ਨੇਪਾਲ ਵਿਚ ਸਰਕਾਰ ਵਲੋਂ ਸ਼ੋਸ਼ਲ ਮੀਡੀਆ ‘ਤੇ ਲਗਾਈ ਗਈ ਪਾਬੰਦੀ ਦੇ ਖਿਲਾਫ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਵੱਡੀ ਪੱਧਰ ‘ਤੇ ਅੰਦੋਲਨ ਹੋਇਆ ਹੈ ਅਤੇ ਇਹ ਅੰਦੋਲਨ ਹਿੰਸਕ ਪ੍ਰਦਰਸ਼ਨ ਵਿਚ ਬਦਲ ਗਿਆ। ਹਿੰਸਕ ਪ੍ਰਦਰਸ਼ਨਾਂ ਨੂੰ ਰੋਕਣ ਲਈ ਫੌਜ ਨੇ ਪੂਰੇ ਦੇਸ਼ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈ ਲਿਆ ਹੈ। ਇਸਦੇ ਚੱਲਦਿਆਂ ਦੇਸ਼ ਵਿਆਪੀ ਪਾਬੰਦੀਆਂ ਵੀ ਲਾਗੂ ਕਰ ਦਿੱਤੀਆਂ ਗਈਆਂ ਹਨ ਅਤੇ ਕਰਫਿਊ ਵੀ ਲਗਾਇਆ ਗਿਆ। ਨੇਪਾਲ ਦੀ ਫੌਜ ਨੇ ਕਿਹਾ ਕਿ ਮੁਸ਼ਕਲ ਸਮੇਂ ਦਾ ਫਾਇਦਾ ਚੁੱਕ ਕੇ ਕੁਝ ਪ੍ਰਦਰਸ਼ਨਕਾਰੀ ਆਮ ਲੋਕਾਂ ਅਤੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾ ਰਹੇ ਹਨ। ਧਿਆਨ ਰਹੇ ਕਿ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਨੂੰ ਦੇਖਦੇ ਹੋਏ ਕੇ.ਪੀ. ਸ਼ਰਮਾ ਓਲੀ ਨੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਨ੍ਹਾਂ ਨੇ ਕਾਠਮੰਡੂ ਵੀ ਛੱਡ ਦਿੱਤਾ ਸੀ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੇ.ਪੀ. ਓਲੀ ਦੀ ਨਿੱਜੀ ਰਿਹਾਇਸ਼, ਰਾਸ਼ਟਰਪਤੀ ਭਵਨ ਅਤੇ ਸੁਪਰੀਮ ਕੋਰਟ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਨੇਪਾਲ ਦੀ ਰਾਜਧਾਨੀ ਕਾਠਮੰਡੂ ਅਤੇ ਨੇੜਲੇ ਇਲਾਕਿਆਂ ਵਿਚ ਹਿੰਸਕ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 30 ਤੋਂ ਵੱਧ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਅਤੇ 400 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਵੀ ਹੋ ਚੁੱਕੇ ਹਨ।
ਨੇਪਾਲ ਵਿੱਚ ਸਰਕਾਰ ਵਿਰੋਧੀ ਹਿੰਸਕ ਪ੍ਰਦਰਸ਼ਨਾਂ ਦੌਰਾਨ ਵੀਰਵਾਰ ਨੂੰ ਇੱਕ ਜੇਲ੍ਹ ਵਿੱਚ ਸੁਰੱਖਿਆ ਕਰਮਚਾਰੀਆਂ ਨਾਲ ਹੋਈ ਝੜਪ ਵਿੱਚ ਤਿੰਨ ਕੈਦੀ ਮਾਰੇ ਗਏ ਹਨ, ਜਦੋਂ ਕਿ ਦੋ ਦਰਜਨ ਤੋਂ ਵੱਧ ਜੇਲ੍ਹਾਂ ਵਿੱਚੋਂ 15,000 ਤੋਂ ਵੱਧ ਕੈਦੀ ਫਰਾਰ ਹੋ ਗਏ ਹਨ। ਇਸ ਦੌਰਾਨ ਸੁਰੱਖਿਆ ਬਲਾਂ ਨਾਲ ਝੜਪਾਂ ਵਿੱਚ ਮਰਨ ਵਾਲੇ ਕੈਦੀਆਂ ਦੀ ਗਿਣਤੀ ਅੱਠ ਹੋ ਗਈ ਹੈ। ਇਸ ਹਿੰਸਕ ਅੰਦੋਲਨ ਨੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੂੰ ਮੰਗਲਵਾਰ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਸੀ। ਜਿਸ ਤੋਂ ਬਾਅਦ ਨੇਪਾਲੀ ਸੈਨਾ ਨੇ ਦੇਸ਼ ਭਰ ਵਿੱਚ ਗੰਭੀਰ ਕਾਨੂੰਨ ਵਿਵਸਥਾ ਦੀ ਸਥਿਤੀ ਕਾਰਨ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਝੜਪ ਉਦੋਂ ਸ਼ੁਰੂ ਹੋਈ ਜਦੋਂ ਕੈਦੀਆਂ ਨੇ ਇੱਕ ਗੈਸ ਸਿਲੰਡਰ ਦੀ ਵਰਤੋਂ ਕਰਕੇ ਧਮਾਕਾ ਕਰਦਿਆਂ ਜੇਲ੍ਹ ਤੋਂ ਭੱਜਣ ਦੀ ਕੋਸ਼ਸ਼ ਕੀਤੀ। ਸੁਰੱਖਿਆ ਬਲਾਂ ਨੇ ਕੰਟਰੋਲ ਮੁੜ ਸਥਾਪਤ ਕਰਨ ਲਈ ਗੋਲੀਬਾਰੀ ਕੀਤੀ, ਜਿਸ ਵਿੱਚ ਤਿੰਨ ਕੈਦੀ ਮਾਰੇ ਗਏ। ਕਾਠਮੰਡੂ ਦੇ ਮੀਡੀਆ ਮੁਤਾਬਕ ਜੇਲ੍ਹ ਤੋੜਨ ਦੀਆਂ ਘਟਨਾਵਾਂ ਉਦੋਂ ਸ਼ੁਰੂ ਹੋਈਆਂ ਜਦੋਂ ਨੌਜਵਾਨ ਪ੍ਰਦਰਸ਼ਨਕਾਰੀਆਂ ਨੇ ਕਈ ਜੇਲ੍ਹ ਸਹੂਲਤਾਂ ‘ਤੇ ਹਮਲਾ ਕੀਤਾ, ਪ੍ਰਸ਼ਾਸਨਿਕ ਇਮਾਰਤਾਂ ਨੂੰ ਅੱਗ ਲਗਾ ਦਿੱਤੀ ਅਤੇ ਜੇਲ੍ਹ ਦੇ ਦਰਵਾਜ਼ੇ ਖੋਲ੍ਹਣ ਲਈ ਮਜਬੂਰ ਕੀਤਾ। ਨੇਪਾਲ ਵਿੱਚ ਤਣਾਅ ਵਧਣ ਕਾਰਨ ਭਾਰਤੀ ਨਾਗਰਿਕਾਂ ਨੂੰ ਵੀਰਵਾਰ ਨੂੰ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦੇ ਪਾਣੀਟੰਕੀ ਵਿੱਚ ਭਾਰਤ-ਨੇਪਾਲ ਸਰਹੱਦ ਪਾਰ ਕਰਕੇ ਵਾਪਸ ਘਰ ਪਰਤਦੇ ਦੇਖਿਆ ਗਿਆ। ਨੇਪਾਲ ਤੋਂ ਵਾਪਸ ਪਰਤ ਰਹੇ ਇੱਕ ਭਾਰਤੀ ਨਾਗਰਿਕ ਨੇ ਦੱਸਿਆ ਕਿ ਉਹ ਨੇਪਾਲ ਦੇ ਧੂਲਾਬਾਰੀ ਖੇਤਰ ਤੋਂ ਵਾਪਸ ਆ ਰਿਹਾ ਹੈ, ਜਿੱਥੇ ਉਹ ਇੱਕ ਪਲਾਈਵੁੱਡ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸ ਨੇ ਕਿਹਾ ਕਿ ਅਸੀਂ ਨੇਪਾਲ ਦੇ ਧੂਲਾਬਾਰੀ ਤੋਂ ਆ ਰਹੇ ਹਾਂ। ਮੈਂ ਉੱਥੇ ਇੱਕ ਪਲਾਈਵੁੱਡ ਫੈਕਟਰੀ ਵਿੱਚ ਕੰਮ ਕਰਦਾ ਸੀ। ਉੱਥੇ ਕੰਮ ਬੰਦ ਹੋ ਗਿਆ ਹੈ, ਇਸ ਲਈ ਅਸੀਂ ਭਾਰਤ ਵਾਪਸ ਆ ਗਏ ਹਾਂ।
ਨੇਪਾਲ ਵਿੱਚ ਸਰਕਾਰ ਦੇ ਕਥਿਤ ਭ੍ਰਿਸ਼ਟਾਚਾਰ ਅਤੇ ਇੱਕ ਵਿਵਾਦਪੂਰਨ ਸੋਸ਼ਲ ਮੀਡੀਆ ਪਾਬੰਦੀ ਦੇ ਵਿਰੁੱਧ ਨੌਜਵਾਨਾਂ ਦੀ ਅਗਵਾਈ ਵਿੱਚ ਵਿਰੋਧ ਪ੍ਰਦਰਸ਼ਨਾਂ ਕਾਰਨ ਕਾਫ਼ੀ ਅਸ਼ਾਂਤੀ ਫੈਲੀ ਹੋਈ ਹੈ, ਜਿਸ ਦੇ ਨਤੀਜੇ ਵਜੋਂ ਵਿਆਪਕ ਹਿੰਸਾ, ਅੱਗਜ਼ਨੀ ਅਤੇ ਤੋੜ-ਭੰਨ ਹੋਈ ਹੈ, ਜਿਸ ਨਾਲ ਰੋਜ਼ਾਨਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਇਹ ਸਥਿਤੀ 8 ਸਤੰਬਰ ਨੂੰ ਕਾਠਮੰਡੂ ਅਤੇ ਪੋਖਰਾ, ਬੁਟਵਾਲ ਅਤੇ ਬੀਰਗੰਜ ਸਮੇਤ ਹੋਰ ਵੱਡੇ ਸ਼ਹਿਰਾਂ ਵਿੱਚ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਸ਼ੁਰੂ ਹੋਈ, ਜਦੋਂ ਸਰਕਾਰ ਨੇ ਟੈਕਸ ਮਾਲੀਏ ਅਤੇ ਸਾਈਬਰ ਸੁਰੱਖਿਆ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ ਲਗਾ ਦਿੱਤੀ ਸੀ।
ਨੇਪਾਲ ਸਰਕਾਰ ਵਲੋਂ ਸ਼ੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦਿਆਂ ਭਾਰਤ ਨੇ ਨੇਪਾਲ ਵਿਚ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਨੇਪਾਲ ਵਿਚ ਹਾਲਾਤ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਐਡਵਾਈਜ਼ਰੀ ਵਿਚ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਸਥਾਨਕ ਅਧਿਕਾਰੀਆਂ ਵਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਭਾਰਤੀ ਵਿssਦੇਸ਼ ਮੰਤਰਾਲੇ ਨੇ ਨੇਪਾਲ ਵਿਚ ਹਿੰਸਕ ਕਾਰਵਾਈਆਂ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਅਤੇ ਗੱਲਬਾਤ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਨੇਪਾਲ ਤੋਂ ਬਾਅਦ ਹੁਣ ਫਰਾਂਸ ਵਿਚ ਵੀ ਸਰਕਾਰ ਦੇ ਵਿਰੋਧ ਵਿਚ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਬਜਟ ਵਿਚ ਕਟੌਤੀ ਦੇ ਖਿਲਾਫ ਅਤੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ਵਿਚ ਵਿਅਕਤੀ ਸੜਕਾਂ ‘ਤੇ ਆ ਗਏ ਹਨ। ਫਰਾਂਸ ਦੇ ਗ੍ਰਹਿ ਮੰਤਰੀ ਨੇ ਪ੍ਰਦਰਸ਼ਨਕਾਰੀਆਂ ‘ਤੇ ਬਗਾਵਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਨ ਦਾ ਆਰੋਪ ਲਗਾਇਆ ਹੈ। ਇਸਦੇ ਚੱਲਦਿਆਂ ਫਰਾਂਸ ਬੰਦ ਦਾ ਸੱਦਾ ਖੱਬੇ-ਪੱਖੀ ਪਾਰਟੀਆਂ ਨੇ ਦਿੱਤਾ ਹੈ। ਇਸ ਵਿਰੋਧ ਪ੍ਰਦਰਸ਼ਨ ਨੂੰ ‘ਬਲਾਕ ਐਵਰੀਥਿੰਗ’ ਦਾ ਨਾਮ ਦਿੱਤਾ ਗਿਆ ਸੀ। ਫਰਾਂਸ ਸਰਕਾਰ ਨੇ ਇਸ ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ 80 ਹਜ਼ਾਰ ਤੋਂ ਜ਼ਿਆਦਾ ਪੁਲਿਸ ਕਰਮੀਆਂ ਤੈਨਾਤ ਕਰ ਦਿੱਤਾ ਹੈ ਅਤੇ ਹੁਣ ਤੱਕ 200 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ।

