Breaking News
Home / ਭਾਰਤ / ਕਿਸਾਨ ਸੰਸਦ ਨੂੰ ਸਮਰਥਨ ਦੇਣ ਪੁੱਜੇ ਪ੍ਰਤਾਪ ਸਿੰਘ ਬਾਜਵਾ ਅਤੇ ਦੀਪੇਂਦਰ ਹੁੱਡਾ ਸਣੇ ਹੋਰ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ

ਕਿਸਾਨ ਸੰਸਦ ਨੂੰ ਸਮਰਥਨ ਦੇਣ ਪੁੱਜੇ ਪ੍ਰਤਾਪ ਸਿੰਘ ਬਾਜਵਾ ਅਤੇ ਦੀਪੇਂਦਰ ਹੁੱਡਾ ਸਣੇ ਹੋਰ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ

ਅਸੀਂ ਪਹਿਲਾਂ ਤੋਂ ਹੀ ਕਿਸਾਨਾਂ ਦੇ ਨਾਲ : ਬਾਜਵਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਵਲੋਂ ਜੰਤਰ ਮੰਤਰ ‘ਤੇ ਜਾਰੀ ਕਿਸਾਨ ਸੰਸਦ ਦੇ 9ਵੇਂ ਦਿਨ ਕਾਂਗਰਸ ਸਮੇਤ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਕਿਸਾਨਾਂ ਦੇ ਸਮਰਥਨ ‘ਚ ਪੁੱਜੇ। ਉਨ੍ਹਾਂ ਕਿਸਾਨ ਸੰਸਦ ਦੀ ਕਾਰਵਾਈ ਨੂੰ ਸੁਣਿਆ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਖੇਤੀ ਕਾਨੂੰਨ ਰੱਦ ਕਰਨ ਦਾ ਸਮਰਥਨ ਕੀਤਾ। ਕਿਸਾਨਾਂ ਨੇ ਪਰਾਲੀ ਸਬੰਧੀ ਬਿੱਲ ‘ਤੇ ਚਰਚਾ ਕੀਤੀ ਅਤੇ ਸਾਂਝਾ ਮਤਾ ਲਿਆ ਕੇ ਇਸ ਬਿੱਲ ਨੂੰ ਸਰਬਸੰਮਤੀ ਨਾਲ ਖ਼ਾਰਜ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ 92 ਫ਼ੀਸਦੀ ਪ੍ਰਦੂਸ਼ਣ ਕਾਰਖ਼ਾਨਿਆਂ ਤੇ ਦੂਸਰੇ ਕਾਰਨਾਂ ਨਾਲ ਫੈਲਦਾ ਹੈ ਅਤੇ ਪਰਾਲੀ ਨਾਲ ਕੇਵਲ 8 ਫ਼ੀਸਦੀ ਪ੍ਰਦੂਸ਼ਣ ਹੀ ਫੈਲਦਾ ਹੈ। ਸਰਕਾਰ ਕਾਰਖ਼ਾਨਿਆਂ ‘ਤੇ ਕਾਰਵਾਈ ਕਰਨ ਦੀ ਬਜਾਏ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ‘ਚ ਲੱਗੀ ਹੈ। ਇਸ ਮੌਕੇ ਹਾਜ਼ਰ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਦੇ ਨਾਲ ਹਾਂ ਅਤੇ ਕੇਂਦਰ ਸਰਕਾਰ ਨੂੰ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਮੈਂ ਕਿਸਾਨਾਂ ਦੇ ਨਾਲ ਖੜ੍ਹਾ ਰਹਾਂਗਾ ਅਤੇ ਸੰਸਦ ਦੇ ਅੰਦਰ ਅਤੇ ਬਾਹਰ ਕਿਸਾਨਾਂ ਦੇ ਹੱਕ ‘ਚ ਆਵਾਜ਼ ਉਠਾਉਂਦਾ ਰਹਾਂਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਇਸ ਸਬੰਧੀ ਕਾਰਵਾਈ ਕਰਨੀ ਚਾਹੀਦੀ ਹੈ।
ਇਸ ਮੌਕੇ ਹਰਿਆਣਾ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਦੀਪੇਂਦਰ ਸਿੰਘ ਹੁੱਡਾ, ਬਿਹਾਰ ਤੋਂ ਪ੍ਰੋ: ਮਨੋਜ ਕੁਮਾਰ ਝਾਅ, ਗੁਜਰਾਤ ਤੋਂ ਡਾ: ਅਮੀ ਯਾਜਨਿਕ, ਛੱਤੀਸਗੜ੍ਹ ਤੋਂ ਸ੍ਰੀਮਤੀ ਛਾਇਆ ਵਰਮਾ, ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਬੇਟੇ ਜੈਅੰਤ ਚੌਧਰੀ ਆਦਿ ਹਾਜ਼ਰ ਸਨ।

 

Check Also

ਨੀਟ ਪੇਪਰ ਲੀਕ ਮਾਮਲੇ ’ਚ ਸੀਬੀਆਈ ਨੇ ਦੋ ਵਿਅਕਤੀਆਂ ਨੂੰ ਕੀਤਾ ਗਿ੍ਰਫ਼ਤਾਰ

ਮਨੀਸ਼ ਅਤੇ ਆਸ਼ੂਤੋਸ਼ ਨੇ ਹੀ ਪਟਨਾ ਦੇ ਸਕੂਲ ’ਚ ਵਿਦਿਆਰਥੀਆਂ ਨੂੰ ਦੱਸੇ ਸਨ ਉਤਰ ਨਵੀਂ …