Breaking News
Home / ਕੈਨੇਡਾ / ਕਲੀਵਵਿਊ ਸੀਨੀਅਰਜ਼ ਕਲੱਬ ਦੇ ਆਮ ਇਜਲਾਸ ‘ਚ ਦਿਮਾਗੀ ਸਿਹਤ ‘ਤੇ ਲੈਕਚਰ

ਕਲੀਵਵਿਊ ਸੀਨੀਅਰਜ਼ ਕਲੱਬ ਦੇ ਆਮ ਇਜਲਾਸ ‘ਚ ਦਿਮਾਗੀ ਸਿਹਤ ‘ਤੇ ਲੈਕਚਰ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਦੇ ਬੀਤੇ ਵੀਰਵਾਰ ਹੋਏ ਆਮ ਇਜਲਾਸ ਵਿਚ ਮਨੋਵਿਗਿਆਨ ਦੇ ਮਾਹਰ ਬਲਵਿੰਦਰ ਬਰਨਾਲਾ ਵਲੋਂ ਦਿਮਾਗੀ ਸਿਹਤ ‘ਤੇ ਲੈਕਚਰ ਦਿੱਤਾ ਗਿਆ ਅਤੇ ਸਰਦੀਆਂ ਬਾਅਦ ਕਿਸ ਤਰ੍ਹਾਂ ਕਲੱਬ ਦੀ ਨਵੀਂ ਕਾਰਜਕਰਨੀ ਦੀ ਚੋਣ ਕੀਤੀ ਜਾਣੀ ਹੈ, ਬਾਰੇ ਡਾ ਬਲਜਿੰਦਰ ਸੇਖੋਂ ਨੇ ਮੈਂਬਰਾਂ ਨੂੰ ਸੰਵਿਧਾਨ ਦੀਆਂ ਧਾਰਾਵਾਂ ਮੁਤਾਬਕ ਵਿਸਥਾਰ ਵਿਚ ਦੱਸਿਆ। ਇਸ ਸਮੇਂ ਮੀਟਿੰਗ ਵਿਚ ਸਿੱਟੀ ਕੌਂਸਲ ਦੀਆਂ ਚੋਣਾਂ ਵਿਚ ਉਮੀਦਵਾਰ ਵੀ ਆਪਣੇ ਵਿਚਾਰ ਰੱਖਣ ਆਏ, ਜਿਨ੍ਹਾਂ ਵਿਚ ਮੇਅਰ ਪੈਟਰਿਕ ਬਰਾਊਨ ਸ਼ਾਮਿਲ ਸਨ।
ਮੀਟਿੰਗ ਦੀ ਕਾਰਵਾਈ ਕਲੱਬ ਦੇ ਜਨਰਲ ਸਕੱਤਰ ਤਰਲੋਚਨ ਸਿੰਘ ਬਡਵਾਲ ਨੇ ਸ਼ੁਰੂ ਕਰਦਿਆਂ ਸਾਰੇ ਆਏ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਸਭ ਦਾ ਕਲੱਬ ਦੀ ਕਾਰਜਕਰਨੀ ਨਾਲ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਮਨੋਵਿਗਿਆਨ ਦੇ ਮਾਹਰ ਬਲਵਿੰਦਰ ਬਰਨਾਲਾ ਨੇ ਮੈਂਬਰਾਂ ਨੂੰ ਵੱਡੀ ਉਮਰ ਵਿਚ ਦਿਮਾਗੀ ਸਿਹਤ ਕਿਸ ਤਰ੍ਹਾਂ ਕਾਇਮ ਰੱਖਣੀ ਹੈ, ਬਾਰੇ ਆਪਣੇ ਵਿਚਾਰ ਰੱਖੇ। ਉਨ੍ਹਾਂ ਮੈਂਬਰਾਂ ਨੂੰ ਕਲੱਬ ਦਾ ਭਰਪੂਰ ਫਾਇਦਾ ਉਠਾਉਂਦਿਆਂ, ਆਪਸੀ ਗਲਬਾਤ ਰਾਹੀਂ ਇੱਕ ਦੂਜੇ ਦੇ ਫਿਕਰ ਫਾਕੇ, ਦੁੱਖ ਸੁੱਖ ਸਾਂਝੇ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਦਿਮਾਗ ਨੂੰ ਜਿੰਨਾ ਵਰਤੋਂਗੇ, ਉਨਾਂ ਹੀ ਇਹ ਤੰਦਰੁਸਤ ਰਹੇਗਾ। ਆਪਣੇ ਆਪ ਨੂੰ ਹਰ ਉਮਰ ਵਿਚ ਸਰੀਰਕ ਅਤੇ ਮਾਨਸਿਕ ਤੌਰ ‘ਤੇ ਕਿਰਿਆਸ਼ੀਲ ਰੱਖਣ ਨਾਲ ਸਿਹਤ ਠੀਕ ਰਹਿੰਦੀ ਹੈ। ਡਾ. ਬਲਜਿੰਦਰ ਸੇਖੋਂ ਨੇ ਮੈਂਬਰਾਂ ਨੂੰ ਕਲੱਬ ਦੇ ਸੰਵਿਧਾਨ ਦੀਆਂ ਧਾਰਵਾਂ ਦਾ ਹਵਾਲਾ ਦਿੰਦੇ ਦੱਸਿਆ ਕਿ ਅਜੋਕੀ ਕਾਰਜਕਰਨੀ ਦਾ ਸਮਾਂ ਅਗਲੇ ਅਪਰੈਲ ਵਿਚ ਖਤਮ ਹੋ ਜਾਵੇਗਾ ਅਤੇ ਅਜੋਕੀ ਕਾਰਜਕਰਨੀ ਦੇ ਕਿਸੇ ਮੈਂਬਰ ਨੂੰ ਉਸ ਤੋਂ ਅਗਲੇ ਦੋ ਸਾਲਾਂ ਲਈ ਅਹੁਦੇਦਾਰਾਂ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਜਾ ਸਕਦੀ, ਸੋ ਉਸ ਸਮੇਂ ਇੱਕ ਨਵੀਂ ਕਾਰਜਕਰਨੀ ਦੀ ਚੋਣ ਕਰਨੀ ਹੋਵੇਗੀ ਜੋ ਸੰਵਿਧਾਨ ਮੁਤਾਬਿਕ ਸਰਬਸੰਮਤੀ ਨਾਲ ਚੁਣੀ ਜਾਵੇ ਤਾਂ ਚੰਗਾ ਹੈ।
ਮੈਂਬਰਾਂ ਨੇ ਕਾਰਜਕਰਨੀ ਦੇ 9 ਮੈਂਬਰ ਚੁਣਨੇ ਹਨ ਜੋ ਆਪਣੀ ਰਾਇ ਮੁਤਾਬਕ ਅਹੁਦੇਦਾਰਾਂ ਦੀ ਚੋਣ ਕਰਨਗੇ। ਮੈਂਬਰਾਂ ਵਲੋਂ ਇਸ ਬਾਰੇ ਕਾਫੀ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਤਜ਼ਵੀਜ ਕਿ ਉਸ ਵੇਲੇ ਪਹਿਲੀ ਕਾਰਜਕਰਨੀ ਵਿਚੋਂ ਕੁਝ ਮੈਂਬਰ ਸਲਾਹਕਾਰ ਲਏ ਜਾਣ, ਵੀ ਬਹਿਸ ਉਪਰੰਤ ਖਾਰਜ ਕਰ ਦਿੱਤੀ ਗਈ। ਸਰਦੀ ਦੀ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਹੋਰ ਪ੍ਰੋਗਰਾਮ ਕਰਨ ਬਾਰੇ ਵੀ ਸਭ ਨੇ ਸਹਿਮਤੀ ਦੇ ਦਿੱਤੀ।
ਇਸ ਮੀਟਿੰਗ ਵਿਚ ਅਜੋਕੇ ਮੇਅਰ ਪੈਟਰਿਕ ਬਰਾਊਨ ਤੋਂ ਇਲਾਵਾ, ਕੌਂਸਲਰ ਦੇ ਤੌਰ ‘ਤੇ ਚੋਣ ਲੜ ਰਹੀ ਨਵਜੀਤ ਕੌਰ, ਸਕੂਲ ਟਰੱਸਟੀ ਦੀ ਉਮੀਦਵਾਰ ਨਿਰਪਾਲ ਸੇਖੋਂ ਵੀ ਆਏ ਹੋਏ ਸਨ। ਸਭ ਉਮੀਦਵਾਰਾਂ ਨੇ ਉਹ ਕਿਉਂ ਵੋਟ ਦੇ ਹੱਕਦਾਰ ਹਨ ਬਾਰੇ ਅਪਣੇ ਵਿਚਾਰ ਰੱਖੇ। ਇਸ ਇਜਲਾਸ ਵਿਚ ਮੈਂਬਰਾਂ ਲਈ ਕਲੱਬ ਵਲੋਂ ਚੰਗੇ ਦੁਪਿਹਰ ਦੇ ਖਾਣੇ ਦਾ ਇੰਤਜ਼ਾਮ ਕੀਤਾ ਗਿਆ ਸੀ, ਜਿਸ ਦਾ ਸਮੇਤ ਆਏ ਮਹਿਮਾਨਾਂ ਦੇ ਸਭ ਨੇ ਆਨੰਦ ਮਾਣਿਆਂ।ਇਸ ਮੀਟਿੰਗ ਦੇ ਪ੍ਰਬੰਧ ਵਿਚ ਮਿਸਟਰ ਜੇ ਲਾਲ ਅਤੇ ਮਨਜੀਤ ਸਿੰਘ ਦਾ ਖਾਸ ਯੋਗਦਾਨ ਰਿਹਾ। ਕਲੱਬ ਬਾਰੇ ਹੋਰ ਜਾਣਕਾਰੀ ਲਈ ਤਰਲੋਚਨ ਸਿੰਘ ਬਡਵਾਲ (647 960 9841) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਨਵਜੋਤ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’

ਟੋਰਾਂਟੋ : ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ …