Breaking News
Home / ਭਾਰਤ / ਭਾਰਤੀ ਕ੍ਰਿਕਟ ਟੀਮ ਲਈ 125 ਕਰੋੜ ਰੁਪਏ ਇਨਾਮੀ ਰਾਸ਼ੀ ਦਾ ਐਲਾਨ

ਭਾਰਤੀ ਕ੍ਰਿਕਟ ਟੀਮ ਲਈ 125 ਕਰੋੜ ਰੁਪਏ ਇਨਾਮੀ ਰਾਸ਼ੀ ਦਾ ਐਲਾਨ

ਕੋਹਲੀ, ਰੋਹਿਤ ਤੇ ਜਡੇਜਾ ਦੇ ਸੰਨਿਆਸ ਨਾਲ ਕ੍ਰਿਕਟ ਦੇ ਇਕ ਯੁੱਗ ਦਾ ਅੰਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੇ ਟੀ-20 ਵਿਸ਼ਵ ਕੱਪ ‘ਚ ਭਾਰਤ ਦੀ ਇਤਿਹਾਸਕ ਖਿਤਾਬੀ ਜਿੱਤ ਦੀ ਸ਼ਲਾਘਾ ਕਰਦਿਆਂ ਟੀਮ ਨੂੰ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਲੋਚਕਾਂ ਨੂੰ ਚੁੱਪ ਕਰਵਾ ਦਿੱਤਾ ਹੈ। ਭਾਰਤ ਨੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਸੱਤ ਦੌੜਾਂ ਨਾਲ ਹਰਾ ਕੇ ਆਪਣਾ ਦੂਜਾ ਟੀ-20 ਵਿਸ਼ਵ ਕੱਪ ਖਿਤਾਬ ਜਿੱਤਿਆ ਹੈ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਰਵਿੰਦਰ ਜਡੇਜਾ ਵੱਲੋਂ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦੇ ਕੀਤੇ ਐਲਾਨ ਨਾਲ ਭਾਰਤੀ ਕ੍ਰਿਕਟ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਭਾਰਤੀ ਟੀਮ ਦੇ ਇਨ੍ਹਾਂ ਸਟਾਰ ਖਿਡਾਰੀਆਂ ਨੇ ਟੀ-20 ਕ੍ਰਿਕਟ ਨੂੰ ਅਲਵਿਦਾ ਆਖਣ ਦਾ ਐਲਾਨ ਸਹੀ ਸਮੇਂ ‘ਤੇ ਕੀਤਾ ਹੈ, ਜਿਸ ਨਾਲ ਭਾਰਤੀ ਟੀਮ ਮੈਨੇਜਮੈਂਟ ਨੂੰ 2026 ਵਿਚ ਭਾਰਤ ‘ਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਨੌਜਵਾਨ ਤੇ ਉਭਰਦੇ ਖਿਡਾਰੀਆਂ ਨਾਲ ਲੈਸ ਟੀਮ ਬਣਾਉਣ ਵਾਸਤੇ ਯੋਜਨਾਬੰਦੀ ਲਈ ਚੋਖਾ ਸਮਾਂ ਮਿਲ ਜਾਵੇਗਾ। ਬੀਸੀਸੀਆਈ ਦੇ ਪ੍ਰਧਾਨ ਰੌਜਰ ਬਿਨੀ ਨੇ ਕਿਹਾ, ”ਸਮਾਂ ਲੱਗੇਗਾ, ਪਰ ਅਗਲੇ ਦੋ ਤਿੰਨ ਸਾਲਾਂ ਵਿਚ ਅਸੀਂ ਇਨ੍ਹਾਂ ਸਟਾਰ ਖਿਡਾਰੀਆਂ ਤੋਂ ਬਗੈਰ ਟੀਮ ਤਿਆਰ ਕਰ ਲਵਾਂਗੇ।”
ਉਧਰ ਟੀ-20 ਵਿਸ਼ਵ ਕੱਪ ਖ਼ਤਮ ਹੋਣ ਦੇ ਨਾਲ ਹੀ ਮੁੱਖ ਕੋਚ ਰਾਹੁਲ ਦਰਾਵਿੜ ਦਾ ਬੋਰਡ ਨਾਲ ਕਰਾਰ ਖ਼ਤਮ ਹੋ ਗਿਆ ਹੈ। ਬੀਸੀਸੀਆਈ ਨੇ ਦਰਾਵਿੜ ਦੇ ਬਦਲ ਲਈ ਭਾਲ ਆਰੰਭ ਦਿੱਤੀ ਹੈ ਤੇ ਦਰਾਵਿੜ ਦਾ ਜਾਨਸ਼ੀਨ ਬਣਨ ਦੀ ਦੌੜ ਵਿਚ ਕ੍ਰਿਕਟਰ ਤੇ ਸਾਬਕਾ ਭਾਜਪਾ ਐੱਮਪੀ ਗੌਤਮ ਗੰਭੀਰ ਸਭ ਤੋਂ ਅੱਗੇ ਹੈ। ਬੀਸੀਸੀਆਈ ਪ੍ਰਧਾਨ ਰੌਜਰ ਬਿਨੀ ਨੇ ਹਾਲ ਹੀ ਵਿਚ ਗੰਭੀਰ ਦੀ ਤਾਰੀਫ਼ ਕਰਦਿਆਂ ਕਿਹਾ ਸੀ ਕਿ ਖੱਬੇ ਹੱਥ ਦੇ ਇਸ ਸਾਬਕਾ ਬੱਲੇਬਾਜ਼ ਕੋਲ ਵੱਡਾ ਤਜਰਬਾ ਹੈ ਤੇ ਜੇ ਉਹ ਕੋਚ ਬਣਦਾ ਹੈ ਤਾਂ ਇਹ ਭਾਰਤੀ ਕ੍ਰਿਕਟ ਲਈ ਚੰਗਾ ਹੋਵੇਗਾ। ਬੋਰਡ ਦੇ ਸਕੱਤਰ ਜੈ ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੋਹਿਤ ਸ਼ਰਮਾ ਦੀ ਅਗਵਾਈ ਹੇਠ ਇਸ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਇਸ ਵਿਸ਼ਵ ਕੱਪ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ। ਭਾਰਤੀ ਟੀਮ ਆਈਸੀਸੀ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਅਜਿਹਾ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਉਨ੍ਹਾਂ ਭਾਰਤ ਦੀ ਖਿਤਾਬੀ ਦੌੜ ਨੂੰ ‘ਪ੍ਰੇਰਨਾ ਸਰੋਤ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨਾਂ ਨਾਲ ਆਪਣੇ ਆਲੋਚਕਾਂ ਨੂੰ ਵਾਰ-ਵਾਰ ਚੁੱਪ ਕਰਵਾਇਆ ਹੈ ਅਤੇ ਟੀਮ ਨੇ ਇਸ ਵਾਰ ਵੀ ਅਜਿਹਾ ਹੀ ਕੀਤਾ ਹੈ। ਇਸ ਮਗਰੋਂ ਸ਼ਾਹ ਨੇ ਸੋਸ਼ਲ ਮੀਡੀਆ ‘ਤੇ ਟੀਮ ਲਈ 125 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਟੀਮ ਨਾਲ ਫੋਨ ‘ਤੇ ਗੱਲ ਕੀਤੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਕ੍ਰਿਕਟ ਟੀਮ ਦੇ ਮੈਂਬਰਾਂ ਨਾਲ ਫੋਨ ‘ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ ਜਿੱਤਣ ‘ਤੇ ਵਧਾਈ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮੋਦੀ ਨੇ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਨੂੰ ਉਸ ਦੀ ਸ਼ਾਨਦਾਰ ਕਪਤਾਨੀ ਲਈ ਵਧਾਈ ਦਿੱਤੀ ਅਤੇ ਉਸ ਦੇ ਟੀ-20 ਕਰੀਅਰ ਦੀ ਸ਼ਲਾਘਾ ਕੀਤੀ। ਉਨ੍ਹਾਂ ਫਾਈਨਲ ਮੈਚ ਵਿੱਚ ਵਿਰਾਟ ਕੋਹਲੀ ਦੀ ਪਾਰੀ ਦੀ ਵੀ ਤਾਰੀਫ਼ ਕੀਤੀ ਅਤੇ ਭਾਰਤੀ ਕ੍ਰਿਕਟ ਵਿੱਚ ਉਸ ਦੇ ਯੋਗਦਾਨ ਨੂੰ ਸਲਾਹਿਆ। ਸ਼ਰਮਾ ਅਤੇ ਕੋਹਲੀ ਦੋਵਾਂ ਨੇ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕ੍ਰਿਕਟ ਦੀ ਇਸ ਵੰਨਗੀ ਦੇ ਕੌਮਾਂਤਰੀ ਮੈਚਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਫਾਈਨਲ ਮੈਚ ਦੇ ਆਖਰੀ ਓਵਰ ਲਈ ਹਾਰਦਿਕ ਪਾਂਡਿਆ ਅਤੇ ਬਾਊਂਡਰੀ ‘ਤੇ ਡੇਵਿਡ ਮਿਲਰ ਦਾ ਕੈਚ ਲੈਣ ਲਈ ਸੂਰਿਆਕੁਮਾਰ ਯਾਦਵ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਜਸਪ੍ਰੀਤ ਬੁਮਰਾਹ ਦੇ ਯੋਗਦਾਨ ਬਾਰੇ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤੀ ਕ੍ਰਿਕਟ ਵਿੱਚ ਯੋਗਦਾਨ ਲਈ ਕੋਚ ਰਾਹੁਲ ਦ੍ਰਾਵਿੜ ਦਾ ਧੰਨਵਾਦ ਕੀਤਾ। ਮੋਦੀ ਨੇ ‘ਐਕਸ’ ‘ਤੇ ਰੋਹਿਤ ਨੂੰ ਕਿਹਾ ਕਿ ਤੁਹਾਡੀ ਸੋਚ, ਹਮਲਾਵਰ ਬੱਲੇਬਾਜ਼ੀ ਅਤੇ ਕਪਤਾਨੀ ਨੇ ਭਾਰਤੀ ਟੀਮ ਨੂੰ ਨਵੀਂ ਦਿਸ਼ਾ ਦਿੱਤੀ ਹੈ। ਤੁਹਾਡਾ ਟੀ-20 ਕਰੀਅਰ ਹਮੇਸ਼ਾ ਯਾਦ ਰਹੇਗਾ। ਤੁਹਾਡੇ ਨਾਲ ਗੱਲ ਕਰਕੇ ਖੁਸ਼ੀ ਹੋਈ। ਉਨ੍ਹਾਂ ਕਿਹਾ ਕਿ ਸਾਰੀ ਟੀਮ ਨੇ ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਲਈ ਉਹ ਵਧਾਈ ਦੀ ਹੱਕਦਾਰ ਹੈ। ਹਰਫਨਮੌਲਾ ਰਵਿੰਦਰ ਜਡੇਜਾ ਵੱਲੋਂ ਵੀ ਟੀ-20 ਕੌਮਾਂਤਰੀ ਕ੍ਰਿਕਟ ‘ਚੋਂ ਸੰਨਿਆਸ ਲੈਣ ਦੇ ਐਲਾਨ ਮਗਰੋਂ ਮੋਦੀ ਨੇ ਕ੍ਰਿਕਟ ਵਿੱਚ ਉਸ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਟੀ-20 ਕ੍ਰਿਕਟ ਕੋਹਲੀ ਦੀ ਕਮੀ ਮਹਿਸੂਸ ਕਰੇਗਾ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਹਲੀ ਨੂੰ ਕਿਹਾ, ”ਫਾਈਨਲ ਦੀ ਪਾਰੀ ਵਾਂਗ ਤੁਸੀਂ ਪੂਰੇ ਕਰੀਅਰ ਵਿੱਚ ਭਾਰਤੀ ਬੱਲੇਬਾਜ਼ੀ ਨੂੰ ਸ਼ਾਨਦਾਰ ਢੰਗ ਨਾਲ ਅੱਗੇ ਵਧਾਇਆ। ਤੁਸੀਂ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀ-20 ਕ੍ਰਿਕਟ ਤੁਹਾਡੀ ਕਮੀ ਮਹਿਸੂਸ ਕਰੇਗਾ ਪਰ ਮੈਨੂੰ ਭਰੋਸਾ ਹੈ ਕਿ ਤੁਸੀਂ ਨਵੀਂ ਪੀੜ੍ਹੀ ਦੇ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਰਹੋਗੇ।”
ਵਿਸ਼ਵ ਕੱਪ ਜੇਤੂ ਕ੍ਰਿਕਟ ਟੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਟੀਮ ਇੰਡੀਆ ਵੱਲੋਂ ਮੁੰਬਈ ‘ਚ ਕੀਤੀ ਗਈ ਵਿਕਟਰੀ ਪਰੇਡ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵੀਰਵਾਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪਹੁੰਚੀ। ਜਿੱਥੇ ਪ੍ਰਸ਼ੰਸਕਾਂ ਵੱਲੋਂ ਮੀਂਹ ਦਰਮਿਆਨ ਹੀ ਹਵਾਈ ਅੱਡੇ ‘ਤੇ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਅਤੇ ਹੋਰ ਸਟਾਫ਼ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਵਿਸ਼ਵ ਕੱਪ ਜੇਤੂ ਟੀਮ ਨੂੰ ਜੀ ਆਇਆਂ ਕਹਿਣ ਲਈ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਰੈੱਡ ਕਾਰਪੈਟ ਵਿਛਾਇਆ ਗਿਆ ਸੀ ਅਤੇ ਟੀਮ ਇੰਡੀਆ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਬ੍ਰੇਕਫਾਸਟ ਵੀ ਕੀਤਾ। ਇਸ ਤੋਂ ਬਾਅਦ ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਮੁੰਬਈ ਲਈ ਰਵਾਨਾ ਹੋ ਗਈ। ਜਿੱਥੇ ਟੀਮ ਵੱਲੋਂ ਇਕ ਖੁੱਲ੍ਹੀ ਬੱਸ ਵਿਚ ਵਿਕਟਰੀ ਪਰੇਡ ਕੀਤੀ ਗਈ। ਚੇਤੇ ਰਹੇ ਕਿ ਭਾਰਤੀ ਕ੍ਰਿਕਟ ਟੀਮ ਨੇ ਲੰਘੇ ਸ਼ਨਿੱਚਰਵਾਰ ਨੂੰ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਦੱਖਣੀ ਅਫ਼ਰੀਕਾ ਨੂੰ ਸੱਤ ਦੌੜਾਂ ਨਾਲ ਹਰਾ ਕੇ ਖਿਤਾਬੀ ਜਿੱਤ ਦਰਜ ਕੀਤੀ ਸੀ।

Check Also

ਡਬਲਿਊ ਟੀ ਸੀ ਫਾਈਨਲ ਤੇ ਚੈਂਪੀਅਨਜ਼ ਟਰਾਫੀ ’ਚ ਰੋਹਿਤ ਸ਼ਰਮਾ ਹੀ ਹੋਣਗੇ ਕਪਤਾਨ : ਜੈ ਸ਼ਾਹ

ਦੋਵੇਂ ਟੂਰਨਾਮੈਂਟ ਜਿੱਤਣ ਦਾ ਕੀਤਾ ਦਾਅਵਾ ਮੁੰਬਈ/ਬਿਊਰੋ ਨਿਊਜ਼ ਭਾਰਤੀ ਕਿ੍ਰਕਟ ਕੰਟਰੋਲ ਬੋਰਡ ਦੇ ਸਕੱਤਰ ਜੈ …