ਵਿਧਾਇਕ ਗੋਗੀ ਨੇ ਰਵਨੀਤ ਬਿੱਟੂ ਨੂੰ ਦੱਸਿਆ ਬੱਚਾ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦਰਮਿਆਨ ਪੈਦਾ ਹੋਇਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਅਤੇ ਦੋਵੇਂ ਆਗੂ ਫਿਰ ਤੋਂ ਆਹਮੋ-ਸਾਹਮਣੇ ਆ ਗਏ ਹਨ। ਪੱਖੋਵਾਲ ਅੰਡਰਪਾਸ ਦੇ ਉਦਘਾਟਨ ਮੌਕੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵਿਧਾਇਕ ਗੋਗੀ ’ਤੇ ਤੰਜ ਕਸਿਆ। ਬਿੱਟੂ ਨੇ ਕਿਹਾ ਕਿ ਵਿਧਾਇਕ ਗੁਰਪ੍ਰੀਤ ਗੋਗੀ ਚਾਹੁੰਦੇ ਸਨ ਕਿ ਅੰਡਰਪਾਸ ਤੋਂ ਪਹਿਲੀ ਗੱਡੀ ਉਨ੍ਹਾਂ ਦੀ ਲੰਘੇ ਇਸੇ ਲਈ ਉਹ ਅੰਡਰਪਾਸ ਦੇ ਉਦਘਾਟਨ ਤੋਂ ਇਕ ਦਿਨ ਪਹਿਲਾਂ ਹੀ ਗੋਗੀ ਆਪਣੀਆਂ ਗੱਡੀਆਂ ਲੈ ਕੇ ਅੰਡਰਪਾਸ ਤੋਂ ਲੰਘ ਗਏ ਸਨ। ਬਿੱਟੂ ਦੀ ਇਸ ਟਿੱਪਣੀ ਤੋਂ ਬਾਅਦ ‘ਆਪ’ ਵਿਧਾਇਕ ਗੋਗੀ ਨੇ ਬਿੱਟੂ ਨੂੰ ਮੰਦਬੁੱਧੀ ਬੱਚਾ ਦੱਸਿਆ ਅਤੇ ਉਨ੍ਹਾਂ ਕਿਹਾ ਕਿ ਬਿੱਟੂ ਰਾਜਨੀਤੀ ਕਰਨ ਲਈ ਲੁਧਿਆਣਾ ’ਚ ਜ਼ਮੀਨ ਨਹੀਂ ਮਿਲ ਰਹੀ। ਇਸੇ ਕਾਰਨ ਹੁਣ ਸੌਂਦੇ ਅਤੇ ਜਾਗਦੇ ਹੋਏ ਹਰ ਸਮੇਂ ਬਿਟੂ ਨੂੰ ਸੁਪਨਿਆਂ ’ਚ ਗੋਗੀ ਹੀ ਦਿਖਾਈ ਦੇ ਰਿਹਾ ਹੈ। ਗੋਗੀ ਨੇ ਕਿਹਾ ਕਿ ਬਿੱਟੂ ਨੂੰ ਮੈਂਬਰ ਪਾਰਲੀਮੈਂਟ ਦਾ ਲੈਵਲ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਕਿਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੇ ਹਨ। ਗੋਗੀ ਨੇ ਕਿਹਾ ਕਿ ਸੰਸਦ ਮੈਂਬਰ ਰਵਨੀਤ ਬਿੱਟੂ ਨੀਂਦ ਵਿਚੋਂ ਉਠ ਕੇ ਮਹਾਨਗਰ ਦਾ ਚੱਕਰ ਲਗਾਉਣ ਆ ਜਾਂਦੇ ਹਨ ਇਸੇ ਲਈ ਮੈਂ ਉਨ੍ਹਾਂ ਦਾ ਨਾਂ ਕੁੰਭਕਰਨ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ’ਚ ਬਿੱਟੂ ਦੀ ਆਪਣੀ ਸਰਕਾਰ ਸੀ ਉਦੋਂ ਉਨ੍ਹਾਂ ਅੰਡਰਪਾਸ ਦਾ ਕੰਮ ਕਿਉਂ ਨਹੀਂ ਕਰਵਾਇਆ।