‘ਕੂਚਾ ਕੋੜਿਆਂਵਾਲਾ’ ਨੂੰ ‘ਕੁਚਾ ਕੌੜੀਆਂਵਾਲਾ’ ਲਿਖਿਆ
ਇੰਟੈਕ ਸੰਸਥਾ ਨੇ ਗ਼ਲਤੀਆਂ ਨੂੰ ਕੀਤਾ ਉਜਾਗਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਇਤਿਹਾਸਕ ਜੱਲ੍ਹਿਆਂਵਾਲਾ ਬਾਗ ਨਵ-ਨਿਰਮਾਣ ਤੋਂ ਬਾਅਦ ਲਗਾਤਾਰ ਵਿਵਾਦਾਂ ਦੇ ਘੇਰੇ ਵਿੱਚ ਹੈ। ਇੱਥੇ ਦਿੱਤੀ ਗਈ ਇਤਿਹਾਸਕ ਜਾਣਕਾਰੀ ਤੇ ਹੋਰ ਸ਼ਬਦਾਂ ਦੇ ਕੀਤੇ ਗਏ ਪੰਜਾਬੀ ਅਨੁਵਾਦ ਵਿੱਚ ਵੱਡੀਆਂ ਗਲਤੀਆਂ ਹੋਣ ਕਾਰਨ ਹੁਣ ਇਹ ਸ਼ਹੀਦੀ ਸਮਾਰਕ ਮੁੜ ਚਰਚਾ ਵਿੱਚ ਹੈ। ਇਹ ਮਾਮਲਾ ਇੰਟੈਕ ਸੰਸਥਾ ਨੇ ਧਿਆਨ ਵਿੱਚ ਲਿਆਂਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹੀਦੀ ਸਮਾਰਕ ‘ਚ ਬਣਾਈ ਗਈ ਸ਼ਹੀਦੀ ਗੈਲਰੀ ਵਿਚ ਤਸਵੀਰਾਂ ਲਾਈਆਂ ਗਈਆਂ ਹਨ ਅਤੇ ਇਤਿਹਾਸ ਲਿਖ ਕੇ ਦੱਸਿਆ ਗਿਆ ਹੈ। ਇਤਿਹਾਸਕ ਸਮੱਗਰੀ ਤਿੰਨ ਭਾਸ਼ਾਵਾਂ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ‘ਚ ਲਿਖੀ ਗਈ ਹੈ। ਵਧੇਰੇ ਥਾਵਾਂ ‘ਤੇ ਇਹ ਅਨੁਵਾਦ ਅੰਗਰੇਜ਼ੀ ਤੋਂ ਹਿੰਦੀ ਤੇ ਪੰਜਾਬੀ ਵਿਚ ਕੀਤਾ ਗਿਆ ਹੈ। ਪੰਜਾਬੀ ਭਾਸ਼ਾ ਵਿੱਚ ਕੀਤੇ ਗਏ ਅਨੁਵਾਦ ਵਿੱਚ ਸ਼ਾਮਲ ਸ਼ਬਦਾਂ ਵਿੱਚ ਵੱਡੀਆਂ ਤਰੁੱਟੀਆਂ ਹਨ। ਇੱਥੇ ਗੈਲਰੀ ਵਿੱਚ ਇਕ ਤਸਵੀਰ ‘ਕੂਚਾ ਕੋੜਿਆਂਵਾਲਾ’ ਦੀ ਲਾਈ ਗਈ ਹੈ, ਜਿੱਥੇ ਲੰਘਣ ਵਾਲੇ ਭਾਰਤੀ ਲੋਕਾਂ ਨੂੰ ਕੋੜੇ ਮਾਰੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਗੋਡਿਆਂ ਭਾਰ ਹੋ ਕੇ ਲੰਘਣ ਲਈ ਮਜਬੂਰ ਕੀਤਾ ਜਾਂਦਾ ਸੀ। ਇੱਥੇ ਪੰਜਾਬੀ ਵਿੱਚ ਕੀਤੇ ਅਨੁਵਾਦ ਵਿਚ ਕੂਚਾ ਕੋੜਿਆਂਵਾਲਾ ਨੂੰ ‘ਕੁਚਾ ਕੌੜੀਆਂਵਾਲਾ’ ਲਿਖਿਆ ਗਿਆ ਹੈ ਜਿਸ ਨੇ ਇਸ ਦਾ ਅਰਥ ਹੀ ਬਦਲ ਦਿੱਤਾ ਹੈ। ਪਹਿਲਾਂ ਇੱਥੇ ਪੰਜਾਬੀ ਵਿਚ ‘ਕੂਚਾ ਕੌਢੀਆਂ ਵਾਲਾ’ ਲਿਖਿਆ ਗਿਆ ਸੀ ਤੇ ਇਸ ਨੂੰ ਸੁਧਾਰਨ ਮਗਰੋਂ ਵੀ ਇਸ ਨੂੰ ਗਲਤ ਹੀ ਲਿਖਿਆ ਗਿਆ ਹੈ।
ਇਸੇ ਤਰ੍ਹਾਂ ਇੱਥੇ ਜੱਲ੍ਹਿਆਂਵਾਲਾ ਕਤਲੇਆਮ ਵਿੱਚੋਂ ਬਚੇ ਜਾਂ ਇਸ ਕਤਲੇਆਮ ਦੇ ਚਸ਼ਮਦੀਦਾਂ ਦੇ ਬਿਆਨ ਦਰਸਾਏ ਗਏ ਹਨ। ਇਸ ਦੇ ਸਿਰਲੇਖ ਦਾ ਪੰਜਾਬੀ ਵਿੱਚ ਅਨੁਵਾਦ ਵੀ ਗਲਤ ਕੀਤਾ ਗਿਆ। ਇੱਥੇ ਅੰਗਰੇਜ਼ੀ ‘ਚ ‘ਸਰਵਾਈਵਰਜ਼ ਅਕਾਊਂਟ’ ਲਿਖਿਆ ਹੈ ਤੇ ਇਸ ਦਾ ਪੰਜਾਬੀ ਅਨੁਵਾਦ ‘ਸੋਗ ਬਿਆਨ’ ਕੀਤਾ ਗਿਆ ਹੈ। ‘ਉਹ 13 ਅਪਰੈਲ ਦੀ ਰਾਤ’ ਦੇ ਸਿਰਲੇਖ ਹੇਠ ਰਤਨਾ ਦੇਵੀ ਦਾ ਬਿਆਨ ਦਰਸਾਇਆ ਗਿਆ ਹੈ, ਜਿਸ ‘ਚ ਉਹ ਜੱਲ੍ਹਿਆਂਵਾਲਾ ਬਾਗ ਵਿੱਚ ਵਾਪਰੀ ਘਟਨਾ ਦਾ ਜ਼ਿਕਰ ਕਰਦੀ ਹੈ। ਬਿਆਨ ਅਨੁਸਾਰ ਉਸ ਰਾਤ ਉਸ ਨੇ ਬਾਗ ਵਿਚ ਲੋਕਾਂ ਨੂੰ ਆਪਣੇ ਰਿਸ਼ਤੇਦਾਰਾਂ ਦੀ ਭਾਲ ਕਰਦਿਆਂ ਦੇਖਿਆ। ਉਹ ਪੂਰੀ ਰਾਤ ਉਥੇ ਰਹੀ।
ਦੋ ਸਤਰਾਂ ਤੋਂ ਬਾਅਦ ਹੀ ਬਾਗ਼ ਦੀ ਥਾਂ ‘ਜੰਗਲ’ ਲਿਖਿਆ ਗਿਆ ਹੈ। ਇਸੇ ਤਰ੍ਹਾਂ ਬਾਹਰ ਜਾਣ ਦੇ ਰਾਹ ਨੂੰ ਵੀ ਬਾਹਰ ‘ਜਾਨ’ ਦਾ ਰਸਤਾ ਲਿਖਿਆ ਗਿਆ ਹੈ। ਇਸੇ ਤਰ੍ਹਾਂ ਅਨੁਵਾਦ ‘ਚ ਹੋਰ ਵੀ ਕਈ ਥਾਵਾਂ ‘ਤੇ ਵੀ ਗਲਤੀਆਂ ਹਨ। ਇੰਟੈਕ ਦੇ ਸੂਬਾਈ ਆਗੂ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਇਤਿਹਾਸਕ ਜੱਲ੍ਹਿਆਂਵਾਲਾ ਬਾਗ ਯਾਦਗਾਰ ਟਰੱਸਟ ਦੇ ਮੁਖੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਟਰੱਸਟੀਆਂ ਨੂੰ ਪੱਤਰ ਭੇਜ ਕੇ ਜਾਣੂ ਕਰਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼ਹੀਦੀ ਖੂਹ ਨੂੰ ਵੀ ਮੱਥਾ ਟੇਕਣ ਵਾਲਾ ਸਥਾਨ ਬਣਾ ਦਿੱਤਾ ਗਿਆ, ਜਿੱਥੇ ਲੋਕ ਹੁਣ ਨੋਟ ਚੜ੍ਹਾ ਰਹੇ ਹਨ। ਉਨ੍ਹਾਂ ਕਿਹਾ ਕਿ ਬਿਹਤਰ ਹੁੰਦਾ ਕਿ ਇੱਥੇ ਦਾਨ ਬਕਸਾ ਰੱਖ ਦਿੱਤਾ ਜਾਂਦਾ।
ਉਨ੍ਹਾਂ ਕਿਹਾ ਕਿ ਅਜਿਹੇ ਅਨੁਵਾਦ ਲਈ ਲੱਖਾਂ ਰੁਪਏ ਦਿੱਤੇ ਗਏ ਹਨ ਪਰ ਇਨ੍ਹਾਂ ਤਰੁੱਟੀਆਂ ਕਾਰਨ ਲੋਕਾਂ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਪ੍ਰਵੇਸ਼ ਦੁਆਰ ‘ਤੇ ਲਾਈਆਂ ਗਈਆਂ ਉੱਭਰਵੀਆਂ ਮੂਰਤੀਆਂ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮੂਰਤੀਆਂ ਪੁਰਾਤਨ ਦਿੱਖ ਤੇ ਕਤਲੇਆਮ ਦੀ ਘਟਨਾ ਨਾਲ ਮੇਲ ਨਹੀਂ ਖਾਂਦੀਆਂ।
ਕੇਂਦਰੀ ਸੱਭਿਆਚਾਰਕ ਵਿਭਾਗ ਨੂੰ ਜਾਣੂ ਕਰਾਵਾਂਗੇ : ਤਰਲੋਚਨ ਸਿੰਘ
ਜੱਲ੍ਹਿਆਂਵਾਲਾ ਬਾਗ ਯਾਦਗਾਰੀ ਟਰੱਸਟ ਦੇ ਮੈਂਬਰ ਤਰਲੋਚਨ ਸਿੰਘ ਨੇ ਕਿਹਾ ਕਿ ਉਹ ਪੰਜਾਬੀ ਅਨੁਵਾਦ ਵਿੱਚ ਰਹਿ ਗਈਆਂ ਇਨ੍ਹਾਂ ਤਰੁੱਟੀਆਂ ਬਾਰੇ ਪੱਤਰ ਲਿਖ ਕੇ ਕੇਂਦਰੀ ਸੱਭਿਆਚਾਰਕ ਵਿਭਾਗ ਦੇ ਸਕੱਤਰ ਨੂੰ ਜਾਣੂ ਕਰਵਾਉਣਗੇ ਤਾਂ ਜੋ ਇਨ੍ਹਾਂ ਤਰੁੱਟੀਆਂ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਮੰਨਿਆ ਕਿ ਇਸ ਨਾਲ ਪੰਜਾਬੀ ਭਾਸ਼ਾ ਬਾਰੇ ਮਾੜਾ ਪ੍ਰਭਾਵ ਪੈ ਰਿਹਾ ਹੈ।