ਕਿਹਾ : ਮੈਂ ਕਿਸਾਨ ਦਾ ਪੁੱਤਰ ਹਾਂ, ਕਿਸਾਨ ਅੰਦੋਲਨ ’ਚ ਜਾ ਕੇ ਕੁੱਝ ਗਲਤ ਨਹੀਂ ਕੀਤਾ
ਚੰਡੀਗੜ੍ਹ/ਬਿਊਰੋ ਨਿਊਜ਼ : ਲੰਘੇ ਸਾਲ 26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ਦੀ ਵੀਡੀਓ ਵਿਚ ਨਜ਼ਰ ਆਉਣ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਇਸ ਮਾਮਲੇ ਨੂੰ ਲੈ ਕੇ ਅੱਜ ਆਪਣੀ ਚੁੱਪ ਤੋੜੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੈਂ ਕਿਸਾਨ ਦਾ ਪੁੱਤਰ ਹਾਂ। ਕਿਸਾਨ ਅੰਦੋਲਨ ਸਮੇਂ ਪੰਜਾਬ ਦਾ ਹਰ ਕਿਸਾਨ ਅਤੇ ਉਸ ਦਾ ਪਰਿਵਾਰ ਦਿੱਲੀ ਅੰਦੋਲਨ ਵਿਚ ਸੀ। ਮੈਂ ਵੀ ਉਥੇ ਹੀ ਸਾਂ ਅਤੇ ਮੈਂ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰਕੇ ਕੋਈ ਗਲਤੀ ਨਹੀਂ ਕੀਤੀ। ਧਿਆਨ ਰਹੇ ਕਿ ਕੁੱਝ ਦਿਨ ਪਹਿਲਾਂ ਲਾਲਜੀਤ ਭੁੱਲਰ ਦਾ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿਚ ਉਹ ਲਾਲ ਕਿਲੇ ’ਤੇ ਹੋਈ ਹਿੰਸਾ ਮੌਕੇ ਦੀਪ ਸਿੱਧੂ ਦੇ ਨਾਲ ਨਜ਼ਰ ਆਏ ਸਨ। ਇਹ ਵੀਡੀਓ ਦੀਪ ਸਿੱਧੂ ਵੱਲੋਂ ਬਣਾਇਆ ਗਿਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀਆਂ ਨੇ ਸਵਾਲ ਚੁੱਕਿਆ ਸੀ ਕਿ ਆਮ ਆਦਮੀ ਪਾਰਟੀ ਵਾਲੇ ਦੀਪ ਸਿੱਧੂ ਨੂੰ ਰਾਸ਼ਟਰ ਵਿਰੋਧੀ ਦੱਸਦੇ ਰਹੇ ਪ੍ਰੰਤੂ ਹੁਣ ਲਾਲ ਕਿਲਾ ਹਿੰਸਾ ’ਚ ਸ਼ਮੂਲੀਅਤ ਕਰਨ ਵਾਲੇ ਮੌਜੂਦਾ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੂੰ ਆਮ ਆਦਮੀ ਪਾਰਟੀ ਵਾਲੇ ਕੀ ਕਹਿਣਗੇ।