Breaking News
Home / ਭਾਰਤ / ਆਇਫਾ: ਸਰਵੋਤਮ ਅਦਾਕਾਰ ਸ਼ਾਹਰੁਖ ਤੇ ਸਰਵੋਤਮ ਅਦਾਕਾਰਾ ਰਾਣੀ ਮੁਖਰਜੀ

ਆਇਫਾ: ਸਰਵੋਤਮ ਅਦਾਕਾਰ ਸ਼ਾਹਰੁਖ ਤੇ ਸਰਵੋਤਮ ਅਦਾਕਾਰਾ ਰਾਣੀ ਮੁਖਰਜੀ

ਪੰਜਾਬੀ ਗਾਇਕ ਭੁਪਿੰਦਰ ਬੱਬਲ ਨੂੰ ਸਰਵੋਤਮ ਪਿੱਠਵਰਤੀ ਗਾਇਕ ਦਾ ਪੁਰਸਕਾਰ ਮਿਲਿਆ
ਯਾਸ ਆਈਲੈਂਡ (ਆਬੂ ਧਾਬੀ)/ਬਿਊਰੋ ਨਿਊਜ਼ : ਆਬੂ ਧਾਬੀ ਦੇ ਯਾਸ ਆਈਲੈਂਡ ਵਿਚ ਕਰਵਾਏ ਗਏ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਐਵਾਰਡਜ਼-2024 (ਆਇਫਾ) ਵਿੱਚ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਫਿਲਮ ‘ਜਵਾਨ’ ਵਿੱਚ ਬਿਹਤਰੀਨ ਅਦਾਕਾਰੀ ਲਈ ਸਰਵੋਤਮ ਅਦਾਕਾਰ ਜਦੋਂਕਿ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਨੂੰ ਬਿਹਤਰੀਨ ਫਿਲਮ ਐਵਾਰਡ ਨਾਲ ਨਵਾਜਿਆ ਗਿਆ। ਸਮਾਗਮ ਦੀ ਮੇਜ਼ਬਾਨੀ ਬੌਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ, ਅਦਾਕਾਰ ਵਿੱਕੀ ਕੌਸ਼ਲ ਤੇ ਫਿਲਮ ਨਿਰਮਾਤਾ ਕਰਨ ਜੌਹਰ ਨੇ ਕੀਤੀ। ਸਰਵੋਤਮ ਅਦਾਕਾਰਾ ਦਾ ਖਿਤਾਬ ਰਾਣੀ ਮੁਖਰਜੀ ਨੇ ਜਿੱਤਿਆ। ਉਸ ਨੂੰ ਫਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ’ ਲਈ ਇਹ ਪੁਰਸਕਾਰ ਦਿੱਤਾ ਗਿਆ।
ਪੰਜਾਬੀ ਗਾਇਕ ਭੁਪਿੰਦਰ ਬੱਬਲ ਨੂੰ ਫਿਲਮ ‘ਐਨੀਮਲ’ ਦੇ ਗੀਤ ‘ਅਰਜਨ ਵੈਲੀ’ ਲਈ ਸਰਵੋਤਮ ਪਿੱਠਵਰਤੀ ਗਾਇਕ ਦਾ ਪੁਰਸਕਾਰ ਮਿਲਿਆ। ਇਸ ਦੇ ਨਾਲ ਹੀ ਉਸ ਨੂੰ ‘ਸਤਰੰਗਾ’ ਗੀਤ ਲਈ ਬਿਹਤਰੀਨ ਗੀਤਕਾਰ ਐਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ ਫਿਲਮ ‘ਐਨੀਮਲ’ ਦੇ ਸੰਗੀਤ ਨਿਰਦੇਸ਼ਨ ਲਈ ਭੁਪਿੰਦਰ ਬੱਬਲ, ਪ੍ਰੀਤਮ, ਵਿਸ਼ਾਲ ਮਿਸ਼ਰਾ, ਮਨਨ ਭਾਰਦਵਾਜ, ਸ਼੍ਰੇਅਸ ਪੁਰਾਣਿਕ, ਜਾਨੀ, ਅਸ਼ੀਮ ਕੇਮਸਨ, ਹਰਸ਼ਵਰਧਨ ਰਾਮੇਸ਼ਵਰ ਨੂੰ ਵੀ ਐਵਾਰਡ ਦਿੱਤੇ ਗਏ। ਗਾਇਕਾ ਸ਼ਿਲਪਾ ਰਾਓ ਨੂੰ ਫਿਲਮ ‘ਜਵਾਨ’ ਦੇ ਗੀਤ ‘ਚਲਿਆ’ ਲਈ ਸਰਬੋਤਮ ਪਿੱਠਵਰਤੀ ਗਾਇਕਾ ਦਾ ਪੁਰਸਕਾਰ ਮਿਲਿਆ। ਫਿਲਮ ਨਿਰਮਾਤਾ ਵਿਧੂ ਵਿਨੋਦ ਚੋਪੜਾ ਨੂੰ ਉਸ ਦੀ ਫਿਲਮ ’12ਵੀਂ ਫੇਲ੍ਹ’ ਲਈ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ।
ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ‘ਐਨੀਮਲ’ ਲਈ ਅਦਾਕਾਰ ਅਨਿਲ ਕਪੂਰ ਨੂੰ ਸਰਵੋਤਮ ਸਹਾਇਕ ਅਦਾਕਾਰ ਅਤੇ ਬੌਬੀ ਦਿਓਲ ਨੂੰ ਸਰਬੋਤਮ ਨਕਾਰਾਤਮਕ ਭੂਮਿਕਾ ਸ਼੍ਰੇਣੀ ਵਿੱਚ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ ਸ਼ਬਾਨਾ ਆਜ਼ਮੀ ਨੂੰ ਫਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਲਈ ਸਰਵੋਤਮ ਸਹਾਇਕ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ। ਭਾਰਤੀ ਸਿਨੇਮਾ ਵਿਚ ਆਊਟਸਟੈਂਡਿੰਗ ਅਚੀਵਮੈਂਟ ਲਈ ਭਾਰਤੀ ਸਿਨੇਮਾ ਦੀ ਸਦਾਬਹਾਰ ਅਦਾਕਾਰਾ ਹੇਮਾ ਮਾਲਨੀ ਨੂੰ ਪੁਰਸਕਾਰ ਦਿੱਤਾ ਗਿਆ।
ਫਿਲਮ ‘ਜਵਾਨ’ ਦੇ ਨਿਰਮਾਣ ਦੌਰਾਨ ਮੈਂ ਔਖੇ ਦੌਰ ‘ਚੋਂ ਲੰਘਿਆ : ਸ਼ਾਹਰੁਖ
ਸ਼ਾਹਰੁਖ ਖਾਨ ਨੇ ਦੱਸਿਆ ਕਿ ਜਦੋਂ ਫਿਲਮ ‘ਜਵਾਨ’ ਦਾ ਨਿਰਮਾਣ ਚਲ ਰਿਹਾ ਸੀ ਤਾਂ ਉਹ ਤੇ ਉਸ ਦਾ ਪਰਿਵਾਰ ਔਖੇ ਦੌਰ ਵਿੱਚੋਂ ਲੰਘਿਆ ਸੀ ਪਰ ਇਸ ਸਾਲ ਦੇ ਅੰਤ ਵਿੱਚ ਸਰਵੋਤਮ ਅਦਾਕਾਰ ਦੀ ਟਰਾਫੀ ਜਿੱਤਣ ਤੋਂ ਬਾਅਦ ਉਹ ਬਹੁਤ ਖੁਸ਼ ਹੈ। ਇਸ ਤੋਂ ਪਹਿਲਾਂ ਨਿਰਦੇਸ਼ਕ ਮਨੀ ਰਤਨਮ ਤੇ ਸੰਗੀਤ ਦੇ ਜਾਦੂਗਰ ਏਆਰ ਰਹਿਮਾਨ ਨੇ ਸ਼ਾਹਰੁਖ ਖਾਨ ਨੂੰ ਸਰਵੋਤਮ ਅਦਾਕਾਰ ਦੀ ਟਰਾਫੀ ਦਿੱਤੀ। ਟਰਾਫੀ ਲੈਣ ਤੋਂ ਪਹਿਲਾਂ ਸ਼ਾਹਰੁਖ ਨੇ ਸਨਮਾਨ ਵਜੋਂ ਮਨੀ ਰਤਨਮ ਦੇ ਪੈਰਾਂ ਨੂੰ ਹੱਥ ਲਾਇਆ।

 

Check Also

ਅਰਵਿੰਦ ਕੇਜਰੀਵਾਲ ਨੇ ਸੀਐਮ ਰਿਹਾਇਸ਼ ਛੱਡੀ

ਪੰਜਾਬ ਦੇ ਕਾਰੋਬਾਰੀ ਅਤੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ ਪਹੁੰਚੇ ਕੇਜਰੀਵਾਲ ਨਵੀਂ ਦਿੱਲੀ/ਬਿਊਰੋ ਨਿਊਜ਼ …