Breaking News
Home / ਕੈਨੇਡਾ / ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਹਾੜੇ ‘ਤੇ ਹਾਲੈਂਡ ਪਾਰਕ ਸਰੀ ‘ਚ ਰੋਸ ਮੁਜ਼ਾਹਰਾ

ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਹਾੜੇ ‘ਤੇ ਹਾਲੈਂਡ ਪਾਰਕ ਸਰੀ ‘ਚ ਰੋਸ ਮੁਜ਼ਾਹਰਾ

ਅੱਜ ਦੇ ਨਾਜ਼ੁਕ ਦੌਰ ਵਿੱਚ ਪ੍ਰੈਸ ਦੀ ਆਜ਼ਾਦੀ ਵਧੇਰੇ ਅਹਿਮ : ਮੇਅਰ ਡੱਗ ਮਕੱਲਮ
ਸੱਚ ‘ਤੇ ਪਹਿਰਾ ਦੇਣ ਵਾਲੇ ਕੈਨੇਡੀਅਨ ਅਤੇ ਵਿਸ਼ਵ ਭਰ ਦੇ ਪੱਤਰਕਾਰਾਂ ਦਾ ਸਨਮਾਨ : ਪ੍ਰਧਾਨ ਮੰਤਰੀ ਟਰੂਡੋ ਦਾ ਸੰਦੇਸ਼
ਸਰੀ/ਡਾ. ਗੁਰਵਿੰਦਰ ਸਿੰਘ : ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਹਾੜੇ ‘ਤੇ, 3 ਮਈ ਨੂੰ ਪੰਜਾਬੀ ਪ੍ਰੈੱਸ ਕਲੱਬ ਆਫ ਬੀ ਸੀ ਵੱਲੋਂ, ਸਰੀ ਦੇ ਹਾਲੈਂਡ ਪਾਰਕ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਦਾ ਮਨੋਰਥ ਪੱਤਰਕਾਰਾਂ ਦੀ ਆਜ਼ਾਦੀ ‘ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਸੀ। ਪੰਜਾਬੀ ਪ੍ਰੈੱਸ ਕਲੱਬ ਵੱਲੋਂ ਆਯੋਜਿਤ ਇਸ ਰੋਸ ਰੈਲੀ ਵਿਚ ਪੱਤਰਕਾਰਾਂ ਸਮੇਤ ਵੱਖ- ਵੱਖ ਅਦਾਰਿਆਂ ਨਾਲ ਸਬੰਧਤ ਵਿਅਕਤੀ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡੀਅਨ ਜੰਮਪਲ ਅਲੀਆ ਸਿੱਧੂ ਵੱਲੋਂ ਰਾਸ਼ਟਰੀ ਗੀਤ ‘ਓ ਕੈਨੇਡਾ’ ਨਾਲ ਕੀਤੀ ਗਈ। ਸਰੀ ਦੇ ਮੇਅਰ ਡੱਗ ਮਕੱਲਮ ਨੇ ਆਪਣੀ ਭਾਵਪੂਰਤ ਤਕਰੀਰ ਵਿਚ ਕਿਹਾ ਕਿ ਅੱਜ ਦੇ ਨਾਜ਼ੁਕ ਦੌਰ ਵਿੱਚ ਪ੍ਰੈਸ ਦੀ ਆਜ਼ਾਦੀ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ, ਕਿਉਂਕਿ ਅੱਜ ਲੋਕ ਵਿਰੋਧੀ ਤਾਕਤਾਂ ਵਿਸ਼ਵ ਭਰ ਵਿੱਚ ਭਾਰੂ ਹੋ ਰਹੀਆਂ ਹਨ, ਜਿਨਾਂ ਨੂੰ ਨੱਥ ਪਾਉਣ ਲਈ ਮੀਡੀਏ ਦੀ ਆਜ਼ਾਦੀ ਦੀ ਸਖ਼ਤ ਜ਼ਰੂਰਤ ਹੈ। ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਹਾੜੇ ‘ਤੇ ਜਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੰਦੇਸ਼ ਪੜ ਕੇ ਸੁਣਾਇਆ ਗਿਆ, ਜਿਸ ਵਿਚ ਉਨਾਂ ਕਿਹਾ ਕਿ ਸੱਚ ‘ਤੇ ਪਹਿਰਾ ਦੇਣ ਵਾਲੇ ਕੈਨੇਡੀਅਨ ਅਤੇ ਸੰਸਾਰ ਭਰ ਦੇ ਪੱਤਰਕਾਰਾਂ ਦਾ ਕੈਨੇਡਾ ਸਨਮਾਨ ਕਰਦਾ ਹੈ।
ਬ੍ਰਿਟਿਸ਼ ਕੋਲੰਬੀਆ ਫੈਡਰੇਸ਼ਨ ਲੇਬਰ ਦੀ ਜਨਰਲ ਸਕੱਤਰ ਸੁਜ਼ੈਨ ਸਕਿਡਮੋਰ ਨੇ ਜਿੱਥੇ ਕੈਨੇਡਾ ਦੇ ਪੰਜ ਲੱਖ ਮੈਂਬਰ ਕਾਮਿਆਂ ਵੱਲੋਂ ਮੀਡੀਆ ਕਰਮੀਆਂ ਦੀ ਆਜ਼ਾਦੀ ਦੇ ਹੱਕ ਦੀ ਵਕਾਲਤ ਕੀਤੀ, ਉੱਥੇ ਨਾਲ ਹੀ ਭਾਰਤ ਵਿੱਚ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ, ਮੀਡੀਆ ਵੱਲੋਂ ਉਠਾਈ ਆਵਾਜ਼ ਦੀ ਪ੍ਰਸ਼ੰਸਾ ਕੀਤੀ, ਜਿਸ ਕਾਰਨ ਸਰਕਾਰ ਨੂੰ ਆਖਰਕਾਰ ਕਾਲੇ ਕਾਨੂੰਨ ਵਾਪਸ ਲੈਣੇ ਪਏ। ਲਿਬਰਲ ਪਾਰਟੀ ਕੈਨੇਡਾ ਦੇ ਸਰੀ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਅਤੇ ਰਿਚਮੰਡ ਤੋਂ ਐਮ.ਪੀ. ਪਰਮ ਬੈਂਸ ਵੱਲੋਂ ਜਾਰੀ ਸੰਦੇਸ਼ ਵੀ ਪੜ ਕੇ ਸੁਣਾਏ ਗਏ।
ਰੋਸ ਪ੍ਰਗਟਾਵਾ ਕਰਨ ਵਾਲੇ ਬੁਲਾਰਿਆਂ ਵੱਲੋਂ ਜਿੱਥੇ ਮੌਜੂਦਾ ਸਮੇਂ ਯੂਕਰੇਨ ਵਿਚ ਪੱਤਰਕਾਰਾਂ ਦੀਆਂ ਹੋ ਰਹੀਆਂ ਹੱਤਿਆਵਾਂ ਦੀ ਨਿਖੇਧੀ ਕੀਤੀ ਗਈ, ਉਥੇ ਦੁਨੀਆਂ ਭਰ ਵਿਚ ਪੱਤਰਕਾਰਾਂ ‘ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ। ਕੈਨੇਡਾ ਵਿੱਚ ਇੱਕ ਸਦੀ ਪਹਿਲਾਂ ਜਜ਼ਬੇ ਅਤੇ ਸੇਵਾ ਦੀ ਪੱਤਰਕਾਰੀ ਦਾ ਮੁੱਢ ਬੰਨਣ ਵਾਲੇ ਪਹਿਲੇ ਪੰਜਾਬੀ ਅਖ਼ਬਾਰ ਸੁਦੇਸ਼ ਸੇਵਕ (1910) ਦੇ ਸੰਪਾਦਕ ਸ਼ਹੀਦ ਭਾਈ ਹਰਨਾਮ ਸਿੰਘ ਕਾਹਰੀ ਸਾਹਰੀ ਗ਼ਦਰੀ ਯੋਧੇ ਸਮੇਤ, ਸਮੂਹ ਸ਼ਹੀਦ ਪੱਤਰਕਾਰਾਂ ਨੂੰ ਯਾਦ ਕੀਤਾ ਗਿਆ ਅਤੇ ਪੰਜਾਬੀ ਪ੍ਰੈੱਸ ਕਲੱਬ ਦੇ ਗੁਜ਼ਰ ਚੁੱਕੇ ਪੱਤਰਕਾਰਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ।
ਭਾਰਤ ਵਿੱਚ ਮੌਜੂਦਾ ਸਮੇਂ ਪੱਤਰਕਾਰਾਂ ਦੀ ਮਾੜੀ ਹਾਲਤ ‘ਤੇ ਵਿਚਾਰ ਦਿੰਦਿਆਂ, ਜਿੱਥੇ ਵਿਸ਼ਵ ਪੱਧਰ ‘ਤੇ 189 ਦੇਸ਼ਾਂ ਦੀ ਸੂਚੀ ਵਿਚ ਭਾਰਤ ਦਾ ਸਥਾਨ 150 ‘ਤੇ ਹੇਠਾਂ ਡਿੱਗਣ ‘ਤੇ ਗਹਿਰੀ ਚਿੰਤਾ ਪ੍ਰਗਟਾਈ ਗਈ, ਉਥੇ ਭਾਰਤ ਵਿਚ ਗੌਤਮ ਨਵਲੱਖਾ ਅਤੇ ਅਨੇਕਾਂ ਹੋਰ ਪੱਤਰਕਾਰਾਂ ਨੂੰ ਜੇਲਾਂ ਵਿੱਚ ਸੁੱਟਣ, ਰਾਣਾ ਆਯੂਬ, ਆਰਿਫ਼ਾ ਖ਼ਾਨੁਮ ਸ਼ੇਰਵਾਨੀ ਅਤੇ ਆਕਾਰ ਪਟੇਲ ਵਰਗੇ ਨਾਮਵਰ ਪੱਤਰਕਾਰਾਂ ਨਾਲ ਫਾਸ਼ੀਵਾਦੀ ਸਰਕਾਰ ਵੱਲੋਂ ਧੱਕੇਸ਼ਾਹੀ ਕਰਨ, ਮੱਧ ਪ੍ਰਦੇਸ਼ ਵਿਚ ਸਰਕਾਰ ਵਿਰੋਧੀ ਪੱਤਰਕਾਰਾਂ ਨੂੰ ਨੰਗਿਆਂ ਕਰਕੇ ਜੇਲਾਂ ‘ਚ ਕੁੱਟਮਾਰ ਕਰਨ ਆਦਿ ਸਮੇਤ ਤਾਨਾਸ਼ਾਹੀ ਸਰਕਾਰੀ ਵਧੀਕੀਆਂ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ।
ਬੁਲਾਰਿਆਂ ਵਿੱਚ ਸਰੀ ਸਿਟੀ ਕੌਂਸਲਰ ਮਨਦੀਪ ਸਿੰਘ ਨਾਗਰਾ, ਪੱਤਰਕਾਰਾਂ ‘ਚੋਂ ਗੁਰਪ੍ਰੀਤ ਸਿੰਘ ਸਹੋਤਾ, ਕੁਲਦੀਪ ਸਿੰਘ, ਜਰਨੈਲ ਸਿੰਘ ਆਰਟਿਸਟ ਗੁਰਪ੍ਰੀਤ ਸਿੰਘ ਰੈਡੀਕਲ ਦੇਸੀ ਸਮੇਤ ਬੀਸੀ ਟਰੱਕਰਜ਼ ਤੋਂ ਗਗਨ ਸਿੰਘ ਨੇ ਸੰਬੋਧਨ ਕੀਤਾ। ਪੰਜਾਬੀ ਪ੍ਰੈੱਸ ਕਲੱਬ ਆਫ ਬੀ ਸੀ ਦੀ ਪ੍ਰਧਾਨ ਬੀਬੀ ਬਲਜਿੰਦਰ ਕੌਰ ਨੇ ਸਮੂਹ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ ਅਤੇ ਜਨਰਲ ਸਕੱਤਰ ਖੁਸ਼ਪਾਲ ਸਿੰਘ ਗਿੱਲ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਜ਼ਾਲਮ ਸਰਕਾਰਾਂ ਦੀਆਂ ਧੱਕੇਸ਼ਾਹੀਆਂ ਦੁਨੀਆਂ ਸਾਹਮਣੇ ਲਿਆਉਣ ਅਤੇ ਪੱਤਰਕਾਰਾਂ ਦੀ ਆਜ਼ਾਦੀ ਲਈ ਪੈਦਾ ਹੋਏ ਖ਼ਤਰਿਆਂ ‘ਤੇ ਗੰਭੀਰ ਚਿੰਤਨ ਕਰਨ ਲਈ ਆਯੋਜਿਤ ਇਹ ਰੋਸ ਮੁਜ਼ਾਹਰਾ ਡੂੰਘਾ ਪ੍ਰਭਾਵ ਛੱਡਣ ਵਿਚ ਸਫਲ ਰਿਹਾ।

 

 

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …