Breaking News
Home / ਕੈਨੇਡਾ / ਤਰਕਸ਼ੀਲ਼ ਸੁਸਾਇਟੀ ਵਲੋਂ ਮਜ਼ਦੂਰ ਦਿਵਸ ਮਨਾਇਆ ਗਿਆ

ਤਰਕਸ਼ੀਲ਼ ਸੁਸਾਇਟੀ ਵਲੋਂ ਮਜ਼ਦੂਰ ਦਿਵਸ ਮਨਾਇਆ ਗਿਆ

ਸਰੀ : ਪਹਿਲੀ ਮਈ, 2022 ਨੂੰ ਤਰਕਸ਼ੀਲ (ਰੈਸ਼ਨੇਲਿਸਟ) ਸੁਸਾਇਟੀ ਆਫ਼ ਕੈਨੇਡਾ (ਸਰੀ) ਵਲੋਂ ਪ੍ਰੋਗਰੈਸਿਵ ਕਲਚਰਲ ਸੈਂਟਰ ਵਿੱਚ ਮਈ ਦਿਵਸ ਦੇ ਸਬੰਧ ਵਿੱਚ ਕਿਰਤੀਆਂ ਦੀ ਅੱਠ ਘੰਟੇ ਦੀ ਮੰਗ ਲਈ ਕੀਤੀ ਜਦੋਜਹਿਦ ਦੇ ਦਿਨ ਨੂੰ ਸਮਰਪਤ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਬਾਈ ਅਵਤਾਰ ਨੇ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਕਿਹਾ। ਇਸ ਮੀਟਿੰਗ ਵਿੱਚ ਜਿੱਥੇ ਕਿਰਤੀਆਂ ਦੇ ਦਿਨ ਦੀ ਮੁਬਾਰਕਬਾਦ ਸਾਂਝੀ ਕੀਤੀ ਗਈ, ਉੱਥੇ ਇਸ ਦਿਨ ਨੂੰ ਲੋਕਾਂ ਦੇ ਰੂਬਰੂ ਕਰਨ ਲਈ ਕਿਰਤੀਆਂ ਦੇ ਡੁੱਲ੍ਹੇ ਖੂਨ ਕਰਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਇਸ ਮੀਟਿੰਗ ਵਿੱਚ ਪਰਮਿੰਦਰ ਕੌਰ ਸਵੈਚ ਨੇ ਕਿਹਾ ਕਿ, ਅਲਬਰਟ ਆਰ. ਪਾਰਸਨਜ਼ ਉਹ ਸ਼ਹੀਦ ਹੈ ਜਿਸ ਨੂੰ ਹੇਅ ਮਾਰਕਿਟ ਸ਼ਿਕਾਗੋ ਵਿੱਚ ਹੋਏ ਕਤਲੇਆਮ ਦਾ ਸਾਜ਼ਸ਼ੀ ਢੰਗ ਨਾਲ ਦੋਸ਼ੀ ਬਣਾ ਕੇ ਹੋਰਨਾਂ ਚਾਰ ਸਾਥੀਆਂ ਸਮੇਤ ਫਾਂਸੀ ਦੀ ਤੇ ਤਿੰਨ ਨੂੰ ਉਮਰ ਕੈਦ ਸੁਣਾਈ ਗਈ ਸੀ। ਉਸ ਵਲੋਂ ਜੇਲ਼੍ਹ ਵਿੱਚੋਂ ਆਪਣੇ ਬੱਚਿਆਂ ਤੇ ਪਤਨੀ ਲੂਸੀ ਨੂੰ ਲਿਖੀਆਂ ਚਿੱਠੀਆਂ ਸਾਂਝੀਆਂ ਕੀਤੀਆਂ ਗਈਆਂ, ਜਿਨ੍ਹਾਂ ਦਾ ਮੂਲ ਮਕਸਦ ਸਿਰਫ਼ ਉਹ ਪਰਿਵਾਰਕ ਚਿੱਠੀਆਂ ਨਹੀਂ ਹਨ ਸਗੋਂ ਹਰ ਯੁੱਗ ਦੇ ਕਿਰਤੀਆਂ ਨੂੰ ਸੁਨੇਹਾ ਹੈ ਜੋ ਉਹਨਾਂ ਨੇ ਪਰਿਵਾਰ ਦੇ ਰੂਪ ਵਿੱਚ ਦੁਨੀਆਂ ਭਰ ਦੇ ਮਜ਼ਦੂਰਾਂ ਨੂੰ ਦਿੱਤਾ ਹੈ। ਇਸੇ ਤਰ੍ਹਾਂ ਉਹਨਾਂ ਦੇ ਦੂਸਰੇ ਸਾਥੀ ਅਡੌਲਫ ਫਿਸ਼ਰ ਦਾ ਅਦਾਲਤ ਵਿੱਚ ਦਿੱਤਾ ਗਿਆ ਬਿਆਨ ਬਾਈ ਅਵਤਾਰ ਨੇ ਸਾਰਿਆਂ ਨਾਲ ਸਾਂਝਾ ਕੀਤਾ।
ਗੁਰਮੇਲ ਗਿੱਲ ਨੇ ਵੀ ਸਮਾਜ ਵਿੱਚ ਪੂੰਜੀ ਦੀ ਕਾਣੀ ਵੰਡ ‘ਤੇ ਗੱਲ ਕੀਤੀ। ਸੁਸਾਇਟੀ ਦੇ ਨੌਜਵਾਨ ਮੈਂਬਰ ਰਾਜਵੀਰ ਨੇ ਅੱਜ ਦੀ ਟੈਕਨੋਲੋਜ਼ੀ ਦੇ ਅਧਾਰ ਤੇ ਪੂੰਜੀਵਾਦ ਕਿਵੇਂ ਆਪਣੀਆਂ ਜੜ੍ਹਾਂ ਦੁਨੀਆਂ ਭਰ ਵਿੱਚ ਫੈਲਾ ਰਿਹਾ ਹੈ ਉਸ ਬਾਰੇ ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਗੁਰਸ਼ਰਨ ਗਿੱਲ ਨੇ ਯੂਕਰੇਨ ਦੇ ਮੁੱਦੇ ‘ਤੇ ਗੱਲਬਾਤ ਕੀਤੀ। ਸੁਖਦੇਵ ਮਾਨ ਨੇ ਵੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਜੋ ਕਿਰਤੀਆਂ ਦੀ ਲੁੱਟ ਹੋ ਰਹੀ ਹੈ ਉਸ ਬਾਰੇ ਚਾਨਣਾ ਪਾਇਆ। ਬਾਕੀ ਮੈਂਬਰਾਂ ਹਰਪਾਲ ਗਰੇਵਾਲ, ਸਾਧੂ ਸਿੰਘ ਗਿੱਲ, ਮਲਕੀਤ ਸਰਾਂ, ਕੁਲਵੀਰ ਮੰਗੂਵਾਲ, ਆਰਤੀ ਹੀਰਾ, ਅਨੁਜ ਸੂਦ, ਸੁੱਖੀ ਗਰਚਾ ਤੇ ਨਿਰਮਲ ਕਿੰਗਰਾ ਨੇ ਗੱਲਬਾਤ ਵਿੱਚ ਹਿੱਸਾ ਪਾਇਆ।
ਇਸ ਮੀਟਿੰਗ ਵਿੱਚ ਤਰਕਸ਼ੀਲ ਸੁਸਾਇਟੀ ਦੇ 19 ਜੂਨ ਨੂੰ ਆ ਰਹੇ ਪ੍ਰੋਗਰਾਮ ਬਾਰੇ ਜਿਸ ਵਿੱਚ ਇੰਡੀਆ ਤੋਂ ਡਾ. ਸਾਹਿਬ ਸਿੰਘ ਆਪਣਾ ਹੀ ਲਿਖਿਆ ਨਾਟਕ ਆਪਣੀ ਹੀ ਨਿਰਦੇਸ਼ਨਾ ਹੇਠ ”ਧੰਨ ਲਿਖਾਰੀ ਨਾਨਕਾ” ਸੋਲੋ ਨਾਟਕ ਲੈ ਕੇ ਆ ਰਹੇ ਹਨ, ਉਸ ਦੀ ਤਿਆਰੀ ਦੇ ਸਬੰਧ ਵਿੱਚ ਚਰਚਾ ਕੀਤੀ ਗਈ। 8 ਮਈ ਦੀ ਨੈਸ਼ਨਲ ਕਮੇਟੀ ਦੀ ਚੋਣ ਦੇ ਸਿਲਸਿਲੇ ਵਿੱਚ ਸੁਸਾਇਟੀ ਦੇ ਮੈਂਬਰਾਂ ਤੇ ਡੈਲੀਗੇਟਾਂ ਨੂੰ ਚੁਣਿਆ ਗਿਆ ਜੋ 8 ਮਈ ਦੀ ਜ਼ੂਮ ਮੀਟਿੰਗ ਵਿੱਚ ਸ਼ਿਰਕਤ ਕਰਨਗੇ।
ਇਸ ਸਮੇਂ ਸੰਵਿਧਾਨ ਵਿੱਚ ਸੋਧਾਂ ਬਾਰੇ ਵੀ ਕਾਫ਼ੀ ਵਿਚਾਰ ਵਟਾਦਰਾਂ ਕੀਤਾ ਗਿਆ ਜੋ ਕਿ ਨੈਸ਼ਨਲ ਕਮੇਟੀ ਵਿੱਚ ਵਿਚਾਰਿਆ ਜਾਵੇਗਾ। ਇਸ ਤੋਂ ਬਾਅਦ ਪ੍ਰੋਗਰੈਸਿਵ ਸੈਂਟਰ ਵਿੱਚ ਹੀ ਕਾਮਰੇਡ ਸੇਵਾ ਸਿੰਘ ਬਿੜਿੰਗ ਨੂੰ ਸ਼ਰਧਾਂਜ਼ਲੀ ਦਿੱਤੀ ਜਾ ਰਹੀ ਸੀ ਤਾਂ ਕਾਫ਼ੀ ਮੈਂਬਰਾਂ ਨੇ ਉਸ ਸ਼ਰਧਾਂਜ਼ਲੀ ਸਮਾਰੋਹ ਵਿੱਚ ਵੀ ਹਾਜ਼ਰੀ ਲਵਾਈ। ਪਰਮਿੰਦਰ ਸਵੈਚ ਸਰੀ, 604760 4794

Check Also

‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ

ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …