14.4 C
Toronto
Sunday, September 14, 2025
spot_img
Homeਪੰਜਾਬਸਰਕਾਰੀ ਫਲੈਟ ਖਾਲੀ ਨਾ ਕਰਨ ਵਾਲੇ ਸਾਬਕਾ ਵਿਧਾਇਕਾਂ ਖਿਲਾਫ ਸਖਤ ਹੋਈ 'ਆਪ'...

ਸਰਕਾਰੀ ਫਲੈਟ ਖਾਲੀ ਨਾ ਕਰਨ ਵਾਲੇ ਸਾਬਕਾ ਵਿਧਾਇਕਾਂ ਖਿਲਾਫ ਸਖਤ ਹੋਈ ‘ਆਪ’ ਸਰਕਾਰ

ਅੱਠ ਸਾਬਕਾ ਵਿਧਾਇਕਾਂ ਨੇ ਅਜੇ ਖਾਲੀ ਨਹੀਂ ਕੀਤੇ ਸਰਕਾਰੀ ਫਲੈਟ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਸਰਕਾਰੀ ਫਲੈਟ ਖਾਲੀ ਨਾ ਕਰਨ ਵਾਲੇ ਸਾਬਕਾ ਵਿਧਾਇਕਾਂ ਨੂੰ ਆਖਰੀ ਚਿਤਾਵਨੀ ਦੇ ਦਿੱਤੀ ਗਈ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੁਣ ਇਨ੍ਹਾਂ ਸਾਬਕਾ ਵਿਧਾਇਕਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਰੌਂਅ ਵਿਚ ਹਨ। ਫਲੈਟ ਖਾਲੀ ਨਾ ਹੋਣ ਕਾਰਨ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਨੂੰ ਸਰਕਾਰੀ ਟਿਕਾਣਾ ਨਹੀਂ ਮਿਲ ਰਿਹਾ ਹੈ। ਸਪੀਕਰ ਕੋਲ ਮੌਜੂਦਾ ਵਿਧਾਇਕ ਵਾਰ-ਵਾਰ ਪਹੁੰਚ ਕਰ ਰਹੇ ਹਨ। ਸੰਧਵਾਂ ਨੇ ਹੁਣ ਫਲੈਟ ਖਾਲੀ ਨਾ ਕਰਨ ਵਾਲੇ ਸਾਬਕਾ ਵਿਧਾਇਕਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਇਨ੍ਹਾਂ ਸਾਬਕਾ ਵਿਧਾਇਕਾਂ ਨੂੰ ਆਖਰੀ ਚਿਤਾਵਨੀ ਨੁਮਾ ਨੋਟਿਸ ਭੇਜਿਆ ਜਾ ਰਿਹਾ ਹੈ।
ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆਂ ਤੋਂ ਇਲਾਵਾ ਸੱਤ ਹੋਰ ਸਾਬਕਾ ਵਿਧਾਇਕ ਹਨ ਜਿਨ੍ਹਾਂ ਵੱਲੋਂ ਸਰਕਾਰੀ ਫਲੈਟ ਖਾਲੀ ਨਹੀਂ ਕੀਤੇ ਜਾ ਰਹੇ ਹਨ। ਪੰਜਾਬ ਵਿਧਾਨ ਸਭਾ ਵੱਲੋਂ ਸਾਬਕਾ ਵਿਧਾਇਕਾਂ ਨੂੰ 25 ਮਾਰਚ ਤੱਕ ਸਰਕਾਰੀ ਫਲੈਟ ਖਾਲੀ ਕਰਨ ਵਾਸਤੇ ਕਿਹਾ ਗਿਆ ਸੀ ਪ੍ਰੰਤੂ ਅੱਠ ਸਾਬਕਾ ਵਿਧਾਇਕਾਂ ਨੇ ਹਾਲੇ ਤੱਕ ਘੇਸਲ ਵੱਟੀ ਹੋਈ ਹੈ। ਅਗਰ ਕੋਈ ਸਾਬਕਾ ਵਿਧਾਇਕ ਫਿਰ ਵੀ ਇਨ੍ਹਾਂ ਨੋਟਿਸਾਂ ਨੂੰ ਟਿੱਚ ਸਮਝੇਗਾ ਤਾਂ ਉਸ ਖਿਲਾਫ ਸਰਕਾਰ ਫੌਜਦਾਰੀ ਮੁਕੱਦਮਾ ਵੀ ਦਰਜ ਕਰਾ ਸਕਦੀ ਹੈ। ਜਿਨ੍ਹਾਂ ਸਾਬਕਾ ਵਿਧਾਇਕਾਂ ਨੇ ਹਾਲੇ ਤੱਕ ਸਰਕਾਰੀ ਫਲੈਟ ਖਾਲੀ ਨਹੀਂ ਕੀਤੇ ਹਨ, ਉਨ੍ਹਾਂ ਵਿਚ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ, ਰਮਿੰਦਰ ਸਿੰਘ ਆਵਲਾ, ਅੰਗਦ ਸਿੰਘ, ਗੁਰਪ੍ਰਤਾਪ ਸਿੰਘ ਵਡਾਲਾ, ਸਤਕਾਰ ਕੌਰ, ਸੁਖਪਾਲ ਸਿੰਘ ਭੁੱਲਰ ਅਤੇ ਗੁਰਪ੍ਰੀਤ ਸਿੰਘ ਆਦਿ ਸ਼ਾਮਲ ਹਨ। ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਹਾਲੇ ਪਟਿਆਲਾ ਜੇਲ੍ਹ ਵਿੱਚ ਬੰਦ ਹਨ, ਜਿਸ ਕਰਕੇ ਉਨ੍ਹਾਂ ਵੱਲੋਂ ਟਾਲਮਟੋਲ ਕੀਤੀ ਜਾ ਰਹੀ ਹੈ। ਮਹੀਨਾ ਪਹਿਲਾਂ ਦੋ ਦਰਜਨ ਦੇ ਕਰੀਬ ਸਾਬਕਾ ਵਿਧਾਇਕਾਂ ਨੇ ਫਲੈਟ ਖਾਲੀ ਨਹੀਂ ਕੀਤੇ ਸਨ ਪਰ ਪੰਜਾਬ ਵਿਧਾਨ ਸਭਾ ਸਕੱਤਰੇਤ ਦੇ ਦਬਕੇ ਮਗਰੋਂ ਬਹੁਤੇ ਸਾਬਕਾ ਵਿਧਾਇਕ ਆਪਣੇ ਫਲੈਟ ਖਾਲੀ ਕਰ ਗਏ ਸਨ ਜਿਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ ਸ਼ਾਮਲ ਹੈ।
ਸਖਤ ਕਦਮ ਚੁੱਕਣ ਲਈ ਮਜਬੂਰ ਹੋਵਾਂਗੇ: ਸਪੀਕਰ
ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਕਹਿਣਾ ਸੀ ਕਿ ਵੈਸੇ ਤਾਂ ਸਾਬਕਾ ਵਿਧਾਇਕਾਂ ਨੂੰ ਖੁਦ ਹੀ ਇਖਲਾਕੀ ਤੌਰ ‘ਤੇ ਫਲੈਟ ਛੱਡ ਦੇਣੇ ਚਾਹੀਦੇ ਸਨ ਪ੍ਰੰਤੂ ਹੁਣ ਜਦੋਂ ਕੁਝ ਸਾਬਕਾ ਵਿਧਾਇਕ ਫਲੈਟ ਖਾਲੀ ਨਹੀਂ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਮਜਬੂਰਨ ਸਖਤ ਕਦਮ ਉਠਾਉਣੇ ਪੈਣਗੇ। ਉਨ੍ਹਾਂ ਕਿਹਾ ਕਿ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਫਲੈਟ ਖਾਲੀ ਨਾ ਕਰਨ ਵਾਲੇ ਸਾਬਕਾ ਵਿਧਾਇਕਾਂ ਨੂੰ ਆਖਰੀ ਨੋਟਿਸ ਜ਼ਰੂਰ ਦਿੱਤਾ ਜਾਵੇਗਾ।

 

 

RELATED ARTICLES
POPULAR POSTS