ਸ਼ਰਾਬ, ਪੈਟਰੋਲ, ਡੀਜ਼ਲ, ਫਲ ਤੇ ਸਬਜੀਆਂ ਸਮੇਤ ਹੋਰ ਬਹੁਤ ਕੁਝ ਹੋਇਆ ਮਹਿੰਗਾ
ਚੰਡੀਗੜ੍ਹ/ਬਿਊਰੋ ਨਿਊਜ਼
ਕੋਰੋਨਾ ਵਾਇਰਸ ਕਰਕੇ ਖਾਲੀ ਹੋਏ ਸਰਕਾਰੀ ਖਜ਼ਾਨਿਆਂ ਨੂੰ ਭਰਨ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੇ ਲੋਕਾਂ ‘ਤੇ ਬੋਝ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਹਰਿਆਣਾ ਸਰਕਾਰ ਨੇ ਕੋਰੋਨਾ ਦੀ ਮਾਰ ਤੋਂ ਬੇਹਾਲ ਆਰਥਿਕਤਾ ਨੂੰ ਸੁਧਾਰਨ ਲਈ ਕਈ ਸਖ਼ਤ ਫੈਸਲੇ ਲਏ ਹਨ। ਸੂਬੇ ਦੀ ਕੈਬਨਿਟ ਬੈਠਕ ‘ਚ ਜਨਤਾ ‘ਤੇ ਆਰਥਿਕ ਬੋਝ ਪਾਉਣ ਵਾਲੇ ਕਈ ਫੈਸਲਿਆਂ ਨੂੰ ਹਰੀ ਝੰਡੀ ਦੇ ਦਿੱਤੀ ਗਈ। ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੇ ਕਿਰਾਏ ‘ਚ ਵਾਧਾ ਕਰ ਦਿੱਤਾ ਗਿਆ ਹੈ। ਸਬਜ਼ੀ ਤੇ ਫਲ ਵੀ ਮਹਿੰਗੇ ਹੋ ਸਕਦੇ ਹਨ। ਸਰਕਾਰ ਨੇ ਸਬਜ਼ੀ ਤੇ ਫਲ ਮੰਡੀਆਂ ‘ਚ ਦੋ ਫੀਸਦ ਮਾਰਕੀਟ ਫੀਸ ਲਾ ਦਿੱਤੀ ਹੈ ਪ੍ਰੰਤੂ ਪਹਿਲਾਂ ਇਹ ਫੀਸ ਨਹੀਂ ਲੱਗਦੀ ਸੀ। ਇਸ ਤੋਂ ਇਲਾਵਾ ਸ਼ਰਾਬ, ਪੈਟਰੋਲ, ਡੀਜ਼ਲ ਆਦਿ ਸਭ ਕੁਝ ਮਹਿੰਗਾ ਹੋ ਗਿਆ ਹੈ ਜਿਸ ਨਾਲ ਆਮ ਬੰਦੇ ਦੀ ਜੇਬ ‘ਤੇ ਅਸਰ ਪਵੇਗਾ।