ਸਰਕਾਰ ਨੇ ਮੁਲਜ਼ਮ ਵਿਜੇ ਨਾਲ ਮਿਲ ਕੇ ਮੈਨੂੰ ਫਸਾਇਆ : ਨਰੇਸ਼ ਯਾਦਵ
ਸੰਗਰੂਰ : ਵਧੀਕ ਜ਼ਿਲ੍ਹਾ ਸੈਸ਼ਨ ਅਦਾਲਤ ਵਲੋਂ ਮਾਲੇਰਕੋਟਲਾ ਕੁਰਾਫ਼ ਸ਼ਰੀਫ਼ ਬੇਅਦਬੀ ਕਾਂਡ ਵਿਚ ਦਿੱਲੀ ਦੇ ਮਹਿਰੌਲੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਮਿਲਣ ਮਗਰੋਂ ਸ਼ਨੀਵਾਰ ਸ਼ਾਮ ਕਰੀਬ ਸਾਢੇ ਪੰਜ ਵਜੇ ਨਰੇਸ਼ ਯਾਦਵ ਨੂੰ ਇਥੇ ਜ਼ਿਲ੍ਹਾ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ।
ਅਦਾਲਤ ਵੱਲੋਂ 40 ਹਜ਼ਾਰ ਰੁਪਏ ਦੇ ਮੁਚੱਲਕੇ ‘ਤੇ ਨਰੇਸ਼ ਯਾਦਵ ਦੀ ਜ਼ਮਾਨਤ ਮਨਜ਼ੂਰ ਕੀਤੀ ਗਈ ਹੈ। ਕਰੀਬ ਸਾਢੇ ਨੌਂ ਵਜੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਅਮਰਜੀਤ ਸਿੰਘ ਵਿਰਕ ਦੀ ਅਦਾਲਤ ਵਿਚ ਨਰੇਸ਼ ਯਾਦਵ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਸ਼ੁਰੂ ਹੋਈ। ਯਾਦਵ ਵਲੋਂ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ, ਹਰਜੋਤ ਸਿੰਘ ਬੈਂਸ, ਹਰਪਾਲ ਸਿੰਘ ਚੀਮਾ ਅਤੇ ਗੋਬਿੰਦਰ ਮਿੱਤਲ ਪੇਸ਼ ਹੋਏ। ਕਰੀਬ 25 ਮਿੰਟ ਦੀ ਸੁਣਵਾਈ ਦੌਰਾਨ ਦੋਵੇਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਵਲੋਂ ਫੈਸਲਾ ਰਾਖਵਾਂ ਰੱਖ ਲਿਆ ਗਿਆ। ਬਾਅਦ ਦੁਪਹਿਰ ਕਰੀਬ 12.45 ਵਜੇ ਅਦਾਲਤ ਵਲੋਂ ਫੈਸਲਾ ਸੁਣਾਉਂਦਿਆਂ ਵਿਧਾਇਕ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ।
ਨਰੇਸ਼ ਯਾਦਵ ਦੇ ਜੇਲ੍ਹ ਵਿਚੋਂ ਬਾਹਰ ਆਉਣ ‘ਤੇ ‘ਆਪ’ ਵਰਕਰਾਂ ਵਲੋਂ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਾਦਵ ਨੇ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਵਿਜੇ ਕੁਮਾਰ ਨਾਲ ਮਿਲ ਕੇ ਉਸ ਨੂੰ ਸਿਆਸੀ ਰੰਜਿਸ਼ ਤਹਿਤ ਕੇਸ ਵਿਚ ਝੂਠਾ ਫਸਾਇਆ ਗਿਆ ਹੈ। ਇਸ ਮਾਮਲੇ ਵਿਚ ਉਸ ਦਾ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਰਿਮਾਂਡ ਦੌਰਾਨ ਭਾਵੇਂ ਉਸ ਨੂੰ ਬੇਹੱਦ ਤੰਗ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਅਜਿਹੇ ਅੱਤਿਆਚਾਰਾਂ ਦਾ ਬਦਲਾ ਪੰਜਾਬ ਦੇ ਲੋਕ 2017 ਦੀਆਂ ਚੋਣਾਂ ਦੌਰਾਨ ਲੈਣਗੇ। ਇਸ ਤੋਂ ਪਹਿਲਾਂ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸਰਕਾਰੀ ਪੱਖ ਅਦਾਲਤ ਵਿਚ ਨਰੇਸ਼ ਯਾਦਵ ਖ਼ਿਲਾਫ਼ ਕਿਸੇ ਕਿਸਮ ਦਾ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ। ਬਾਦਲ ਪਰਿਵਾਰ ‘ਤੇ ਸਿਆਸੀ ਹਮਲਾ ਕਰਦਿਆਂ ਸ਼ੇਰਗਿੱਲ ਨੇ ਦੋਸ਼ ਲਾਇਆ ਕਿ ਬਾਦਲ ਪਰਿਵਾਰ ਸੱਤਾ ਦੀ ਨਾਜਾਇਜ਼ ਵਰਤੋਂ ਕਰ ਰਿਹਾ ਸੀ। ਬਚਾਅ ਪੱਖ ਦੇ ਵਕੀਲ ਪੈਨਲ ਵਿਚ ਸ਼ਾਮਲ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਕੋਲ ਫੋਨ ਕਾਲ ਅਤੇ ਮੈਸੇਜ ਡਿਟੇਲ ਵਿਚ ਹੋਈ ਗੱਲਬਾਤ ਦਾ ਕੋਈ ਵੇਰਵਾ ਨਹੀਂ ਹੈ ਜਿਸ ਕਾਰਨ ਅਦਾਲਤ ਵਲੋਂ ਜ਼ਮਾਨਤ ਦਿੱਤੀ ਗਈ ਹੈ। ਕੇਸ ਦੀ ਅਗਲੀ ਸੁਣਵਾਈ ਮਾਲੇਰਕੋਟਲਾ ਅਦਾਲਤ ਵਿਚ ਹੋਵੇਗੀ। ਨਰੇਸ਼ ਯਾਦਵ ਦੀ ਜ਼ਮਾਨਤ ਸੁਨਾਮ ਹਲਕੇ ਦੇ ‘ਆਪ’ ਆਗੂ ਮਹਿੰਦਰ ਸਿੱਧੂ ਵਲੋਂ ਦਿੱਤੀ ਗਈ ਹੈ। ਨੰਬਰਦਾਰ ਤੇ ਗਵਾਹ ਵੀ ਪਿੰਡ ਸ਼ੇਰੋਂ ਨਾਲ ਸਬੰਧਿਤ ਸਨ।
Check Also
ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ
ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …