ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ 21 ਸਤੰਬਰ ਨੂੰ ਫ਼ਲਾਵਰਸਿਟੀ ਫ਼ਰੈਂਡਜ਼ ਕਲੱਬ ਵੱਲੋਂ ਸੀਨੀਅਰਜ਼ ਦੇ ਇਕੱਲੇਪਨ ਤੇ ਇਸ ਨੂੰ ਦੂਰ ਕਰਨ ਦੇ ਉਪਾਆਂ ਬਾਰੇ ਇੱਕ ਸ਼ਾਨਦਾਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੇ ਮੁੱਖ-ਬੁਲਾਰੇ ਸਰਟੀਫਾਈਡ ਕੌਂਸਲਰ ਡਾ. ਭਾਈ ਗੁਲਜ਼ਾਰ ਸਿੰਘ ਸਨ ਜੋ ਗੁਰਬਾਣੀ ਦੇ ਮਹਾਨ ਵਿਦਵਾਨ ਤੇ ਵਧੀਆ ਪ੍ਰਚਾਰਕ ਹੋਣ ਦੇ ਨਾਲ ਨਾਲ ਇਨਸਾਨੀ ਦਿਮਾਗ਼ੀ ਉਲਝਣਾਂ ਬਾਰੇ ਵੀ ਕਾਫ਼ੀ ਮੁਹਾਰਤ ਰੱਖਦੇ ਹਨ। ਕਲੱਬ ਦੇ 100 ਤੋਂ ਵਧੀਕ ਮੈਂਬਰਾਂ ਨੇ ਇਸ ਮੌਕੇ ਇਸ ਸੈਮੀਨਾਰ ਵਿੱਚ ਉਨ੍ਹਾਂ ਵੱਲੋਂ ਪ੍ਰਦਾਨ ਕੀਤੀ ਜਾਣਕਾਰੀ ਦਾ ਲਾਭ ਉਠਾਇਆ।
ਪ੍ਰੋਗਰਾਮ ਦਾ ਆਰੰਭ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਸੈਮੀਨਾਰ ਦੇ ਮੁੱਖ-ਬੁਲਾਰੇ ਡਾ. ਗੁਲਜ਼ਾਰ ਸਿੰਘ, ਆਏ ਮਹਿਮਾਨਾਂ ਤੇ ਕਲੱਬ ਦੇ ਮੈਂਬਰਾਂ ਨੂੰ ਨਿੱਘੀ ‘ਜੀ ਆਇਆਂ’ ਕਹਿਣ ਨਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿੱਚ ਉਮਰ ਦੇ ਇਸ ਪੜਾਅ ਵਿੱਚ ਸੀਨੀਅਰਾਂ ਵੱਲੋਂ ਇਕੱਲਾਪਨ ਨੂੰ ਹੰਢਾਉਣਾ ਇੱਕ ਗੰਭੀਰ ਸਮੱਸਿਆ ਹੈ ਅਤੇ ਇਸ ਪ੍ਰਕਾਰ ਦੇ ਸੈਮੀਨਾਰਾਂ ਵਿੱਚ ਇਸ ਸਮੱਸਿਆ ਦੇ ਹੱਲ ਸੋਚਣ, ਸਮਝਣ ਅਤੇ ਉਨ੍ਹਾਂ ਨੂੰ ਅੱਗੋਂ ਅਮਲ ਵਿੱਚ ਲਿਆਉਣ ਦੇ ਯਤਨ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਇਹ ਸੈਮੀਨਾਰ ਵੀ ਇਨ੍ਹਾਂ ਕੋਸ਼ਿਸ਼ਾਂ ਦੀ ਲੜੀ ਦਾ ਇੱਕ ਹਿੱਸਾ ਹੈ।
ਆਪਣੇ ਮੁੱਖ-ਭਾਸ਼ਨ ਵਿੱਚ ਡਾ. ਗੁਲਜ਼ਾਰ ਸਿੰਘ ਹੁਰਾਂ ਵੱਲੋਂ ਸੀਨੀਅਰਾਂ ਦੇ ਇਕੱਲੇਪਨ ਕਾਰਨ ਉਨ੍ਹਾਂ ਉੱਪਰ ਪੈਣ ਵਾਲੇ ਇਸ ਦੇ ਭਾਵਨਾਤਮਿਕ ਅਤੇ ਸਰੀਰਕ ਪੱਖਾਂ ਦੀ ਡੂੰਘੀ ਪੜਚੋਲ ਤੇ ਵਿਆਖਿਆ ਕੀਤੀ ਗਈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਜਦੋਂ ਸੀਨੀਅਰ ਆਪਣੇ ਆਪ ਨੂੰ ਸਮਾਜ ਨਾਲੋਂ ਕੱਟਿਆ ਹੋਇਆ ਮਹਿਸੂਸ ਕਰਦੇ ਹਨ ਤਾਂ ਇਸਦਾ ਉਨ੍ਹਾਂ ਦੇ ਦਿਮਾਗ਼ ਅਤੇ ਸਰੀਰ ਦੋਹਾਂ ‘ਤੇ ਹੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
ਸਾਨੂੰ ਉਨ੍ਹਾਂ ਦੇ ਲੋਕਾਂ ਨਾਲ ਮਿਲਣ-ਗਿਲਣ ਅਤੇ ਗੱਲਬਾਤ ਸਾਂਝੀ ਕਰਨ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਤਾਂ ਜੋ ਉਹ ਵੱਖ-ਵੱਖ ਗਰੁੱਪਾਂ ਵਿਚ ਜਾ ਕੇ ਆਪਣੀ ਗੱਲ ਹੋਰਨਾਂ ਨਾਲ ਸਾਂਝੀ ਕਰ ਸਕਣ ਅਤੇ ਮਨਾਂ ਦਾ ਬੋਝ ਹਲਕਾ ਕਰਕੇ ਆਪਣਾ ਜੀਵਨ ਖ਼ੁਸ਼ੀ-ਖ਼ੁਸੀ ਬਤੀਤ ਕਰ ਸਕਣ। ਉਨ੍ਹਾਂ ਨੇ ਪਰਿਵਾਰਾਂ ਤੇ ਕਮਿਊਨਿਟੀ ਗਰੁੱਪਾਂ ਨੂੰ ਇਸ ਸਮੱਸਿਆ ਦੇ ਹੱਲ ਕਰਨ ਲਈ ਆਪਣੇ ਵੱਲੋਂ ਵੱਧ ਤੋਂ ਵੱਧ ਯਤਨ ਕਰਨ ਲਈ ਕਿਹਾ।
ਇਸ ਸੈਮੀਨਾਰ ਵਿੱਚ ਰੀਜਨਲ ਕੌਂਸਲਰ ਰਵੇਨਾ ਸੈਂਤੋਸ ਵੱਲੋਂ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ, ”ਸੀਨੀਅਰਜ਼ ਸਾਡੀ ਕਮਿਊਨਿਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਐੱਫ.ਸੀ.ਐੱਫ.ਸੀ. ਕਲੱਬ ਉਨ੍ਹਾਂ ਬਾਰੇ ਵਿਸ਼ੇਸ਼ ਧਿਆਨ ਦੇਣ ਦੀ ਦਿਸ਼ਾ ਵਿੱਚ ਬਾਖ਼ੂਬੀ ਕੰਮ ਕਰ ਰਹੀ ਹੈ। ਕਲੱਬ ਵੱਲੋਂ ਕੀਤੇ ਜਾ ਰਹੇ ਅਜਿਹੇ ਕੰਮ ਅਤੀ-ਸਲਾਹੁਣਯੋਗ ਹਨ ਅਤੇ ਉਨ੍ਹਾਂ ਨੂੰ ਇੱਥੇ ਇਸ ਸੈਮੀਨਾਰ ਵਿੱਚ ਸ਼ਾਮਲ ਹੋ ਕੇ ਬੜੀ ਖ਼ੁਸ਼ੀ ਤੇ ਤਸੱਲੀ ਹੋਈ ਹੈ।”
ਇਸ ਸਬੰਧ ਵਿੱਚ ਬਰੈਂਪਟਨ ਦੇ ਮੇਅਰ ਵੱਲੋਂ ਪੈਟਰਿਕ ਬਰਾਊਨ ਵੱਲੋਂ ਭੇਜਿਆ ਗਿਆ ਸੁਨੇਹਾ ਗਿਆਨ ਪਾਲ ਹੁਰਾਂ ਵੱਲੋਂ ਪੜ੍ਹ ਕੇ ਸੁਣਾਇਆ ਗਿਆ, ਜਿਸ ਵਿੱਚ ਮੇਅਰ ਬਰਾਊਨ ਦਾ ਕਹਿਣਾ ਸੀ, ”ਮੈਂ ਇਸ ਕਲੱਬ ਵੱਲੋਂ ਸੀਨੀਅਰਾਂ ਦੀ ਇਸ ਸਮੱਸਿਆ ਦੇ ਹੱਲ ਲਈ ਕੀਤੇ ਜਾਣ ਵਾਲੇ ਇਸ ਸੈਮੀਨਾਰ ਦੀ ਭਾਰੀ ਪ੍ਰਸ਼ੰਸਾ ਕਰਦਾ ਹਾਂ। ਕਲੱਬ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਸੀਨੀਅਰਾਂ ਨੂੰ ਸਮਾਜ ਨਾਲ ਹੋਰ ਵਧੇਰੇ ਚੰਗੀ ਤਰ੍ਹਾਂ ਜੋੜਨ ਵਿੱਚ ਸਹਾਈ ਹੋਵੇਗਾ।”
ਸੈਮੀਨਾਰ ਦੀ ਸਮਾਪਤੀ ਤੋਂ ਬਾਅਦ ਮੀਨਾ ਮੋਧ ਤੇ ਸ਼ਿਵਾਲੀ ਵੱਲੋਂ ਮਿਲ਼ ਕੇ ਬੜੀ ਸੁਰੀਲੀ ਆਵਾਜ਼ ਵਿੱਚ ਗੁਰਬਾਣੀ ਦਾ ਸ਼ਬਦ ਪੇਸ਼ ਕੀਤਾ ਗਿਆ। ਹਰਮੀਤ ਕੁਲਾਰ, ਚਰਨਜੀਤ ਵਾਲੀਆ, ਜਿਓਤੀ, ਮਿਸਜ਼ ਚੌਹਾਨ ਅਤੇ ਮਿਸਿਜ਼ ਡਾਂਗ ਵੱਲੋਂ ਸਾਂਝੇ ਤੌਰ ‘ਤੇ ਇੱਕ ਸਕਿੱਟ ਪੇਸ਼ ਕਿਤੀ ਗਈ ਜਿਸ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਅਵਤਾਰ ਬਰਾੜ ਦੇ ਗੀਤ ਨਾਲ ਸਰੋਤੇਆਂ ਨੇ ਡਾਂਸ ਕਰਕੇ ਚੰਗਾ ਰੰਗ ਬੰਨ੍ਹਿਆਂ ਅਤੇ ਕਈਆਂ ਵੱਲੋਂ ਭੰਗੜਾ ਤੇ ਗਿੱਧਾ ਵੀ ਪਾਇਆ ਗਿਆ। ਇਸ ਦੌਰਾਨ ਜਿਓਤੀ ਡਾਡੀਵਾਲਾ ਵੱਲੋਂ ਸਮੁੱਚੇ ਪ੍ਰੋਗਰਾਮ ਨੂੰ ਇੱਕ ਲੜੀ ਵਿੱਚ ਪਰੋ ਕੇ ਸਰੋਤਿਆਂ ਸਾਹਮਣੇ ਬਾਖ਼ੂਬੀ ਪੇਸ਼ ਕੀਤਾ ਗਿਆ।
ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਜਗਮੋਹਨ ਸਿੰਘ ਚੌਹਾਨ, ਅਵਤਾਰ ਬਰਾੜ, ਜਿਓਤੀ ਡਾਡੀਵਾਲਾ, ਮਨਜੀਤ ਭੱਚੂ, ਗਿਆਨ ਪਾਲ, ਸੁਰਿੰਦਰ ਗਾਂਧੀ, ਚਰਨਜੀਤ ਸਿੰਘ ਢਿੱਲੋਂ, ਨਿਸ਼ੀ ਸ਼ਰਮਾ ਅਤੇ ਦਰਸ਼ਨ ਸਿੰਘ ਦੇ ਜਨਮ-ਦਿਨਾਂ ਨੂੰ ਸਮੂਹਿਕ ਤੌਰ ‘ਤੇ ਮਨਾਇਆ ਜਾਣਾ ਸੀ। ਇਨ੍ਹਾਂ ਨੌਂ ਮੈਂਬਰਾਂ ਨੇ ਮਿਲ਼ ਕੇ ਇੱਕ ਵੱਡਾ ਕੇਕ ਕੱਟਿਆ, ਇੱਕ ਦੂਸਰੇ ਦਾ ਮੂੰਹ ਮਿੱਠਾ ਕਰਾਇਆ ਅਤੇ ‘ਹੈਪੀ ਬਰਥਡੇਅ ਟੂ ਯੂ’ ਗਾਣਾ ਸਾਰੇ ਮੈਂਬਰਾਂ ਨਾਲ ਗਾ ਕੇ ਆਪਣੇ ਮਨਾਂ ਦੇ ਵਲਵਲੇ ਸਾਂਝੇ ਕੀਤੇ।
ਸਮਾਗ਼ਮ ਦੀ ਸਮਾਪਤੀ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਸਮਾਗ਼ਮ ਦੇ ਮੁੱਖ-ਬੁਲਾਰੇ ਡਾ. ਗੁਲਜ਼ਾਰ ਸਿੰਘ, ਮੇਅਰ ਪੈਟਰਿਕ ਬਰਾਊਨ, ਕੌਂਸਲਰ ਰੋਵੇਨਾ ਸੈਂਟੋਸ ਅਤੇ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਨ ਨਾਲ ਹੋਈ।
ਉਨ੍ਹਾਂ ਕਿਹਾ, ”ਅਸੀਂ ਮਿਲ਼ ਕੇ ਸੀਨੀਅਰਾਂ ਦੇ ਲਈ ਮਜ਼ਬੂਤ, ਇੱਕ-ਜੁਟਤਾ ਅਤੇ ਖ਼ੁਸ਼-ਮਿਜਾਜ਼ ਮਾਹੌਲ ਵਾਲੀ ਕਮਿਊਨਿਟੀ ਬਣਾ ਸਕਦੇ ਹਾਂ ਅਤੇ ਅਸੀਂ ਸਾਰੇ ਇਸ ਦੇ ਲਈ ਯਤਨਸ਼ੀਲ ਹਾਂ।
ਕਲੱਬ ਸੀਨੀਅਰਾਂ ਲਈ ਖ਼ੂਬਸੂਰਤ ਪਲੇਟਫ਼ਾਰਮ ਤਿਆਰ ਕਰੇਗੀ ਜਿੱਥੇ ਉਹ ਚੁਸਤ-ਦਰੁੱਸਤ ਤੇ ਸੁਰੱਖ਼ਿਅਤ ਰਹਿ ਕੇ ਖ਼ੁਸੀ ਭਰਪੂਰ ਆਪਣਾ ਜੀਵਨ ਗ਼ੁਜ਼ਾਰ ਸਕਣ।”
ਫ਼ਲਾਵਰਸਿਟੀ ਸੀਨੀਅਰਜ਼ ਫ਼ਰੈਂਡਜ਼ ਕਲੱਬ ਨੇ ਸੀਨੀਅਰਾਂ ਦੇ ਇਕੱਲੇਪਨ ਬਾਰੇ ਆਯੋਜਿਤ ਕੀਤਾ ਸੈਮੀਨਾਰ
RELATED ARTICLES




