-14.4 C
Toronto
Friday, January 30, 2026
spot_img
Homeਪੰਜਾਬਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ

‘ਆਪ’ ਨਾਲ ਗੱਠਜੋੜ ਬਾਰੇ ਫੈਸਲਾ ਵਿਚਾਰ ਚਰਚਾ ਮਗਰੋਂ : ਯਾਦਵ
ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਮਾਮਲਿਆਂ ਦੇ ਨਵੇਂ ਬਣੇ ਇੰਚਾਰਜ ਦਵਿੰਦਰ ਯਾਦਵ ਨੇ ਕਿਹਾ ਕਿ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਸਬੰਧੀ ਆਪਣੀ ਰਾਏ ਕਾਂਗਰਸ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਹਾਈ ਕਮਾਂਡ ਨੂੰ ਦੇਣਗੇ। ਉਹ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ।
ਯਾਦਵ ਨੇ ਪੰਜਾਬ ਵਿੱਚ ਗਤੀਵਿਧੀਆਂ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ।
ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ। ਇਸ ਮੌਕੇ ਕਾਂਗਰਸੀ ਆਗੂਆਂ ਨੇ ਪੰਜਾਬ ਕਾਂਗਰਸ ਵਿੱਚ ਏਕਤਾ ਹੋਣ ਦਾ ਦਾਅਵਾ ਕੀਤਾ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਦੂਰੀ ਸਪੱਸ਼ਟ ਦਿਖਾਈ ਦਿੱਤੀ। ਪੰਜਾਬ ਕਾਂਗਰਸ ਦੇ ਦੋਵਾਂ ਆਗੂਆਂ ਵਿਚਾਲੇ ਦੂਰੀ ਬਾਰੇ ਯਾਦਵ ਨੇ ਫਿਲਹਾਲ ਕੁਝ ਕਹਿਣ ਤੋਂ ਟਾਲਾ ਵੱਟਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਪਹਿਲਾ ਪੰਜਾਬ ਦੌਰਾ ਹੈ।
ਕੋਈ ਵੀ ਕਾਂਗਰਸ ਆਗੂ 10 ਹਜ਼ਾਰ ਦਾ ਇਕੱਠ ਕਰਕੇ ਦਿਖਾਵੇ: ਸਿੱਧੂ
ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਇਕਜੁੱਟ ਕਰਨ ਤੇ ਉਤਸ਼ਾਹਿਤ ਕਰਨ ਲਈ ਰੈਲੀ ਕਰਨਾ ਕੋਈ ਗਲਤ ਨਹੀਂ ਹੈ ਅਤੇ ਉਹ ਇਸ ਨੂੰ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਕਾਂਗਰਸੀ ਆਗੂ 10 ਹਜ਼ਾਰ ਵਰਕਰਾਂ ਦਾ ਇਕੱਠ ਕਰਦਾ ਹੈ ਤਾਂ ਉਹ ਉਸ ਨੂੰ ਸੀਸ ਝੁਕਾਉਣਗੇ। ਉਹ ਪੰਜਾਬ ਤੇ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਲਈ ਆਪਣੀ ਲੜਾਈ ਜਾਰੀ ਰੱਖਣਗੇ ਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਨੂੰ ਪੂਰਾ ਸਹਿਯੋਗ ਦੇਣਗੇ।

RELATED ARTICLES
POPULAR POSTS