ਸਮੂਹ ਖੇਡ-ਕਲੱਬਾਂ, ਸਮਾਜਿਕ ਤੇ ਸੱਭਿਆਚਾਰਕ ਜਥੇਬੰਦੀਆਂ ਵਿਚ ਭਾਰੀ ਉਤਸ਼ਾਹ
ਬਰੈਂਪਟਨ/ਡਾ. ਝੰਡ : ਸੰਸਾਰ-ਭਰ ਵਿਚ ਕਰੋਨਾ ਮਹਾਂਮਾਰੀ ਦੇ ਫੈਲਣ ਕਾਰਨ ਦੋ ਸਾਲ ਦੇ ਲੰਮੇ ਅਰਸੇ ਬਾਅਦ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ‘ਇੰਸਪੀਰੇਸ਼ਨਲ ਸਟੈੱਪਸ-2022’ ਐਤਵਾਰ 28 ਅਗਸਤ ਨੂੰ ਕਰਵਾਈ ਜਾ ਰਹੀ ਹੈ। ਬਰੈਂਪਟਨ, ਮਿਸੀਸਾਗਾ, ਮਾਲਟਨ, ਸਕਾਰਬਰੋ ਅਤੇ ਆਸ-ਪਾਸ ਦੇ ਸ਼ਹਿਰਾਂ ਦੀਆਂ ਖੇਡ ਕਲੱਬਾਂ ਅਤੇ ਸਮਾਜਿਕ ਤੇ ਸੱਭਿਆਚਾਰਕ ਜੱਥੇਬੰਦੀਆਂ ਦੇ ਮੈਂਬਰਾਂ ਵਿਚ ਇਸ ਈਵੈਟ ਵਿਚ ਹਿੱਸਾ ਲੈਣ ਲਈ ਭਾਰੀ ਉਤਸ਼ਸ਼ਾਹ ਪਾਇਆ ਜਾ ਰਿਹਾ ਹੈ। ਬਰੈਂਪਟਨ ਦੀ ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੇ ਇਸ ਸਬੰਧੀ ਫ਼ੋਨ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕਲੱਬ ਦੇ 60 ਤੋਂ ਵਧੀਕ ਮੈਂਬਰ ਇਸ ਈਵੈਂਟ ਵਿਚ ਭਾਗ ਲੈ ਰਹੇ ਹਨ। ਉਨ੍ਹਾਂ ਨੇ ਕਲੱਬ ਦੇ ਮੈਂਬਰਾਂ ਨੂੰ ਉਸ ਦਿਨ ਕਲੱਬ ਦੀਆਂ ਲਾਲ ਟੀ-ਸ਼ਰਟਾਂ ਪਹਿਨ ਕੇ ਇਸ ਈਵੈਂਟ ਵਿਚ ਆਉਣ ਲਈ ਕਿਹਾ।
ਇਸ ਈਵੈਂਟ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੇ ਮੁੱਖ-ਸੰਚਾਲਕ ਪਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਵਾਰ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਫੁੱਲ-ਮੈਰਾਥਨ ਨਹੀਂ ਕਰਵਾਈ ਜਾ ਰਹੀ ਅਤੇ ਕੇਵਲ ਹਾਫ਼ ਮੈਰਾਥਨ, 12 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜ ਤੇ ਵਾੱਕ ਹੀ ਕਰਵਾਈਆਂ ਜਾ ਰਹੀਆਂ ਹਨ। ਇਹ ਸਾਰੀਆਂ ਦੌੜਾਂ ਡਿਕਸੀ ਗੁਰੂਘਰ ਤੋਂ ਕ੍ਰਮਵਾਰ ਸਵੇਰੇ 7 ਵਜੇ, 8 ਵਜੇ ਅਤੇ 9 ਵਜੇ ਆਰੰਭ ਹੋਣਗੀਆਂ ਅਤੇ ਇਨ੍ਹਾਂ ਦੀ ਸਮਾਪਤੀ ਵੀ ਇੱਥੇ ਹੀ ਹੋਵੇਗੀ। ਬੱਚਿਆਂ ਦੀ ਇਕ ਕਿਲੋਮੀਟਰ ਦੌੜ ਸਵੇਰੇ 10 ਵਜੇ ਕਰਵਾਈ ਜਾਏਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਪਹਿਲਾਂ ਤੋਂ ਰਜਿਸਟਰ ਹੋਏ ਦੌੜਾਕਾਂ ਤੇ ਵਾੱਕਰਾਂ ਨੂੰ ਲੰਘੇ ਸ਼ਨੀਵਾਰ 20 ਅਗਸਤ ਨੂੰ ਡਿਕਸੀ ਅਤੇ ਸਕਾਰਬਰੋ ਗੁਰੂਘਰਾਂ ਵਿਚ ਦਿੱਤੀਆਂ ਗਈਆਂ ਰੇਸ-ਕਿੱਟਾਂ ਵਿਚ ਵੀ ਪਾ ਦਿੱਤੀ ਗਈ ਹੈ। ਦੌੜਾਕਾਂ ਤੇ ਵਾੱਕਰਾਂ ਲਈ ਇਨ੍ਹਾਂ ਰੇਸ-ਕਿੱਟਾਂ ਵਿਚ ਇਲੈੱਕਟ੍ਰਾਨਿਕ ਬਿੱਬ ਨੰਬਰ, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸਨ ਦਾ ਮੈਗਜ਼ੀਨ ਅਤੇ ਇਸ ਦੌੜ ਦੇ ਰੂਟ ਦਾ ਨਕਸ਼ਾ ਸ਼ਾਮਲ ਹੈ। ਇਸ ਦੇ ਬਾਰੇ ਹੋਰ ਵਧੇਰੇ ਜਾਣਕਾਰੀ ma}&0{{scf.com ‘ਤੇ ਜਾ ਕੇ ਜਾਂ 416-564-3939 ‘ਤੇ ਫ਼ੋਨ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ : ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰਨ ਹਰਲੀਨ ਕੌਰ
ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰਨ ਹਰਲੀਨ ਕੌਰ ਸਿੱਧੂ ਨੌਜਵਾਨ ਵਰਗ ਲਈ ਰੋਲ ਮਾਡਲ ਹੈ। ਖੇਡਾਂ ਦਾ ਵਿਰਸਾ ਹਰਲੀਨ ਕੌਰ ਨੂੰ ਗੁੜ੍ਹਤੀ ‘ਚੋਂ ਮਿਲਿਆ ਹੈ। ਚਾਹੇ ਪਿਤਾ ਜਗਜੀਤ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਸਿੱਧੂ ਦੀ ਮਿਹਨਤ ਅਤੇ ਪ੍ਰੇਰਨਾ ਹੋਵੇ ਅਤੇ ਚਾਹੇ ਤਾਇਆ ਜੀ ਹਰਦੀਪ ਸਿੰਘ ਕੋਚ ਦੀ ਕਰੜੀ ਘਾਲਣਾ, ਸਭ ਨੇ ਮਿਲਜੁਲ ਕੇ ਹਰਲੀਨ ਕੌਰ ਨੂੰ ਇੱਥੇ ਪਹੁੰਚਾਇਆ ਕਿ ਅੱਜ ਉਸਦੀ ਬਾਸਕਟਬਾਲ ਖਿਡਾਰੀਆਂ ਵਿੱਚ ਵਿਸ਼ੇਸ਼ ਥਾਂ ਹੈ। ਕੈਨੇਡਾ ਵਿਚਲੀਆਂ ਸਿੱਖ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਇਸ ਬੱਚੀ ਦੇ ਪਰਿਵਾਰਕ ਪਿਛੋਕੜ ਵਿਚ ਸ਼ਾਮਿਲ ਹਨ। ਦਾਦਾ ਜੀ ਸ. ਜੋਗਿੰਦਰ ਸਿੰਘ ਸਿੱਧੂ ਖ਼ਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਵੈਨਕੂਵਰ ਦੇ ਮੁੱਖ ਸੇਵਾਦਾਰ ਅਤੇ ਗੁਰਦੁਆਰਾ ਸਿੰਘ ਸਭਾ ਸਰੀ ਦੇ ਪਹਿਲੇ ਮੁੱਖ ਸੇਵਾਦਾਰ ਅਤੇ ਬਾਨੀਆਂ ਵਿੱਚੋਂ ਇਕ ਉੱਘੀ ਸ਼ਖ਼ਸੀਅਤ ਰਹੇ ਹਨ। ਹਰਲੀਨ ਕੌਰ ਦੇ ਨਾਨਾ ਜੀ ਸਵਰਗੀ ਭਾਈ ਦਲਜੀਤ ਸਿੰਘ ਸੰਧੂ ਸਿਰਫ਼ ਖ਼ਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਦੇ ਪ੍ਰਧਾਨ ਹੀ ਨਹੀਂ ਰਹੇ, ਬਲਕਿ ਸਿੱਖ ਰਾਜਨੀਤੀ ਵਿੱਚ ਜਥੇਦਾਰ ਟੌਹੜਾ ਅਤੇ ਮਨਜੀਤ ਸਿੰਘ ਕਲਕੱਤਾ ਸਮੇਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਦੇ ਨਜ਼ਦੀਕੀ ਰਹੇ। ਇਹ ਵੀ ਖੁਸ਼ੀ ਵਾਲੀ ਗੱਲ ਹੈ ਕਿ ਹਰਲੀਨ ਕੌਰ ਅਤੇ ਉਸ ਦੀ ਜੀਵਨ ਸਾਥੀ ਮਨਜੋਤ ਸਿੰਘ ਦੂਲੇ ਮਿਲ ਕੋਚਿੰਗ ਦੀਆਂ ਸੇਵਾਵਾਂ ਨਿਭਾ ਰਹੇ ਹਨ, ਹਾਲਾਂਕਿ ਹਰਲੀਨ ਕੌਰ ਪੇਸ਼ੇ ਵੱਜੋਂ ਨਰਸ ਹੈ। ਉਸਦਾ ਡੇਢ ਸਾਲ ਦਾ ਬੱਚਾ ਏਨਾ ਹੁਸ਼ਿਆਰ ਹੈ ਕਿ ਹੁਣੇ ਹੀ ਬਾਲ ਕੋਰਟ ‘ਚ ਪਾਉਣ ਦੀ ਕਲਾ ਹਾਸਲ ਕਰ ਚੁੱਕਿਆ ਹੈ। ਮੈਨੂੰ ਨਿੱਜੀ ਤੌਰ ‘ਤੇ ਮਾਣ ਅਤੇ ਖ਼ੁਸ਼ੀ ਹੈ ਕਿ ਸਕੂਲ ਸਮੇਂ ਹਰਲੀਨ ਕੌਰ ਨੂੰ ਪੜ੍ਹਾਉਣ ਦਾ ਸੁਭਾਗ ਹਾਸਲ ਹੋਇਆ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਅਤੇ ਇਹੋ ਜਿਹੇ ਨੌਜਵਾਨ ਹੋਰਨਾਂ ਲਈ ਪ੍ਰੇਰਨਾ ਸਰੋਤ ਬਣਨ।
– ਡਾ. ਗੁਰਵਿੰਦਰ ਸਿੰਘ
Check Also
ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …