ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦੇ ਪਹਿਲੇ ਦਿਨ ਦੇ ਇਜਲਾਸ ’ਚ ਸਿਰਫ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਹੁਣ 11 ਨਵੰਬਰ ਨੂੰ ਇਜਲਾਸ ਦਾ ਦੂਜਾ ਦਿਨ ਹੋਵੇਗਾ। ਪਹਿਲੇ ਦਿਨ ਬੀ.ਐਸ.ਐਫ. ਮੁੱਦੇ ’ਤੇ ਸਰਕਾਰ ਵਲੋਂ ਮਤਾ ਲਿਆਉਣ ਦੀ ਉਮੀਦ ਸੀ, ਪਰ ਅਜਿਹਾ ਨਹੀਂ ਹੋਇਆ। ਹਾਲਾਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਰਕਾਰ ’ਤੇ ਨਿਸ਼ਾਨਾ ਸਾਧਿਆ ਕਿ ਪੌਣੇ ਪੰਜ ਸਾਲਾਂ ਵਿਚ ਕਾਂਗਰਸ ਸਰਕਾਰ ਨੇ ਕੁਝ ਨਹੀਂ ਕੀਤਾ। ਇਸ ਲਈ ਉਹ ਚਰਚਾ ਤੋਂ ਭੱਜ ਰਹੀ ਹੈ। ਇਸ ਦੌਰਾਨ ਵਿਰੋਧੀ ਧਿਰ ਵਲੋਂ ਵਿਧਾਨ ਸਭਾ ਦੇ ਬਾਹਰ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਜਾਣਕਾਰੀ ਮਿਲੀ ਹੈ ਕਿ ਬੀ.ਐਸ.ਐਫ. ਅਤੇ ਕੇਂਦਰੀ ਖੇਤੀ ਕਾਨੂੰਨਾਂ ’ਤੇ ਇਜਲਾਸ ਦੇ ਦੂਜੇ ਦਿਨ ਚਰਚਾ ਹੋਵੇਗੀ। ਇਸ ਤੋਂ ਇਲਾਵਾ ਬਿਜਲੀ ਸਮਝੌਤਿਆਂ ’ਤੇ ਸਰਕਾਰ ਵਾਈਟ ਪੇਪਰ ਵੀ ਲਿਆ ਸਕਦੀ ਹੈ ਅਤੇ ਹੁਣ ਇਜਲਾਸ ਦਾ ਦੂਜਾ ਦਿਨ 11 ਨਵੰਬਰ ਨੂੰ ਹੋਵੇਗਾ। ਧਿਆਨ ਰਹੇ ਕਿ ਪਹਿਲਾਂ ਇਕ ਦਿਨ ਦਾ ਇਜਲਾਸ ਬੁਲਾਇਆ ਗਿਆ ਸੀ, ਪਰ ਵਿਰੋਧੀ ਧਿਰਾਂ ਦੇ ਕਹਿਣ ’ਤੇ ਇਹ ਇਜਲਾਸ ਦੋ ਦਿਨ ਦਾ ਕਰ ਦਿੱਤਾ ਗਿਆ।