ਲੰਬੀ/ਬਿਊਰੋ ਨਿਊਜ਼ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਿਹਤਯਾਬ ਹੋਣ ਤੋਂ ਬਾਅਦ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣਾ ਸ਼ੁਰੂ ਕਰ ਦਿੱਤਾ ਹੈ। ਬਾਦਲ ਆਪਣੇ ਬਾਗ਼ਾਂ ਦੇ ਮੁਨੀਮ ਕ੍ਰਿਸ਼ਨ ਸ਼ਰਮਾ ਦੇ ਦੇਹਾਂਤ ਮੌਕੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਮਾਨ ਪੁੱਜੇ। 60 ਸਾਲਾ ਕ੍ਰਿਸ਼ਨ ਸ਼ਰਮਾ ਨੂੰ ਬਾਦਲ ਪਰਿਵਾਰ ਦੇ ਬਾਗ਼ ਵਿੱਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈ ਗਿਆ ਸੀ। ਬਾਦਲ ਨੇ ਮ੍ਰਿਤਕ ਦੇ ਲੜਕੇ ਚਰਨਜੀਤ ਸ਼ਰਮਾ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਰਮਾ ਨੂੰ ਵਫ਼ਾਦਾਰ ਸਾਥੀ ਦੱਸਿਆ।
ਜ਼ਿਕਰਯੋਗ ਹੈ ਕਿ ਸਿਹਤ ਠੀਕ ਨਾ ਹੋਣ ਕਾਰਨ ਪ੍ਰਕਾਸ਼ ਸਿੰਘ ਬਾਦਲ ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਰਹੇ ਸਨ। ਸਿਹਤ ਵਿੱਚ ਸੁਧਾਰ ਹੋਣ ਮਗਰੋਂ ਉਹ ਬੀਤੀ 11 ਜੁਲਾਈ ਨੂੰ ਪਿੰਡ ਬਾਦਲ ਪਰਤ ਆਏ ਸਨ। ਇਸ ਤੋਂ ਬਾਅਦ ਉਹ ਪਹਿਲੀ ਵਾਰ ਜਨਤਕ ਹੋਏ ਹਨ। ਚੰਡੀਗੜ੍ਹ ਤੋਂ ਪਰਤਣ ਮਗਰੋਂ ਸਾਬਕਾ ਮੁੱਖ ਮੰਤਰੀ ਨੇ ਇੱਕ ਵਾਰ ਹੀ ਆਪਣੇ ਖੇਤਾਂ ਦਾ ਦੌਰਾ ਕੀਤਾ ਸੀ। ਪ੍ਰਕਾਸ਼ ਸਿੰਘ ਬਾਦਲ ਜਨਤਕ ਮੁਲਾਕਾਤਾਂ ਤੋਂ ਗੁਰੇਜ਼ ਕਰ ਰਹੇ ਹਨ। ਬਾਦਲ ਪਰਿਵਾਰ ਦੀ ਨੂੰਹ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਹਲਕੇ ਵਿੱਚ ਕਈ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਬਾਦਲ ਪਰਿਵਾਰ ਕਰਾਰੀ ਹਾਰ ਉਪਰੰਤ ਨਿਰਵਿਵਾਦ ਅਤੇ ਲੋਕ ਜੁੜਾਅ ਵਾਲੇ ਨਵੇਂ ਹਾਲਾਤ ਨੂੰ ਜ਼ਮੀਨ ‘ਤੇ ਸੁਰਜੀਤ ਕਰਨ ਲਈ ਨਜ਼ਰਸ਼ਾਨੀ ਕਰ ਰਿਹਾ ਹੈ। ਇਸ ਦੇ ਨਤੀਜੇ ਅਗਲੇ ਕੁਝ ਦਿਨਾਂ ਵਿੱਚ ਬਦਲਵੇਂ ਚਿਹਰਿਆਂ ਵਜੋਂ ਸਾਹਮਣੇ ਆ ਸਕਦੇ ਹਨ।