ਮ੍ਰਿਤਕ ਸਾਹਿਲ ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ
ਫਗਵਾੜਾ/ਬਿਊਰੋ ਨਿਊਜ਼
ਜਲੰਧਰ-ਫਗਵਾੜਾ ਮਾਰਗ ‘ਤੇ ਚਹੇੜੂ ਨੇੜੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਰਾਹਤ ਕਾਰਜਾਂ ਵਿਚ ਲੱਗੀ ਟੀਮ ਨੇ ਅੱਜ ਬਰਾਮਦ ਕਰ ਲਈਆਂ ਹਨ। ਪੁਲਿਸ ਅਧਿਕਾਰੀ ਲਖਵੀਰ ਸਿੰਘ ਨੇ ਦੱਸਿਆ ਕਿ ਕੱਲ੍ਹ ਲਾਪਤਾ ਹੋਏ ਨੌਜਵਾਨਾਂ ਸਾਹਿਲ ਅਤੇ ਲੱਕੀ ਦੀਆਂ ਲਾਸ਼ਾਂ ਪਾਣੀ ਵਿਚੋਂ ਬਰਾਮਦ ਕਰ ਲਈਆਂ ਹਨ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਜਲੰਧਰ-ਫਗਵਾੜਾ ਮੁੱਖ ਮਾਰਗ ਨੇੜੇ ਚਹੇੜੂ ਪੁਲ ਹੇਠੋਂ ਮੋਟਰਸਾਈਕਲ ‘ਤੇ ਸੜਕ ਪਾਰ ਕਰਦੇ ਸਮੇਂ ਦੋ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ ਸਨ। ਮ੍ਰਿਤਕ ਨੌਜਵਾਨ ਸਾਹਿਲ ਨਵਾਂਸ਼ਹਿਰ ਅਤੇ ਲਵਦੀਪ ਮੇਹਟੀਆਣਾ ਦਾ ਵਸਨੀਕ ਸੀ। ਸਾਹਿਲ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।

