ਬਰੈਂਪਟਨ : ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ, ਲੁਧਿਆਣੇ ਜ਼ਿਲ੍ਹੇ ਦੇ ਨਾਮਵਰ ਨਗਰ ਘੁਡਾਣੀ ਨਿਵਾਸੀਆਂ ਦੀ ਸਾਲਾਨਾ ਪਿਕਨਿਕ ਨਗਰ-ਨਿਵਾਸੀਆਂ ਦੇ ਸਹਿਯੋਗ ਨਾਲ਼ ਲੰਘੇ ਐਤਵਾਰ ਕੈਲੇਡਨ ਦੀ ਕਿੰਗ ਅਤੇ ਕਰੈਡਿਟ ਵਿਊ ਦੇ ਏਰੀਏ ਚਾਰਲਸ ਹੇਨਜ਼ ਮੈਮੋਰੀਅਲ ਪਾਰਕ 14190 ਕਰੈਡਿਟ ਵਿਊ ਪਾਰਕ ਵਿੱਚ ਮਨਾਈ ਗਈ। ਇਸ ਪਿਕਨਿਕ ਵਿੱਚ ਦੋਹਾਂ ਨਗਰਾਂ ਦੇ ਔਰਤਾਂ ਅਤੇ ਮਰਦਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਪਿਕਨਿਕ ਦੀ ਰਵਾਇਤ ਅਨੁਸਾਰ ਵੈਜੀਟੇਰੀਅਨ ਅਤੇ ਨਾਨ-ਵੈਜੀਟੇਰੀਅਨ ਭੋਜਨ ਦਾ ਸੁਆਦਲਾ ਭੰਡਾਰਾ ਵਰਤਾਅ ਕੇ ਪਾਰਕ ਦੀ ਰੌਣਕ ਵਿੱਚ ਘੁਡਾਣੀ ਨਗਰ ਦੀ ਮਹਿਮਾਂ ਘੋਲ਼ੀ ਗਈ। ਬੱਚਿਆਂ, ਬਜੁਰਗਾਂ, ਮਾਤਾਵਾਂ ਤੇ ਭੈਣਾਂ ਤੋਂ ਇਲਾਵਾ ਪਿੰਡ ਦੀਆਂ ਵਿਆਹੀਆਂ ਹੋਈਆਂ ਧੀਆਂ ਆਪਣੇ ਪਰਵਾਰਾਂ ਸਮੇਤ ਇਸ ਪਿਕਨਿਕ ਦਾ ਅਨੰਦ ਮਾਨਣ ਲਈ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਹਰ ਸ਼ਮੂਲੀਅਤੀ ਦੇ ਬੁੱਲ੍ਹਾਂ ‘ਤੇ ਇਹ ਚਰਚਾ ਸੀ ਕਿ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਨਗਰ ਨਿਵਾਸੀਆਂ, ਦੋਸਤਾਂ ਅਤੇ ਸਨੇਹੀਆਂ ਨਾਲ਼ ਮੇਲ-ਜੋਲ ਅਤੇ ਦੁੱਖ-ਸੁੱਖ ਸਾਂਝੇ ਕਰਨ ਲਈ ਅਜਿਹੀਆਂ ਪਿਕਨਿਕਾਂ ਅਤੇ ਹੋਰ ਸਮਾਗਮ ਅਤੀ ਜ਼ਰੂਰੀ ਹਨ। ਅਜੇਹੇ ਸਮਾਗਮਾਂ ਨਾਲ ਪਿੰਡ ਪ੍ਰਤੀ ਮੋਹ ਅਤੇ ਨਗਰ ਨਵਾਸੀਆਂ ਦੇ ਆਪਸੀ ਪਿਆਰ, ਮਿਲਵਰਤਣ ਅਤੇ ਸਦਭਾਵਨਾ ਨੂੰ ਹੁਲਾਰਾ ਮਿਲਦਾ ਹੈ। ਸਮਾਗਮ ਦੌਰਾਨ ਜਿੱਥੇ ਵੱਡਿਆਂ ਨੇ ਪਿੰਡ ਦੀਆਂ ਪੁਰਾਣੀਆਂ ਯਾਦਾਂ ਅਤੇ ਅੱਜ ਦੇ ਹਾਲਤ ਬਾਰੇ ਗੱਲਾਂ ਸਾਂਝੀਆਂ ਕੀਤੀਆਂ ਉਥੇ ਬੱਚਿਆਂ ਦੀਆਂ ਦੌੜਾਂ ਅਤੇ ਹੋਰ ਖੇਡਾਂ ਵੀ ਹੋਈਆਂ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਹਰ ਸਾਲ ਪਿਕਨਿਕ ਕਰਾਉਣ ਦਾ ਅਤੇ ਪੂਰਨ ਸਹਿਯੋਗ ਦੇਣ ਦਾ ਨਗਰ ਨਿਵਾਸੀਆਂ ਵਲੋ ਭਰੋਸਾ ਦਿਤਾ ਗਿਆ।