17.7 C
Toronto
Sunday, October 19, 2025
spot_img
Homeਪੰਜਾਬਪਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਦੀ ਪੋਸਟ ਨਾਲ ਇੰਟਰਨੈੱਟ...

ਪਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਦੀ ਪੋਸਟ ਨਾਲ ਇੰਟਰਨੈੱਟ ਮੀਡੀਆ ‘ਤੇ ਤਰਥੱਲੀ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਬਜ਼ੁਰਗ ਆਗੂ ਪਰਕਾਸ਼ ਸਿੰਘ ਬਾਦਲ ਦੇ ਪਿਛਲੇ ਕਰੀਬ 30 ਸਾਲ ਤੋਂ ਮੀਡੀਆ ਤੇ ਸਿਆਸੀ ਮਾਮਲਿਆਂ ਦੇ ਸਲਾਹਕਾਰ ਹਰਚਰਨ ਬੈਂਸ ਦੀ ਇਕ ਪੋਸਟ ਨੇ ਇੰਟਰਨੈੱਟ ਮੀਡੀਆ ‘ਤੇ ਤਰਥੱਲੀ ਮਚਾ ਦਿੱਤੀ ਹੈ।
ਹਾਲਾਂਕਿ ਬਾਅਦ ‘ਚ ਉਨ੍ਹਾਂ ਨੇ ਇਸ ਪੋਸਟ ‘ਤੇ ਸਪੱਸ਼ਟੀਕਰਨ ਵੀ ਦਿੱਤਾ, ਪਰ ਸਿਆਸੀ ਹਲਕਿਆਂ ‘ਚ ਬੈਂਸ ਦੀ ਇਸ ਪੋਸਟ ਦੀ ਖ਼ੂਬ ਚਰਚਾ ਹੁੰਦੀ ਰਹੀ। ਇੰਟਰਨੈੱਟ ਮੀਡੀਆ ‘ਚ ਵੀ ਲੋਕਾਂ ਨੇ ਉਨ੍ਹਾਂ ਦੀ ਇਸ ਪੋਸਟ ‘ਤੇ ਜੰਮ ਕੇ ਲਿਖਿਆ। ਬੈਂਸ ਜੋ ਪਰਕਾਸ਼ ਸਿੰਘ ਬਾਦਲ ਦੇ ਕਰੀਬੀਆਂ ‘ਚ ਮੰਨੇ ਜਾਂਦੇ ਹਨ, ਉਨ੍ਹਾਂ ਤੋਂ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਪੋਸਟ ਦੀ ਉਮੀਦ ਨਹੀਂ ਸੀ, ਇਸ ਲਈ ਉਹ ਚਰਚਾ ਦਾ ਵਿਸ਼ਾ ਬਣੀ ਰਹੀ।
ਹਰਚਰਨ ਬੈਂਸ ਨੇ ਲਿਖਿਆ, ‘ਸਾਰੀ ਉਮਰ ਇਕ ਵਿਅਕਤੀ ਦਾ ਹੱਥਠੋਕਾ ਬਣ ਕੇ ਉਸ ਦੇ ਹਰ ਸਹੀ ਗ਼ਲਤ ਕੰਮ ਨੂੰ ਜਾਇਜ਼ ਠਹਿਰਾਉਣਾ ਬਿਨਾਂ ਤਨਖ਼ਾਹ ਨੌਕਰੀ-ਗੁਲਾਮੀ ਰਹੀ, ਅੱਜ ਤਕ ਜੋ ਮੇਰੀ ਜ਼ਿੰਦਗੀ ਦੀ ਆਤਮ ਕਹਾਣੀ ਇੰਨੀ ਹੀ ਹੈ। ਹੁਣ ਇਸ ਜ਼ਾਲਿਮ ਤੋਂ ਆਜ਼ਾਦੀ ਦੀ ਇੱਛਾ ਹੈ। ਉਨ੍ਹਾਂ ਦੀ ਇਸ ਪੋਸਟ ਦਾ ਕੀ ਮਤਲਬ ਸੀ, ਲੋਕ ਇਸ ਨੂੰ ਪੜ੍ਹ ਕੇ ਇਹੀ ਜਾਣਨਾ ਚਾਹੁੰਦੇ ਸਨ। ਹਾਲਾਂਕਿ ਜ਼ਿਆਦਾਤਰ ਨੇ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਸਹੀ ਠਹਿਰਾਇਆ। ਕੁਮੈਂਟਸ ‘ਚ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਸਹੀ ਫ਼ੈਸਲਾ ਲਿਆ, ਪਰ ਦੇਰੀ ਨਾਲ ਲਿਆ।
ਵੱਡੀ ਗਿਣਤੀ ‘ਚ ਲੋਕਾਂ ਨੇ ਉਨ੍ਹਾਂ ਦੀ ਪੋਸਟ ਦਾ ਮਤਲਬ ਪੁੱਛਿਆ ਤੇ ਕਈਆਂ ਨੇ ਉਨ੍ਹਾਂ ਨੂੰ ਫੋਨ ਵੀ ਕੀਤੇ, ਪਰ ਉਨ੍ਹਾਂ ਕਿਸੇ ਦਾ ਫੋਨ ਨਹੀਂ ਚੁੱਕਿਆ। ਇਸ ਪੋਸਟ ਦੇ ਕੁਝ ਹੀ ਦੇਰ ਬਾਅਦ ਇਕ ਹੋਰ ਪੋਸਟ ਜਾਰੀ ਕਰਕੇ ਬੈਂਸ ਨੇ ਕਿਹਾ ਕਿ ਉਨ੍ਹਾਂ ਦੀ ਪੋਸਟ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਨਹੀਂ ਬਲਕਿ ਖ਼ੁਦ ਦੇ ਹੰਕਾਰ ਤੋਂ ਛੁਟਕਾਰਾ ਪਾਉਣ ਨਾਲ ਸਬੰਧਤ ਸੀ।
ਦੂਜੀ ਪੋਸਟ ‘ਚ ਉਨ੍ਹਾਂ ਲਿਖਿਆ ਕਿ ਗੁਲਾਮੀ ਵਾਲੀ ਮੇਰੀ ਪੋਸਟ ਦੇ ਕੁਮੈਂਟ ਦੇਖ ਕੇ ਮੈਂ ਇਹ ਕਹਿਣ ਲਈ ਮਜਬੂਰ ਹੋਇਆ ਹਾਂ ਕਿ ਇਹ ਪੋਸਟ ਹੰਕਾਰ ਦੀ ਗੁਲਾਮੀ ਬਾਰੇ ਸੀ, ਨਾ ਕਿ ਕਿਸੇ ਦੇ ਸਿਆਸੀ ਰਵੱਈਏ ਬਾਰੇ। ਵੈਸੇ ਵੀ ਜੋ ਲੋਕ ਮੈਨੂੰ ਜਾਣਦੇ ਹਨ ਉਹ ਇਹ ਵੀ ਜਾਣਦੇ ਹਨ ਕਿ ਜੇਕਰ ਮੈਨੂੰ ਕਿਸੇ ਨਾਲ ਨਾਤਾ ਤੋੜਨਾ ਵੀ ਹੋਵੇ ਤਾਂ ਕੀ ਮੈਂ ਉਸ ਵੇਲੇ ਤੋੜਾਂਗਾ ਜਦੋਂ ਉਹ ਮੁਸ਼ਕਲ ‘ਚ ਹੈ।
ਬਾਦਲਾਂ ਦੇ ਸਾਥ ਲਈ ਛੱਡ ਦਿੱਤੀ ਸੀ ਨੌਕਰੀ
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਹਰਚਰਨ ਬੈਂਸ ਬਾਦਲ ਪਰਿਵਾਰ ਨਾਲ ਜੁੜੇ ਹੋਏ ਹਨ। ਜਦੋਂ ਉਹ 1997-2002 ਦੌਰਾਨ ਬਾਦਲ ਦੇ ਮੀਡੀਆ ਸਲਾਹਕਾਰ ਰਹੇ ਤਾਂ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਬੀਆਈਐੱਸ ਚਾਹਲ ਨੇ ਸੰਤ ਲੋਂਗੋਵਾਲ ਦੀ ਬਰਸੀ ਸਮਾਰੋਹ ‘ਚ ਉਨ੍ਹਾਂ ਨੂੰ ਕਿਹਾ ਕਿ ਉਹ ਜਾਂ ਤਾਂ ਨੌਕਰੀ ਛੱਡ ਦੇਣ ਜਾਂ ਫਿਰ ਬਾਦਲ ਸਾਬ੍ਹ ਦਾ ਸਾਥ। ਬੈਂਸ ਨੇ ਅਗਲੇ ਹੀ ਦਿਨ ਪੀਏਯੂ ‘ਚ ਆਪਣੀ ਨੌਕਰੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਕੇ ਕਿਹਾ ਸੀ ਕਿ ਉਹ ਬਾਦਲ ਸਾਬ੍ਹ ਦਾ ਸਾਥ ਨਹੀਂ ਛੱਡਣਗੇ। ਕਿਉਂਕਿ ਉਨ੍ਹਾਂ ਦੀ ਬਾਦਲ ਪਰਿਵਾਰ ਨਾਲ ਨੇੜਤਾ ਬਾਰੇ ਸਾਰੇ ਜਾਣਦੇ ਹਨ, ਇਸ ਲਈ ਜਦੋਂ ਮੰਗਲਵਾਰ ਨੂੰ ਉਨ੍ਹਾਂ ਇਹ ਪੋਸਟ ਪਾਈ ਤਾਂ ਸਾਰਿਆਂ ਨੂੰ ਹੈਰਾਨੀ ਹੋਈ। ਉਹ ਵੀ ਉਸ ਵੇਲੇ ਜਦੋਂ ਪਰਕਾਸ਼ ਸਿੰਘ ਬਾਦਲ ਨੇ ਖ਼ੁਦ ਹੀ ਸਰਗਰਮ ਸਿਆਸਤ ਤੋਂ ਦੂਰੀ ਬਣਾ ਲਈ ਹੈ।
ਹਰਚਰਨ ਸਿੰਘ ਬੈਂਸ ਦਾ ਆਇਆ ਸਪੱਸ਼ਟੀਕਰਨ-ਕਿਹਾ : ਆਖਰੀ ਸਾਹਾਂ ਤੱਕ ਸ਼੍ਰੋਮਣੀ ਅਕਾਲੀ ਦਲ ਨੂੰ ਹਾਂ ਸਮਰਪਿਤ
ਚੰਡੀਗੜ੍ਹ : ਕਰੀਬ ਚਾਰ ਦਹਾਕਿਆਂ ਤੋਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਸਭ ਤੋਂ ਕਰੀਬੀ ਵਿਸ਼ਵਾਸ ਪਾਤਰ ਵਜੋਂ ਮੰਨੇ ਜਾਂਦੇ ਉਨ੍ਹਾਂ ਦੇ ਸਲਾਹਕਾਰ ਹਰਚਰਨ ਸਿੰਘ ਬੈਂਸ ਵੱਲੋਂ ਪਿਛਲੇ ਦਿਨੀਂ ਫੇਸਬੁੱਕ ਉੱਤੇ ਪਾਈ ਪੋਸਟ ਨੇ ਸਿਆਸੀ ਮਾਹੌਲ ਭਖਾ ਦਿੱਤਾ ਸੀ। ਇਸ ਤੋਂ ਬਾਅਦ ਬੈਂਸ ਨੇ ਸਪੱਸ਼ਟ ਕਿਹਾ ਕਿ ਆਖਰੀ ਸਾਹਾਂ ਤੱਕ ਉਹ ਸ਼੍ਰੋਮਣੀ ਅਕਾਲੀ ਦਲ ਤੇ ਪਰਕਾਸ਼ ਸਿੰਘ ਬਾਦਲ ਨੂੰ ਸਮਰਪਿਤ ਹਨ। ਬੈਂਸ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਜਿਹੜੀ ਗੱਲ ਸ਼ੇਅਰ ਕੀਤੀ ਉਹ ਹਊਮੈ ਦੀ ਗੁਲਾਮੀ ਤੋਂ ਮੁਕਤੀ ਨਾਲ ਸਬੰਧਤ ਸੀ। ਬੈਂਸ ਨੇ ਕਿਹਾ ਬਾਦਲ ਨਾਲ ਉਨ੍ਹਾਂ ਦਾ ਜ਼ਿੰਦਗੀ ਭਰ ਦਾ ਰੂਹਾਨੀ ਰਿਸ਼ਤਾ ਹੈ ਤੇ ਇਸਦਾ ਵੱਡਾ ਕਾਰਨ ਪਰਕਾਸ਼ ਸਿੰਘ ਬਾਦਲ ਦੇ ਹਿਰਦੇ ਦੀ ਵਿਸ਼ਾਲਤਾ, ਹਲੀਮੀ ਤੇ ਉਨ੍ਹਾਂ ਦੀ ਸ਼ਖਸੀਅਤ ਦੀ ਖੁਸ਼ਬੂ ਹੈ। ਉਨ੍ਹਾਂ ਕਿਹਾ ਕਿ ਉਹ ਵਿਚਾਰਧਾਰਕ ਤੇ ਜਜ਼ਬਾਤੀ ਗਹਿਰਾਈ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਉੱਤੇ ਹੋ ਰਹੀਆਂ ਸਿਆਸੀ ਟਿੱਪਣੀਆਂ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ। ਦੱਸਣਯੋਗ ਹੈ ਕਿ ਹਰਚਰਨ ਬੈਂਸ ਨੇ ਲਿਖਿਆ ਸੀ ਕਿ ਸਾਰੀ ਉਮਰ ਇਕ ਵਿਅਕਤੀ ਦਾ ਹੱਥਠੋਕਾ ਬਣ ਕੇ ਉਸ ਦੇ ਹਰ ਸਹੀ ਗ਼ਲਤ ਕੰਮ ਨੂੰ ਜਾਇਜ਼ ਠਹਿਰਾਉਣਾ ਬਿਨਾਂ ਤਨਖ਼ਾਹ ਨੌਕਰੀ-ਗੁਲਾਮੀ ਰਹੀ, ਅੱਜ ਤੱਕ ਮੇਰੀ ਜ਼ਿੰਦਗੀ ਦੀ ਆਤਮ ਕਹਾਣੀ ਇੰਨੀ ਹੀ ਹੈ। ਉਨ੍ਹਾਂ ਦੀ ਇਸ ਗੱਲ ਦਾ ਕੀ ਮਤਲਬ ਸੀ, ਲੋਕ ਇਸ ਬਾਰੇ ਜਾਣਨਾ ਚਾਹੁੰਦੇ ਸਨ।

RELATED ARTICLES
POPULAR POSTS