Breaking News
Home / ਭਾਰਤ / ਕੇਜਰੀਵਾਲ ਨੇ ਦਿੱਲੀ ਦੇ ਵਿਧਾਇਕਾਂ ਦੀ ਤਨਖਾਹ 90 ਹਜ਼ਾਰ ਰੁਪਏ ਮਹੀਨਾ ਕੀਤੀ

ਕੇਜਰੀਵਾਲ ਨੇ ਦਿੱਲੀ ਦੇ ਵਿਧਾਇਕਾਂ ਦੀ ਤਨਖਾਹ 90 ਹਜ਼ਾਰ ਰੁਪਏ ਮਹੀਨਾ ਕੀਤੀ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਰਿਆ ਦਿਲੀ ਦਿਖਾਉਂਦੇ ਹੋਏ ਵਿਧਾਇਕਾਂ ਦੀਆਂ ਤਨਖਾਹਾਂ ‘ਚ ਚੋਖਾ ਵਾਧਾ ਕਰ ਦਿੱਤਾ ਹੈ। ਹੁਣ ਦਿੱਲੀ ਦੇ ਵਿਧਾਇਕਾਂ ਨੂੰ 90 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ। ਇਸ ਤੋਂ ਪਹਿਲਾਂ ਦਿੱਲੀ ਦੇ ਵਿਧਾਇਕਾਂ ਨੂੰ 53 ਹਜ਼ਾਰ ਰੁਪਏ ਮਿਲਦੇ ਸਨ ਜਿਸ ਵਿਚ 12 ਹਜ਼ਾਰ ਰੁਪਏ ਤਨਖਾਹ ਅਤੇ ਬਾਕੀ ਹੋਰ ਭੱਤੇ ਸ਼ਾਮਲ ਸਨ। ਨਵੇਂ ਵਾਧੇ ਅਨੁਸਾਰ ਹੁਣ 30 ਹਜ਼ਾਰ ਰੁਪਏ ਤਨਖਾਹ ਅਤੇ 60 ਹਜ਼ਾਰ ਰੁਪਏ ਭੱਤੇ ਵਜੋਂ ਮਿਲਣਗੇ। ਦਿੱਲੀ ਕੈਬਨਿਟ ਨੇ ਇਸ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸਾਲ 2015 ‘ਚ ਦਿੱਲੀ ਸਕਰਾਰ ਨੇ ਵਿਧਾਇਕਾਂ ਦੀ ਤਨਖਾਹ ਵਧਾਉਣ ਦਾ ਕਾਨੂੰਨ ਦਿੱਲੀ ਵਿਧਾਨ ਸਭਾ ਤੋਂ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਅਸਵੀਕਾਰ ਕਰ ਦਿੱਤਾ ਸੀ। ਉਦੋਂ ਕੇਂਦਰ ਸਰਕਾਰ ਨੇ ਵਿਧਾਇਕਾਂ ਦੀ ਤਨਖਾਹ ਅਤੇ ਭੱਤੇ ਦੇ ਮਾਮਲੇ ‘ਚ ਕੁੱਝ ਸੁਝਾਅ ਵੀ ਦਿੱਤੇ ਸਨ ਅਤੇ ਹੁਣ ਉਨ੍ਹਾਂ ਸੁਝਾਵਾਂ ਦੇ ਆਧਾਰ ‘ਤੇ ਦਿੱਲੀ ਕੈਬਨਿਟ ਨੇ ਇਸ ‘ਤੇ ਮੋਹਰ ਲਗਾ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੇ ਵਿਧਾਇਕਾਂ ਦੀ ਤਨਖਾਹ ‘ਚ ਲਗਭਗ ਪਿਛਲੇ 10 ਸਾਲਾਂ ਤੋਂ ਕੋਈ ਵਾਧਾ ਨਹੀਂ ਹੋਇਆ ਸੀ। ਦਿੱਲੀ ਕੈਬਨਿਟ ਵੱਲੋਂ ਪਾਸ ਕੀਤੇ ਗਏ ਮਤੇ ਨੂੰ ਹੁਣ ਕੇਂਦਰ ਸਰਕਾਰ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ। ਕੇਂਦਰ ਦੀ ਮਨਜ਼ੂਰੀ ਤੋਂ ਬਾਅਦ ਦਿੱਲੀ ਸਰਕਾਰ ਦੁਬਾਰਾ ਦਿੱਲੀ ਵਿਧਾਨ ਸਭਾ ‘ਚ ਬਿਲ ਲੈ ਕੇ ਆਵੇਗੀ। ਉਧਰ ਤਨਖਾਹ ‘ਚ ਵਾਧੇ ਦੇ ਮਾਮਲੇ ਨੂੰ ਲੈ ਕੇ ਦਿੱਲੀ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਅਜੇ ਵੀ ਉਨ੍ਹਾਂ ਰਾਜਾਂ ‘ਚੋਂ ਇਕ ਹੈ ਜਿੱਥੇ ਵਿਧਾਇਕਾਂ ਨੂੰ ਸਭ ਤੋਂ ਘੱਟ ਤਨਖਾਹ ਅਤੇ ਭੱਤੇ ਦਿੱਤੇ ਜਾ ਰਹੇ ਹਨ।

 

 

Check Also

ਡਬਲਿਊ ਟੀ ਸੀ ਫਾਈਨਲ ਤੇ ਚੈਂਪੀਅਨਜ਼ ਟਰਾਫੀ ’ਚ ਰੋਹਿਤ ਸ਼ਰਮਾ ਹੀ ਹੋਣਗੇ ਕਪਤਾਨ : ਜੈ ਸ਼ਾਹ

ਦੋਵੇਂ ਟੂਰਨਾਮੈਂਟ ਜਿੱਤਣ ਦਾ ਕੀਤਾ ਦਾਅਵਾ ਮੁੰਬਈ/ਬਿਊਰੋ ਨਿਊਜ਼ ਭਾਰਤੀ ਕਿ੍ਰਕਟ ਕੰਟਰੋਲ ਬੋਰਡ ਦੇ ਸਕੱਤਰ ਜੈ …