ਮੋਹਾਲੀ ਦੇ ਹਵਾਈ ਅੱਡੇ ‘ਤੇ ਮਰੀਜ਼ਾਂ ਹੋ ਰਹੀ ਹੈ ਥਰਮਲ ਸਕਰੀਨਿੰਗ
ਮੋਹਾਲੀ/ਬਿਊਰੋ ਨਿਊਜ਼
ਚੀਨ ‘ਚ ਫੈਲਿਆ ਵਾਇਰਸ ਹੁਣ ਪੰਜਾਬ ‘ਚ ਪਹੁੰਚਣ ਦੇ ਸ਼ੱਕ ਪ੍ਰਗਟ ਕੀਤੇ ਜਾ ਰਹੇ ਹਨ। ਇਸ ਸਬੰਧੀ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਹੁਣ ਤੱਕ ਅਜਿਹੇ 16 ਮਾਮਲੇ ਸਾਹਮਣੇ ਆਏ ਹਨ, ਪਰ ਅਜਿਹੇ ਵਾਇਰਸ ਦੀ ਕੋਈ ਪੁਸ਼ਟੀ ਨਹੀਂ ਹੋਈ। ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ ਅਤੇ ਅੱਜ ਸਿਹਤ ਵਿਭਾਗ ਦੀ ਟੀਮ ਨੇ ਮੋਹਾਲੀ ਕੌਮਾਂਤਰੀ ਹਵਾਈ ਅੱਡੇ ‘ਤੇ ਸ਼ਾਰਜਾਹ ਉਡਾਣ ਰਾਹੀਂ ਆਉਣ ਵਾਲੇ ਵਿਅਕਤੀਆਂ ਦੀ ਮੈਡੀਕਲ ਜਾਂਚ ਕੀਤੀ। ਧਿਆਨ ਰਹੇ ਕਿ ਮੋਹਾਲੀ ਕੌਮਾਂਤਰੀ ਹਵਾਈ ਅੱਡੇ ‘ਤੇ ਵੀ ਥਰਮਲ ਸਕਰੀਨਿੰਗ ਕੀਤੀ ਜਾ ਰਹੀ ਤਾਂ ਕਿ ਬਾਹਰਲੇ ਦੇਸ਼ਾਂ ਤੋਂ ਹੋ ਕੇ ਭਾਰਤ ਆਏ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹਨ ਜਾਂ ਨਹੀਂ, ਇਸ ਦੀ ਪਹਿਚਾਣ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਚੀਨ ਵਿਚ ਇਹ ਵਾਇਰਸ ਵੱਡੀ ਪੱਧਰ ‘ਤੇ ਫੈਲ ਚੁੱਕਾ ਹੈ ਅਤੇ ਉਥੇ ਮਰਨ ਵਾਲਿਆਂ ਦੀ ਗਿਣਤੀ ਵੀ ਸੌ ਤੋਂ ਜ਼ਿਆਦਾ ਹੋ ਚੁੱਕੀ ਹੈ। ਇਸੇ ਦੌਰਾਨ ਕੇਂਦਰ ਸਰਕਾਰ ਨੇ ਵੀ ਚੀਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਲਿਆਉਣ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ।

