Breaking News
Home / ਕੈਨੇਡਾ / ਕੈਨੇਡਾ ਹੈ ਦੁਨੀਆ ਦਾ ਸੱਤਵਾਂ ਸਭ ਤੋਂ ਖੁਸ਼ ਦੇਸ਼

ਕੈਨੇਡਾ ਹੈ ਦੁਨੀਆ ਦਾ ਸੱਤਵਾਂ ਸਭ ਤੋਂ ਖੁਸ਼ ਦੇਸ਼

ਭਾਰਤ ਤੋਂ ਵੱਧ ਖੁਸ਼ਹਾਲ ਦੇਸ਼ ਹੈ ਪਾਕਿਸਤਾਨ ਅਤੇ ਚੀਨ
ਟੋਰਾਂਟੋ/ ਬਿਊਰੋ ਨਿਊਜ਼
ਕੈਨੇਡਾ ਦੁਨੀਆ ਦੇ ਖੁਸ਼ਹਾਲ ਦੇਸ਼ਾਂ ਦੀ ਸੂਚੀ ਵਿਚ ਸੱਤਵੇਂ ਨੰਬਰ ‘ਤੇ ਹੈ।ઠਸੰਯੁਕਤ ਰਾਸ਼ਟਰ ਵਲੋਂ ਪੇਸ਼ ਕੀਤੀ ਗਈ ‘ਵਰਲਡ ਹੈਪੀਨੈਸ’ ਰਿਪੋਰਟ 2018 ਵਿਚ ਸ਼ਾਮਲ 156 ਦੇਸ਼ਾਂ ਦੀ ਸੂਚੀ ਵਿਚ ਫਿਨਲੈਂਡ ਇਸ ਵਾਰ ਨਾਰਵੇ ਨੂੰ ਪਛਾੜ ਦੇ ਦੁਨੀਆ ਦਾ ਸਭ ਤੋਂ ਵੱਧ ਖੁਸ਼ਹਾਲ ਦੇਸ਼ ਬਣ ਗਿਆ। ਇਸੇ ਤਰ੍ਹਾਂ ਕੈਨੇਡਾ ਪਿਛਲੇ ਸਾਲ ਵੀ ਸੱਤਵੇਂ ਨੰਬਰ ‘ਤੇ ਸੀ ਅਤੇ ਇਸ ਵਾਰ ਵੀ ਆਪਣਾ ਇਹੀ ਸਥਾਨ ਹਾਸਲ ਕਰਨ ਵਿਚ ਕਾਮਯਾਬ ਰਿਹਾ।
ਖੁਸ਼ਹਾਲੀ ਵਿਚ ਭਾਰਤ ਗੁਆਂਢੀ ਦੇਸ਼ ਪਾਕਿਸਤਾਨ ਅਤੇ ਚੀਨ ਤੋਂ ਵੀ ਕਾਫ਼ੀ ਪਿੱਛੇ ਹੈ। ਸੰਯੁਕਤ ਰਾਸ਼ਟਰ ਦੀ ਇਹ ਰਿਪੋਰਟ ਭਾਰਤ ਦੇ ਸ਼ਾਸਨ ਅਤੇ ਪ੍ਰਸ਼ਾਸਨ ‘ਤੇ ਇਕ ਵੱਡਾ ਸਵਾਲ ਖੜ੍ਹਾ ਕਰਦੀ ਹੈ। ਇਸ ਸੂਚੀ ਵਿਚ ਅਮਰੀਕਾ 18ਵੇਂ ਨੰਬਰ ‘ਤੇ ਹੈ। ਇਸ ਮਾਮਲੇ ਵਿਚ ਭਾਰਤ ਦੀ ਹਾਲਤ ਹੋਰ ਵਿਗੜੀ ਹੈ। ਪਿਛਲੇ ਸਾਲ ਉਹ 122ਵਾਂ ਸਭ ਤੋਂ ਖੁਸ਼ਹਾਲ ਦੇਸ਼ ਸੀ। ਇਸ ਵਾਰ 11 ਸਥਾਨ ਥੱਲੇ ਖਿਸਕ ਕੇ 133ਵੇਂ ਨੰਬਰ ‘ਤੇ ਆ ਗਿਆ।
ਸੰਯੁਕਤ ਰਾਸ਼ਟਰ ਵਲੋਂ ਪੇਸ਼ ਕੀਤੀ ਗਈ ਰਿਪੋਰਟ ਵਿਚ ਫਿਨਲੈਂਡ, ਨਾਰਵੇ, ਡੈਨਮਾਰਕ, ਆਈਸਲੈਂਡ, ਸਵਿਟਜ਼ਰਲੈਂਡ, ਨੀਦਰਲੈਂਡਸ, ਕੈਨੇਡਾ, ਨਿਊਜ਼ੀਲੈਂਡ, ਸਵੀਡਨ ਅਤੇ ਆਸਟਰੇਲੀਆ ਨੂੰ ਸਭ ਤੋਂ ਜ਼ਿਆਦਾ ਖੁਸ਼ਹਾਲ ਦੇਸ਼ਾਂ ਦੀ ਸੂਚੀ ਵਿਚ ਟਾਪ 10 ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਪਿਛਲੇ ਸਾਲ ਫਿਨਲੈਂਡ ਪੰਜਵੇਂ ਸਥਾਨ ‘ਤੇ ਸੀ। ਇਸ ਵਾਰ ਫਿਨਲੈਂਡ ਇਸ ਲਈ ਪਹਿਲੇ ਸਥਾਨ ‘ਤੇ ਰਿਹਾ ਹੈ ਕਿਉਂਕਿ ਕੁਦਰਤ, ਸੁਰੱਖਿਆ, ਬੱਚਿਆਂ ਦੀ ਦੇਖਭਾਲ, ਚੰਗੇ ਸਕੂਲ ਅਤੇ ਮੁਫ਼ਤ ਇਲਾਜ ਦੇਸ਼ ਦੇ ਲੋਕਾਂ ਨੂੰ ਖੁਸ਼ਹਾਲ ਰੱਖਦੇ ਹਨ।
ਰਿਪੋਰਟ ਅਨੁਸਾਰ ਦੁਨੀਆ ਦੇ ਸਭ ਤੋਂ ਘੱਟ ਖੁਸ਼ਹਾਲ ਦੇਸ਼ਾਂ ਵਿਚ ਬਰੂਨੇਈ, ਸੈਂਟਰਲ ਅਫ਼ਰੀਕਨ ਰਿਪਬਲਿਕ, ਦੱਖਣੀ ਸੂਡਾਨ, ਤਨਜਾਨੀਆ, ਯਮਨ, ਰਵਾਂਡਾ ਅਤੇ ਸੀਰੀਆ ਆਦਿ ਸ਼ਾਮਲ ਹਨ।
ਅਮਰੀਕਾ ਪਿਛਲੇ ਸਾਲ 14ਵਾਂ ਸਭ ਤੋਂ ਖੁਸ਼ਹਾਲ ਦੇਸ਼ ਸੀ। ਇਸ ਵਾਰ ਖਿਸਕ ਕੇ 18ਵੇਂ ਨੰਬਰ ‘ਤੇ ਆ ਗਿਆ ਹੈ, ਬਰਤਾਨੀਆ 19ਵੇਂ ਅਤੇ ਸੰਯੁਕਤ ਅਰਬ ਅਮੀਰਾਤ 20ਵੇਂ ਨੰਬਰ ‘ਤੇ ਹੈ। ਸੰਯੁਕਤ ਰਾਸ਼ਟਰ ਨੇ ਦੁਨੀਆ ਦੇ ਦੇਸ਼ਾਂ ਦੀ ਖੁਸ਼ਹਾਲੀ ਦਾ ਪਤਾ ਲਗਾਉਣ ਲਈ ਅਪਣੇ ਅਧਿਐਨ ਵਿਚ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ, ਸਮਾਜਿਕ ਸਮਰਥਨ, ਸਮਾਜਿਕ ਆਜ਼ਾਦੀ, ਭਰੋਸਾ, ਭ੍ਰਿਸ਼ਟਾਚਾਰ ਦੀ ਗ਼ੈਰ-ਮੌਜੂਦਗੀ ਅਤੇ ਉਦਾਰਤਾ ਨੂੰ ਖੁਸ਼ਹਾਲੀ ਦਾ ਆਧਾਰ ਬਣਾਇਆ ਹੈ। ਇਸ ਵਾਰ ਰਿਪੋਰਟ ਵਿਚ ਪਰਵਾਸੀਆਂ ਦੇ ਲਈ ਦੁਨੀਆ ਦੇ ਸਭ ਤੋਂ ਜ਼ਿਆਦਾ ਖੁਸ਼ਹਾਲ ਦੇਸ਼ਾਂ ਦੀ ਵੀ ਸੂਚੀ ਜਾਰੀ ਕੀਤੀ ਗਈ ਹੈ। ਇਸ ਮਾਮਲੇ ਵਿਚ ਵੀ ਫਿਨਲੈਂਡ ਨੇ ਬਾਜ਼ੀ ਮਾਰੀ ਹੈ। ਫਿਨਲੈਂਡ ਪਰਵਾਸੀਆਂ ਦੇ ਲਈ ਵੀ ਸਭ ਤੋਂ ਖੁਸ਼ਹਾਲ ਦੇਸ਼ ਹੈ। 55 ਲੱਖ ਆਬਾਦੀ ਵਾਲੇ ਇਸ ਦੇਸ਼ ਵਿਚ ਤਿੰਨ ਲੱਖ ਵਿਦੇਸ਼ੀ ਰਹਿੰਦੇ ਹਨ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …