗੀ, ਓਨੇ ਹੀ ਅਸੀਂ ਮਜ਼ਬੂਤ ਹੋਵਾਂਗੇ ਅਤੇ ਭਾਜਪਾ ਤੇ ਆਰਐੱਸਐੱਸ ਲਈ ਆਵਾਜ਼ ਦਬਾਉਣਾ ਓਨਾ ਹੀ ਮੁਸ਼ਕਿਲ ਹੋ ਜਾਵੇਗਾ।’ ਉਨ੍ਹਾਂ ਕਿਹਾ, ‘ਸਾਨੂੰ ਏਕੇ ਦੀ ਬੁਨਿਆਦ ਤੇ ਇਸ ਦਾ ਮਹੱਤਵ ਯਾਦ ਰੱਖਣਾ ਚਾਹੀਦਾ ਹੈ ਤੇ ਹੁਣ ਸਾਨੂੰ ਇਸੇ ਸਿਧਾਂਤ ‘ਤੇ ਚੱਲਣਾ ਚਾਹੀਦਾ ਹੈ।’ ਸੂਤਰਾਂ ਨੇ ਦੱਸਿਆ ਕਿ ਮੀਟਿੰਗ ‘ਚ ਕਾਂਗਰਸ, ਟੀਐੱਮਸੀ, ਐੱਨਸੀਪੀ, ਸ਼ਿਵ ਸੈਨਾ, ਡੀਐੱਮਕੇ, ਸੀਪੀਆਈ (ਐੱਮ), ਸੀਪੀਆਈ, ਆਰਜੇਡੀ ਤੇ ਸਮਾਜਵਾਦੀ ਪਾਰਟੀ ਸਮੇਤ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ‘ਚ ਜੇਐੱਮਐੱਮ, ਜੇਕੇਐੱਨਸੀ, ਆਈ ਯੂ ਐੱਮ ਐੱਲ, ਆਰ ਐਸ ਪੀ, ਕੇ ਸੀ ਐੱਮ, ਐੱਲਜੇਡੀ ਦੇ ਆਗੂ ਵੀ ਸ਼ਾਮਲ ਹੋਏ। ਇਸ ਮੀਟਿੰਗ ਲਈ 17 ਵਿਰੋਧੀ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਬਸਪਾ ਤੇ ‘ਆਪ’ ਮੀਟਿੰਗ ‘ਚ ਸ਼ਾਮਲ ਨਹੀਂ ਹੋਈ। ਮੀਟਿੰਗ ਦੌਰਾਨ ਵਿਰੋਧੀ ਧਿਰ ਦੇ ਕਈ ਆਗੂਆਂ ਨੇ ਆਪਸੀ ਵਖਰੇਵੇਂ ਦੂਰ ਕਰਕੇ ਇਕਜੁੱਟ ਹੋਣ ‘ਤੇ ਜ਼ੋਰ ਦਿੱਤਾ। ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਵਿਰੋਧੀ ਧਿਰਾਂ ਨੂੰ ਚੁੱਪ ਕਰਵਾ ਕੇ ਦੇਸ਼ ਦੇ 60 ਫੀਸਦ ਵੋਟਰਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, ‘ਅਸੀਂ ਵਿਰੋਧੀ ਧਿਰਾਂ ਇਕੱਠੀਆਂ ਹੋ ਕੇ ਕਿਸੇ ਨੂੰ ਵੀ ਆਪਣੀ ਆਵਾਜ਼ ਨਹੀਂ ਦਬਾਉਣ ਦੇਵਾਂਗੇ। ਮੀਟਿੰਗ ‘ਚ ਸੀਨੀਅਰ ਕਾਂਗਰਸ ਆਗੂ ਮਲਿਕਾਰਜੁਨ ਖੜਗੇ, ਅਧੀਰ ਰੰਜਨ ਚੌਧਰੀ, ਕੇਸੀ ਵੇਣੂਗੋਪਾਲ, ਆਨੰਦ ਸ਼ਰਮਾ ਤੇ ਪੀ ਚਿਦੰਬਰਮ ਵੀ ਹਾਜ਼ਰ ਸਨ। ਇਸ ਮੌਕੇ ਖੜਗੇ ਨੇ ਕਿਹਾ ਕਿ ਇਹ ਮੀਟਿੰਗ ਪੈਗਾਸਸ, ਕਿਸਾਨੀ ਮਸਲੇ ਤੇ ਸੰਸਦ ‘ਚ ਵਿਰੋਧੀ ਧਿਰ ਦੀ ਰਣਨੀਤੀ ਵਿਚਾਰਨ ਲਈ ਰੱਖੀ ਗਈ ਸੀ।
ਰਾਹੁਲ ਗਾਂਧੀ ਸਾਈਕਲ ਉੱਤੇ ਪਹੁੰਚੇ ਸੰਸਦ
ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਾਈਕਲਾਂ ‘ਤੇ ਸੰਸਦ ਭਵਨ ਪੁੱਜ ਕੇ ਵਧਦੀਆਂ ਤੇਲ ਕੀਮਤਾਂ ਖਿਲਾਫ ਰੋਸ ਪ੍ਰਗਟਾਇਆ। ਜਿਹੜੇ ਸੰਸਦ ਮੈਂਬਰ ਸਾਈਕਲ ਨਹੀਂ ਚਲਾ ਸਕਦੇ ਸਨ ਉਹ ਪੈਦਲ ਹੀ ਸੰਸਦ ਭਵਨ ਪੁੱਜੇ। ਵਿਰੋਧੀ ਧਿਰ ਦੇ ਮੈਂਬਰ ਤੇਲ ਕੀਮਤਾਂ ਖਿਲਾਫ ਰੋਸ ਜਤਾਉਂਦੇ ਹੋਏ ਸਾਈਕਲਾਂ ‘ਤੇ ਸੰਸਦ ਭਵਨ ਪਹੁੰਚੇ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਤੇਲ ਕੀਮਤਾਂ ਦਾ ਲੋਕਾਂ ‘ਤੇ ਬਹੁਤ ਅਸਰ ਪਿਆ ਹੈ ਅਤੇ ਜੇਕਰ ਉਹ ਸਾਈਕਲਾਂ ‘ਤੇ ਸੰਸਦ ਭਵਨ ਜਾਂਦੇ ਹਨ ਤਾਂ ਇਸ ਦਾ ਵੱਡਾ ਪ੍ਰਭਾਵ ਪਵੇਗਾ।

ਕਿਸਾਨ ਸੰਸਦ ਵਿੱਚ ਪਰਾਲੀ ਬਾਰੇ ਆਰਡੀਨੈਂਸ ‘ਤੇ ਚਰਚਾ 11 ਮਤੇ ਪਾਸ ਕੀਤੇ ਗਏ
ਨਵੀਂ ਦਿੱਲੀ : ਕਿਸਾਨ ਸੰਸਦ ਵਿੱਚ ਪਰਾਲੀ ਬਾਰੇ ਆਰਡੀਨੈਂਸ ‘ਤੇ ਚਰਚਾ ਕੀਤੀ ਗਈ। ਸੰਸਦ ਵੱਲੋਂ 11 ਮਤੇ ਪਾਸ ਕਰ ਕੇ ਇਸ ਆਰਡੀਨੈਂਸ ਦਾ ਪੜਾਅਵਾਰ ਵਿਸ਼ਲੇਸ਼ਣ ਕਰਕੇ ਕਾਨੂੰਨ ਰਾਹੀਂ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ ਦਾ ਜ਼ਿਕਰ ਕੀਤਾ ਗਿਆ। ਸੰਸਦ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਿਸਾਨ ਵਫ਼ਦ ਨਾਲ ਵਾਅਦਾ ਕਰਕੇ ਮੁੱਕਰ ਗਈ ਹੈ। ਤਿੰਨ ਸੈਸ਼ਨਾਂ ਦੇ ਸਪੀਕਰ ਕਵਲਪ੍ਰੀਤ ਸਿੰਘ ਪੰਨੂ (ਪੰਜਾਬ), ਸਾਹਿਬ ਸਿੰਘ (ਹਰਿਆਣਾ), ਹਰਜਿੰਦਰ ਸਿੰਘ ਟਾਂਡਾ (ਪੰਜਾਬ) ਅਤੇ ਡਿਪਟੀ ਸਪੀਕਰ ਦਿਲਬਾਗ ਸਿੰਘ ਹੁੱਡਾ (ਹਰਿਆਣਾ), ਫੁਰਮਾਨ ਸਿੰਘ ਸੰਧੂ (ਪੰਜਾਬ) ਅਤੇ ਪਸਿਆ ਪਦਮ (ਤੇਲੰਗਾਨਾ) ਸਨ।
ਖੇਤੀ ਕਾਨੂੰਨਾਂ ਤੇ ਪੈਗਾਸਸ ਮੁੱਦਿਆਂ ਦੀ ਸੰਸਦ ‘ਚ ਗੂੰਜ
ਵਿਰੋਧੀ ਧਿਰਾਂ ਨੇ ਕੀਤੀ ਨਾਅਰੇਬਾਜ਼ੀ
ਨਵੀਂ ਦਿੱਲੀ : ਲੋਕ ਸਭਾ ਵਿਚ ਪੈਗਾਸਸ ਜਾਸੂਸੀ ਤੇ ਖੇਤੀ ਕਾਨੂੰਨਾਂ ਦੇ ਮੁੱਦਿਆਂ ਦੀ ਗੂੰਜ ਰਹੀ। ਵਿਰੋਧੀ ਧਿਰਾਂ ਨੇ ਇਨ੍ਹਾਂ ਮੁੱਦਿਆਂ ਉਤੇ ਨਾਅਰੇਬਾਜ਼ੀ ਕੀਤੀ ਤੇ ਸਦਨ ਦੀ ਕਾਰਵਾਈ ‘ਚ ਅੜਿੱਕਾ ਪਿਆ। ਲੋਕ ਸਭਾ ਵਿਚ ਰੌਲੇ-ਰੱਪੇ ਦੌਰਾਨ ਹੀ ‘ਟ੍ਰਿਬਿਊਨਲ ਸੁਧਾਰ ਬਿੱਲ’ ਪਾਸ ਕਰ ਦਿੱਤਾ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਸਰਕਾਰ ਸਦਨ ਵਿਚ ਰੱਖੇ ਗਏ ਬਿੱਲਾਂ ਬਾਰੇ ਹਰ ਜਵਾਬ ਦੇਣ ਲਈ ਤਿਆਰ ਹੈ। ਸੀਤਾਰਾਮਨ ਨੇ ਸਦਨ ਦੀ ਕਾਰਵਾਈ ਵਿਚ ਅੜਿੱਕਾ ਪੈਣ ਉਤੇ ਵਿਰੋਧੀ ਧਿਰਾਂ ਦੀ ਨਿਖੇਧੀ ਕੀਤੀ। ਉਨ੍ਹਾਂ ਨਾਲ ਹੀ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਸਦਨ ਵਿਚ ਹੰਗਾਮਾ ਰੋਕਣ ਲਈ ਕੁਝ ਨਹੀਂ ਕੀਤਾ ਗਿਆ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ ਤੇ ਹੋਰਾਂ ਨੇ ਕਿਹਾ ਕਿ ਜਦ ਹੇਠਲੇ ਸਦਨ ਵਿਚ ਰੌਲਾ-ਰੱਪਾ ਪੈ ਰਿਹਾ ਹੋਵੇ ਤਾਂ ਇਸ ਤਰ੍ਹਾਂ ਬਿਨਾਂ ਵਿਚਾਰ-ਚਰਚਾ ਤੋਂ ਬਿੱਲ ਪਾਸ ਨਹੀਂ ਹੋਣੇ ਚਾਹੀਦੇ। ਲੋਕ ਸਭਾ ਵਿਚ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਪੈਗਾਸਸ ਮਾਮਲੇ ‘ਤੇ ਨਾਅਰੇਬਾਜ਼ੀ ਕੀਤੀ ਅਤੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਵੀ ਵਾਪਸ ਲੈਣ ਦੀ ਮੰਗ ਕੀਤੀ।

 

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …