23.3 C
Toronto
Sunday, October 5, 2025
spot_img
Homeਸੰਪਾਦਕੀਰਾਜਵੀਰ ਜਵੰਧਾ ਨਾਲ ਹਾਦਸੇ ਦਾ ਜ਼ਿੰਮੇਵਾਰ ਕੌਣ?

ਰਾਜਵੀਰ ਜਵੰਧਾ ਨਾਲ ਹਾਦਸੇ ਦਾ ਜ਼ਿੰਮੇਵਾਰ ਕੌਣ?

ਬੰਸਰੀ ਵਰਗੀ ਸੁਰੀਲੀ ਆਵਾਜ਼ ਦਾ ਮਾਲਕ ਪੰਜਾਬੀ ਗਾਇਕ ਰਾਜਵੀਰ ਜਵੰਧਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਵੈਂਟੀਲੇਟਰ ‘ਤੇ ਹੈ। ਸ਼ਨਿੱਚਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਉਸ ਦਾ ਮੋਟਰਸਾਈਕਲ ਇਕਦਮ ਅਚਾਨਕ ਸੜਕ ‘ਤੇ ਆਏ ਅਵਾਰਾ ਪਸ਼ੂਆਂ ਨਾਲ ਟਕਰਾ ਗਿਆ ਸੀ।
ਦੇਸ਼ ਭਰ ਦੇ ਵਿਚ ਰੋਜ਼ਾਨਾ ਅਨੇਕਾਂ ਭਿਆਨਕ ਹਾਦਸੇ ਸੜਕਾਂ ਉੱਪਰ ਆਵਾਗਉਣ ਘੁੰਮਦੇ ਪਸ਼ੂਆਂ ਕਾਰਨ ਵਾਪਰਦੇ ਹਨ ਅਤੇ ਲੋਕ ਅਨਿਆਈਂ ਮੌਤੇ ਮਰਦੇ ਹਨ। ਇਨ੍ਹਾਂ ਹਾਦਸਿਆਂ ਵਿਚ ਬਹੁਤ ਸਾਰੇ ਲੋਕ ਜਿਊਂਦੇ ਬਚ ਕੇ ਵੀ ਜ਼ਿੰਦਗੀ ਭਰ ਅੰਗਾਂ ਤੋਂ ਨਕਾਰਾ ਹੋ ਜਾਂਦੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਹਾਦਸਿਆਂ ਲਈ ਅਸਲ ਜ਼ਿੰਮੇਵਾਰ ਕੌਣ ਹੈ? ਸਰਕਾਰਾਂ ਦੀ ਇਨ੍ਹਾਂ ਹਾਦਸਿਆਂ ਵਿਚ ਕੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ਨੂੰ ਰੋਕਣ ਲਈ ਕੀ ਕੁਝ ਕਰਨਾ ਚਾਹੀਦਾ ਹੈ ਤਾਂ ਜੋ ਰੋਜ਼ਾਨਾਂ ਅਨੇਕਾਂ ਲੋਕ ਅਨਿਆਈਂ ਮੌਤੇ ਮਰਨ ਤੋਂ ਬਚਾਏ ਜਾ ਸਕਣ।
ਪੰਜਾਬ, ਹਿਮਾਚਲ, ਰਾਜਸਥਾਨ ਸਮੇਤ ਹੋਰਨਾਂ ਸੂਬਿਆਂ ਵਿਚ ਅਵਾਰਾ ਪਸ਼ੂ ਸੜਕਾਂ ‘ਤੇ ਆਮ ਹੀ ਕਾਲ ਬਣ ਕੇ ਘੁੰਮਦੇ ਵੇਖੇ ਜਾਂਦੇ ਹਨ। ਪੰਜਾਬ ਵਿਚ ਹਰ ਮਹੀਨੇ ਔਸਤਨ 31 ਲੋਕ ਅਵਾਰਾ ਪਸ਼ੂਆਂ ਨਾਲ ਟਕਰਾਉਣ ਕਾਰਨ ਮਰ ਜਾਂਦੇ ਹਨ। ਸਾਲਾਨਾ ਲਗਭਗ 1400 ਹਾਦਸੇ ਅਵਾਰਾ ਜਾਨਵਰਾਂ ਕਾਰਨ ਹੁੰਦੇ ਹਨ। ਦੇਸ਼ ਭਰ ਵਿਚ 2024 ਦੌਰਾਨ ਇੰਸ਼ੋਰੈਂਸ ਕਲੇਮਾਂ ਅਨੁਸਾਰ, ਜਾਨਵਰਾਂ ਕਾਰਨ ਵਾਪਰੇ ਹਾਦਸਿਆਂ ਵਿਚੋਂ 60 ਫੀਸਦੀ ਅਵਾਰਾ ਕੁੱਤਿਆਂ ਕਾਰਨ ਹੋਏ, 33 ਫੀਸਦੀ ਸੜਕਾਂ ‘ਤੇ ਘੁੰਮਦੀਆਂ ਅਵਾਰਾ ਗਾਵਾਂ ਅਤੇ ਮੱਝਾਂ ਕਾਰਨ ਵਾਪਰੇ।
ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਦੇ ਅਨੁਸਾਰ, 2014 ਤੋਂ 2018 ਤੱਕ 400 ਤੋਂ ਵੱਧ ਲੋਕ ਅਵਾਰਾ ਗਊਆਂ ਕਾਰਨ ਜਾਨਾਂ ਗਵਾ ਬੈਠੇ। ਸਾਲ 2023 ਵਿਚ ਪੂਰੇ ਦੇਸ਼ ਵਿਚ ਸੜਕ ਹਾਦਸਿਆਂ ਕਾਰਨ 1 ਲੱਖ 72 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਗਈ, ਜਿਨ੍ਹਾਂ ਵਿਚੋਂ ਬਹੁਤੇ ਅਵਾਰਾ ਜਾਨਵਰਾਂ ਨਾਲ ਜੁੜੇ ਸਨ। ਪੰਜਾਬ ਵਿਚ 20ਵੇਂ ਲਾਈਵਸਟਾਕ ਸੈਂਸਸ ਅਨੁਸਾਰ 1.4 ਲੱਖ ਅਵਾਰਾ ਜਾਨਵਰ ਘੁੰਮ ਰਹੇ ਹਨ। ਅੰਮ੍ਰਿਤਸਰ ਵਿੱਚ ਤਾਂ 3500 ਤੋਂ ਵੱਧ ਗਾਵਾਂ ਸ਼ਹਿਰੀ ਇਲਾਕਿਆਂ ਵਿਚ ਘੁੰਮਦੀਆਂ ਹਨ, ਜੋ ਟ੍ਰੈਫਿਕ ਜਾਮ ਅਤੇ ਹਾਦਸਿਆਂ ਦਾ ਕਾਰਨ ਬਣਦੀਆਂ ਹਨ। 2023 ਦੌਰਾਨ ਅਵਾਰਾ ਜਾਨਵਰਾਂ ਕਾਰਨ ਹੋਏ ਹਾਦਸਿਆਂ ਕਾਰਨ ਹੋਈਆਂ ਮੌਤਾਂ ਦੇ ਮਾਮਲੇ ਵਿਚ ਲੁਧਿਆਣਾ ਪੰਜਾਬ ਭਰ ਵਿਚ ਤੀਜੇ ਨੰਬਰ ‘ਤੇ ਰਿਹਾ। ਹਿਮਾਚਲ ਵਿਚ ਪਿਛਲੇ ਪੰਜ ਸਾਲਾਂ ਦੌਰਾਨ 100 ਹਾਦਸੇ ਅਵਾਰਾ ਜਾਨਵਰਾਂ ਕਾਰਨ ਵਾਪਰੇ, ਜਿਨ੍ਹਾਂ ਵਿਚ 40 ਲੋਕਾਂ ਦੀ ਜਾਨ ਗਈ ਅਤੇ 50 ਜ਼ਖ਼ਮੀ ਹੋਏ। ਇਹ ਅੰਕੜੇ ਸਿਰਫ਼ ਨੰਬਰ ਨਹੀਂ ਹਨ ਬਲਕਿ ਘਰਾਂ ਦਾ ਦਰਦ ਹੈ ਜੋ ਸੜਕ ਹਾਦਸਿਆਂ ਕਾਰਨ ਉੱਜੜ ਰਹੇ ਹਨ। ਇਹ ਸਭ ਜਾਣਦੇ ਹੋਏ ਵੀ ਸਰਕਾਰ ਕੀ ਕਰ ਰਹੀ ਹੈ?
ਮਸ਼ਹੂਰ ਹਸਤੀ ਹੋਣ ਕਾਰਨ ਰਾਜਵੀਰ ਜਵੰਧਾ ਤਾਂ ਸਭ ਦੀ ਨਜ਼ਰ ਵਿਚ ਆ ਗਿਆ ਕਿ ਸੜਕ ‘ਤੇ ਘੁੰਮਦੇ ਅਵਾਰਾ ਪਸ਼ੂਆਂ ਦੇ ਕਾਰਨ ਉਹ ਜ਼ਿੰਦਗੀ ਲਈ ਲੜਾਈ ਲੜ ਰਿਹਾ ਹੈ। ਪਰ ਅਨੇਕਾਂ ਆਮ ਲੋਕ ਜੋ ਅਵਾਰਾ ਪਸ਼ੂਆਂ ਕਾਰਨ ਆਪਣੀਆਂ ਜਾਨਾਂ ਗੁਆ ਬੈਠਦੇ ਹਨ, ਉਨ੍ਹਾਂ ਬਾਰੇ ਕਦੇ ਕੋਈ ਚਰਚਾ ਜਾਂ ਚਿੰਤਾ ਨਹੀਂ ਹੁੰਦੀ।
ਕਿੰਨੀ ਸ਼ਰਮਨਾਕ ਗੱਲ ਹੈ ਕਿ ਭਾਰਤ ਸਰਕਾਰ ਸੜਕ ‘ਤੇ ਚੱਲਣ ਵਾਲੇ ਹਰੇਕ ਵਾਹਨ ਕੋਲੋਂ ਰੋਡ ਟੈਕਸ ਭਰਵਾਉਂਦੀ ਹੈ ਅਤੇ ਇਸ ਵਿਚ ‘ਗਾਂ ਟੈਕਸ’ ਵੀ ਵਸੂਲਿਆ ਜਾਂਦਾ ਹੈ। ਇਸ ਤੋਂ ਇਲਾਵਾ ਬਿਜਲੀ ਦੇ ਬਿਲ, ਸ਼ਰਾਬ, ਜ਼ਮੀਨਾਂ ਦੀ ਰਜਿਸਟਰੇਸ਼ਨ ਸਮੇਤ ਹੋਰ ਬਹੁਤ ਸਾਰੇ ਥਾਵਾਂ ਉਤੇ ‘ਗਾਂ ਟੈਕਸ’ ਲਿਆ ਜਾਂਣਾ ਹੈ ਪਰ ਇਸ ਦੇ ਬਾਵਜੂਦ ਅਵਾਰਾ ਗਾਵਾਂ ਸੜਕਾਂ ‘ਤੇ ਬੇਰੋਕ ਘੁੰਮਦੀਆਂ ਹਨ ਅਤੇ ਰਾਹਗੀਰਾਂ ਦੀਆਂ ਜਾਨਾਂ ਲੈਂਦੀਆਂ ਹਨ। ਫਿਰ ਇਹ ਫੰਡ ਕਿੱਥੇ ਜਾ ਰਿਹਾ ਹੈ? ਕੀ ਇਹ ਕਾਗਜ਼ਾਂ ਦਾ ਢਿੱਡ ਹੀ ਭਰ ਰਿਹਾ ਹੈ ਅਤੇ ਸਰਕਾਰਾਂ ਇਸ ਨੂੰ ਹੋਰ ਪਾਸੇ ਵਰਤ ਰਹੀਆਂ ਹਨ?
ਸਰਕਾਰਾਂ ਬੜੀ ਬੇਸ਼ਰਮੀ ਨਾਲ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜੀ ਬੈਠੀਆਂ ਹਨ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਭੋਰਾ ਵੀ ਚਿੰਤਾ ਨਹੀਂ ਹੈ। ਦੇਸ਼ ਵਿਚ ਸੜਕਾਂ ਦਾ ਪਹਿਲਾਂ ਹੀ ਬੁਰਾ ਹਾਲ ਹੈ। ਵਾਹਨਾਂ ‘ਤੇ ਰੋਡ ਟੈਕਸ ਸੜਕਾਂ ਦੀ ਬਿਹਤਰ ਵਿਵਸਥਾ ਲਈ ਹੀ ਵਸੂਲ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਥਾਂ-ਥਾਂ ਟੋਲ ਟੈਕਸ ਲਾ ਕੇ ਵੱਖਰੀ ਲੁੱਟ ਕੀਤੀ ਜਾ ਰਹੀ ਹੈ। ਬਗੈਰ ਟੋਲ ਟੈਕਸ ਵਾਲੀਆਂ ਸੜਕਾਂ ਵਿਚ ਫੁੱਟ-ਫੁੱਟ ਡੂੰਘੇ ਟੋਏ ਹਨ ਭਾਵੇਂ ਉਹ ਰਾਜ ਮਾਰਗ ਹੀ ਕਿਉਂ ਨਾ ਹੋਣ। ਇਹ ਟੋਏ ਰੋਜ਼ਾਨਾਂ ਅਨੇਕਾਂ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਬੇਕਸੂਰ ਰਾਹਗੀਰਾਂ ਦਾ ਕਾਲ ਬਣ ਰਹੇ ਹਨ। ਮਜ਼ਾਲ ਹੈ ਕਿ ਸਰਕਾਰ ਦੇ ਕੰਨ੍ਹ ‘ਤੇ ਫਿਰ ਵੀ ਕੋਈ ਜੂੰਅ ਸਰਕ ਰਹੀ ਹੋਵੇ?
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 2018 ਵਿਚ ਕਿਹਾ ਸੀ ਕਿ ਅਵਾਰਾ ਜਾਨਵਰਾਂ ਕਾਰਨ ਹਾਦਸਿਆਂ ਲਈ ਸਰਕਾਰ ਮੁਆਵਜ਼ੇ ਦੀ ਨੀਤੀ ਬਣਾਵੇ। ਪਰ ਅੱਜ ਤੱਕ ਇਸ ‘ਤੇ ਕੋਈ ਅਮਲ ਨਹੀਂ ਹੋਇਆ। ਸਰਕਾਰ ਜੋ ਟੈਕਸ ਲੈਂਦੀ ਹੈ ਉਸ ਦੇ ਬਦਲੇ ਨਾਗਰਿਕਾਂ ਨੂੰ ਸੁਰੱਖਿਆ ਅਤੇ ਸਹੂਲਤਾਂ ਨਹੀਂ ਦਿੰਦੀ। ਇਸ ਸਭ ਕੁਝ ਦੇ ਜ਼ਿੰਮੇਵਾਰ ਅਸੀਂ ਸਾਰੇ ਹਾਂ। ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਹੈ ਤਾਂ ਜਨਤਾ ਦੀ ਚੁੱਪ ਵੀ ਗੈਰ-ਜ਼ਿੰਮੇਵਾਰਾਨਾ ਹੈ। ਸਰਕਾਰ ਨੂੰ ਦਿੱਤੇ ਜਾਂਦੇ ਟੈਕਸਾਂ ਬਦਲੇ ਸਹੂਲਤਾਂ ਅਤੇ ਨਾਗਰਿਕ ਸੁਰੱਖਿਆ ਦੇ ਬੰਦੋਬਸਤ ਲਈ ਸਰਕਾਰ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ।
-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)

RELATED ARTICLES
POPULAR POSTS