Breaking News
Home / ਕੈਨੇਡਾ / ਕਾਮਿਆਂ ਵਲੋਂ ਮਈ ਦਿਵਸ ਮੌਕੇ ਬਰੈਂਪਟਨ ਵਿੱਚ ਰੈਲੀ

ਕਾਮਿਆਂ ਵਲੋਂ ਮਈ ਦਿਵਸ ਮੌਕੇ ਬਰੈਂਪਟਨ ਵਿੱਚ ਰੈਲੀ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਬਰੈਂਪਟਨ ਦੇ ਕਾਮਿਆਂ ਦੀਆਂ ਜਥੇਬੰਦੀਆਂ ਵਲੋਂ ਰਲ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸਮੱਰਪਿਤ ਰੈਲੀ 1 ਮਈ ਦਿਨ ਐਤਵਾਰ ਨੂੰ ਬਰੈਂਪਟਨ ਦੇ ਸਿਟੀ ਹਾਲ ਨੇੜਲੇ ਪਾਰਕ ਵਿੱਚ ਕੀਤੀ ਗਈ। ਬਾਰਸ਼ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿਚ ਵੱਖ-ਵੱਖ ਜਥੇਬੰਦੀਆਂ ਦੇ ਕਾਮੇ ਆਏ ਜਿਨ੍ਹਾਂ ਵਿਚ ਪ੍ਰਮੁੱਖ ਅਧਿਆਪਕ ਜਥੇਬੰਦੀਆਂ ਅਤੇ ਜਸਟਿਸ ਫਾਰ ਪੀਲ ਦੇ ਮੈਂਬਰ ਸ਼ਾਮਿਲ ਸਨ। ਕਿਸੇ ਪਾਰਟੀ ਨੂੰ ਸੱਦਾ ਨਾ ਹੋਣ ਦੇ ਬਾਵਜੂਦ ਵੀ ਐਨ ਡੀ ਪੀ ਦੀ ਲੀਡਰ ਐਂਡਰੀਆ ਹਾਰਬੈਥ, ਐਮ ਪੀ ਪੀ, ਗੁਰਰਤਨ, ਸਾਰਾ ਸਿੰਘ ਅਤੇ ਬਰੈਂਪਟਨ ਦੇ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿਲੋਂ ਨੇ ਵੀ ਹਾਜ਼ਰੀ ਲਵਾਈ। ਰੈਲੀ ਨੂੰ ਬਹੁਤ ਸਾਰੇ ਬੁਲਾਰਿਆਂ ਨੇ ਸੰਬੋਧਨ ਕੀਤਾ।
ਰੈਲੀ ਦੀ ਸ਼ੁਰੂਆਤ ਮੂਲ ਨਿਵਾਸੀਆਂ ਦੀ ਨੁਮਾਇੰਦਗੀ ਕਰਦੀ ਮਹਿਲਾ ਨੇ ਕੀਤੀ, ਜੋ ਉਨ੍ਹਾਂ ਨਾਲ ਹੋਈਆਂ ਜਿਆਦਤੀਆਂ ਬਾਰੇ ਦਸਦਿਆਂ, ਕਈ ਵਾਰ ਭਾਵੁਕ ਹੋਈ। ਉਸ ਦੇ ਨਾਲ ਆਈ ਉਸ ਦੀ ਲੜਕੀ ਨੇ ਅਪਣੇ ਵਿਸ਼ਵਾਸ਼ ਅਨੁਸਾਰ ਇਸ ਸਮਾਗਮ ਸਮੇਂ ਛੋਟੀ ਪੱਧਰ ‘ਤੇ ਅੱਗ ਬਾਲ ਕੇ ਰੱਖੀ ਅਤੇ ਹੋਰਾਂ ਸਾਥੀਆਂ ਨਾਲ ਰਲ਼ ਕੇ ਅਪਣੇ ਕਬੀਲੇ ਦੇ ਗੀਤ ਗਾਏ ਅਤੇ ਨਾਚ ਪੇਸ਼ ਕੀਤਾ। ਇਸ ਤੋਂ ਬਾਅਦ ਮਾਰਚ ਕੱਢਿਆ ਗਿਆ ਜੋ ਪਾਰਕ ਤੋਂ ਰੋਜ਼ ਥੀਏਟਰ ਤੱਕ ਗਿਆ। ਥੀਏਟਰ ਦੇ ਸਾਹਮਣੇ ਵੱਡੀ ਰੈਲੀ ਕੀਤੀ ਗਈ, ਜਿਸ ਵਿਚ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ, ਜਿਨ੍ਹਾਂ ਵਿਚ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੀਆਂ ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦੇ, ਵਿਦਿਆਰਥੀਆਂ ਦੇ ਨਾਲ ਨਾਲ, ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਹਰਿੰਦਰ ਹੁੰਦਲ ਅਤੇ ਕੋਲੀਸ਼ਨ ਵਲੋਂ ਨਾਹਰ ਔਜਲਾ ਸ਼ਾਮਿਲ ਸਨ। ਬੁਲਾਰਿਆਂ ਵਲੋਂ ਮਾਰਚ ਅਤੇ ਰੈਲੀ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਮੰਗਾਂ ਵਾਰ ਵਾਰ ਉਠਾਈਆਂ, ਜਿਨ੍ਹਾਂ ਵਿੱਚ ਬਰੈਂਪਟਨ ਦੇ ਲੋਕਾਂ ਦੀ ਲੋੜ ਮੁਤਾਬਕ ਪੂਰੀ ਸਮੱਰਥਾ ‘ઑਚ ਕੰਮ ਕਰਦੇ ਤਿੰਨ ਹਸਪਤਾਲਾਂ ਲਈ ਪੂਰੇ ਫੰਡ ਮੁਹੱਈਆ ਕਰਵਾਉਣੇ, ਘੱਟੋ-ਘੱਟ ਉਜਰਤ 20 ਡਾਲਰ ਪ੍ਰਤੀ ਘੰਟਾ ਕਰਨੀ, ਆਮਦਨ ਮੁਤਾਬਕ ਰਿਹਾਇਸ਼ ਦਾ ਪ੍ਰਬੰਧ ਕਰਨਾ ਅਤੇ ਕੰਮ ਸਮੇਂ ਕਾਮਿਆਂ ਦੀ ਸੁਰੱਖਿਆ ਦਾ ਚੰਗਾ ਪ੍ਰਬੰਧ ਸ਼ਾਮਿਲ ਸਨ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਵੀ ਔਜਲਾ ਅਤੇ ਜੈਨੇਫਰ ਨੇ ਬਾਖੂਬੀ ਨਿਭਾਈ।
ਮਈ ਦਿਵਸ ਦੇ ਸ਼ਹੀਦ, ਮਜ਼ਦੂਰਾਂ ਦੇ ਹੱਕਾਂ ਦੀ ਜਦੋਜਹਿਦ ਦੇ ਇਤਿਹਾਸ ਵਿਚ ਖਾਸ ਸਥਾਨ ਰਖਦੇ ਹਨ। ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ 4 ਮਈ 1886 ਨੂੰ ਅੱਠ ਘੰਟਿਆਂ ਦੀ ਦਿਹਾੜੀ ਦੀ ਮੰਗ ਕਰਦੇ ਮਜ਼ਦੂਰਾਂ ਦੇ ਜਲਸੇ ਤੇ ਪੁਲਿਸ ਦੁਆਰਾ ਚਲਾਈਆਂ ਗੋਲੀਆਂ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋਈ ਅਤੇ ਇਸੇ ਮੌਕੇ ਚੱਲੇ ਇੱਕ ਬੰਬ ਕਾਰਨ 7 ਪੁਲਿਸ ਕਰਮਚਾਰੀ ਮਾਰੇ ਗਏ।
ਬੰਬ ਧਮਾਕੇ ਦੇ ਮੁਕੱਦਮੇ ਦੀ ਕਾਰਵਾਈ ਦੌਰਾਨ ਬੇਸ਼ੱਕ ਇਹ ਗੱਲ ਸਾਫ਼ ਹੋ ਗਈ ਸੀ ਕਿ ਦੋਸ਼ੀਆਂ ਵਿਚੋਂ ਕਿਸੇ ਨੇ ਵੀ ਬੰਬ ਨਹੀਂ ਸੁਟਿਆ, ਸਿਰਫ ਇਸ ਅਧਾਰ ‘ਤੇ ਕਿ ਉਨ੍ਹਾਂ ਵਿਚੋਂ ਇੱਕ ਨੇ ਬੰਬ ਬਣਾਇਆ ਹੋ ਸਕਦਾ ਹੈ, ਸੱਤ ਲੀਡਰਾਂ ਨੂੰ ਫ਼ਾਂਸੀ ਦੀਆਂ ਸਜ਼ਾਵਾਂ ਸੁਣਾ ਦਿਤੀਆਂ ਗਈਆਂ। ਉਨ੍ਹਾਂ ਵਿਚੋਂ ਦੋ ਨੂੰ ਗਵਰਨਰ ਵਲੋਂ ਮੁਾਅਫ਼ੀ ਦੇ ਦਿੱਤੀ ਗਈ, ਇੱਕ ਮਜ਼ਦੂਰ ਨੇ ਜੇਲ੍ਹ ਵਿਚ ਆਤਮ ਹੱਤਿਆ ਕਰ ਲਈ ਅਤੇ ਚਾਰ ਨੂੰ ਫ਼ਾਸੀ ਲਗਾ ਦਿੱਤਾ ਗਿਆ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …