
ਅੰਦੋਲਨ ‘ਚੋਂ ਵਾਪਸ ਪਰਤਦੇ ਸਮੇਂ ਲੁਧਿਆਣਾ ਦੇ ਨੌਜਵਾਨ ਦੀ ਵੀ ਗਈ ਜਾਨ
ਮਾਨਸਾ/ਬਿਊਰੋ ਨਿਊਜ਼
ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ ਵਿਚ ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੋਆਣਾ ਦੇ ਇਕ ਹੋਰ ਕਿਸਾਨ ਨੇ ਸ਼ਹੀਦੀ ਪਾਈ ਹੈ। ਜਾਣਕਾਰੀ ਅਨੁਸਾਰ ਬਹਾਦਰਗੜ੍ਹ ਨੇੜੇ ਧਰਨੇ ਵਿਚ ਸ਼ਾਮਿਲ ਗੁਰਜੰਟ ਸਿੰਘ ਪੁੱਤਰ ਰਾਮ ਸਿੰਘ ਅਚਾਨਕ ਬਿਮਾਰ ਹੋ ਗਿਆ ਅਤੇ ਹਸਪਤਾਲ ਵਿਚ ਉਸਦੀ ਜਾਨ ਚਲੇ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ 10 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸੇ ਦੌਰਾਨ ਦਿੱਲੀ ਸੰਘਰਸ਼ ਤੋਂ ਵਾਪਸ ਪਰਤਦੇ ਸਮੇਂ ਸੜਕ ਹਾਦਸੇ ਵਿਚ ਲੁਧਿਆਣਾ ਦੇ ਥਾਣਾ ਮਲੌਦ ਅਧੀਨ ਪੈਂਦੇ ਪਿੰਡ ਝੱਮਟ ਦੇ 35 ਸਾਲਾ ਕਿਸਾਨ ਬਲਜਿੰਦਰ ਸਿੰਘ ਦੀ ਮੌਤ ਹੋ ਗਈ। ਇਸ ਨੌਜਵਾਨ ਲਈ ਵੀ ਕਿਸਾਨ ਆਗੂਆਂ ਵਲੋਂ 10 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।