ਸੜਕੀ ਆਵਾਜਾਈ ਸਬੰਧੀ ਸਮੱਸਿਆਵਾਂ ਨੂੰ ਲੈ ਕੇ ਹੋਈ ਚਰਚਾ : ਔਜਲਾ
ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਬਾਰੇ ਦੱਸਦਿਆਂ ਔਜਲਾ ਨੇ ਦੱਸਿਆ ਕਿ ਉਨ੍ਹਾਂ ਅੰਮ੍ਰਿਤਸਰ ਅਤੇ ਇਸ ਆਲੇ-ਦੁਆਲੇ ਬਣੇ ਪੁਲਾਂ ਨੂੰ ਪਿੱਲਰ ਵਾਲੇ ਪੁਲਾਂ ‘ਚ ਤਬਦੀਲ ਕਰਨ ਅਤੇ ਇਸ ਦੇ ਨਾਲ ਹੀ ਭਵਿੱਖ ਵਿੱਚ ਬਣਨ ਵਾਲੇ ਪੁਲ ਪਿੱਲਰਾਂ ਵਾਲੇ ਬਣਾਏ ਜਾਣ ਦੀ ਮੰਗ ਰੱਖੀ ਹੈ, ਜਿਸ ‘ਤੇ ਕੇਂਦਰੀ ਮੰਤਰੀ ਨੇ ਮੰਗਾਂ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਔਜਲਾ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੱਕ ਬਣਨ ਵਾਲੀ ਐਲੀਵੇਟਿਡ ਰੋਡ ਪ੍ਰਾਜੈਕਟ ਦੀ ਰਿਪੋਰਟ ਵੀ ਮੰਗ ਲਈ ਹੈ। ਉਨ੍ਹਾਂ ਦੱਸਿਆ ਕਿ ਸੰਸਦ ਵਿੱਚ ਪੰਜਾਬ ਨੈਸ਼ਨਲ ਹਾਈਵੇਅ ਅਤੇ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦੀਆਂ ਸੜਕੀ ਆਵਾਜਾਈ ਸਬੰਧੀ ਸਮੱਸਿਆਵਾਂ ਨੂੰ ਕੇਂਦਰੀ ਮੰਤਰੀ ਕੋਲ ਰੱਖ ਕੇ ਬਜਟ ਸ਼ੈਸਨ ਵਿੱਚ ਪ੍ਰਮੁੱਖਤਾ ਨਾਲ ਲਿਆਉਣ ਦੀ ਮੰਗ ਕੀਤੀ ਗਈ ਹੈ। ਸੰਸਦ ਮੈਂਬਰ ਨੇ ਗਡਕਰੀ ਨਾਲ ਭਾਰਤ ਮਾਲਾ ਪ੍ਰਾਜੈਕਟ ਬਾਰੇ ਵੀ ਚਰਚਾ ਕੀਤੀ ਹੈ। ਔਜਲਾ ਨੇ ਦੱਸਿਆ ਕਿ ਉਨ੍ਹਾਂ ਸੁਝਾਅ ਦਿੱਤਾ ਹੈ ਕਿ ਅੰਮ੍ਰਿਤਸਰ ਵਿੱਚ ਅਤੇ ਇਸ ਦੇ ਆਲੇ-ਦੁਆਲੇ ਬਣਨ ਵਾਲੇ ਪੁਲ ਸ਼ਹਿਰ ਦੀ ਦਿੱਖ ਨੂੰ ਵਿਗਾੜਦੇ ਤੇ ਯਾਤਰੀਆਂ ਦੀਆਂ ਸਮੱਸਿਆਵਾਂ ਵਧਾਉਂਦੇ ਹਨ। ਇਸ ਲਈ ਪਿੱਲਰਾਂ ਵਾਲੇ ਪੁਲ ਬਣਨੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਮੰਗ ਰੱਖੀ ਹੈ ਕਿ ਅੰਮ੍ਰਿਤਸਰ ਦੇ ਨਾਲ ਡੇਰਾ ਬਾਬਾ ਨਾਨਕ ਵਿੱਚ ਸੰਗਤ ਦੀ ਆਮਦ ਨੂੰ ਵੇਖਦਿਆਂ ਅੰਮ੍ਰਿਤਸਰ-ਹਵਾਈ ਅੱਡਾ ਐਲੀਵੇਟਿਡ ਰੋਡ ਨੂੰ ਬਣਾਉਣ ਵਿੱਚ ਦੇਰ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਮਾਨਾਂਵਾਲਾ ਤੋਂ ਗੋਲਡਨ ਗੇਟ ਤੱਕ ਦੇ ਮਿੱਟੀ ਵਾਲੇ ਪੁਲਾਂ ਨੂੰ ਪਿੱਲਰ ਵਾਲੇ ਪੁਲਾਂ ਵਿੱਚ ਤਬਦੀਲ ਕੀਤਾ ਜਾਵੇ। ਇਸ ਦੇ ਨਾਲ ਅੰਮ੍ਰਿਤਸਰ ਬਾਈਪਾਸ ਤੇ ਲਾਈਟਾਂ ਤੇ ਅੰਮ੍ਰਿਤਸਰ-ਪਠਾਨਕੋਟ ਹਾਈਵੇਅ ਦੀ ਮੁਰੰਮਤ ਆਦਿ ਦੇ ਕਾਰਜ ਵੀ ਛੇਤੀ ਆਰੰਭੇ ਜਾਣ ਦੀ ਮੰਗ ਰੱਖੀ ਹੈ। ਸੰਸਦ ਮੈਂਬਰ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਇਸ ਸਬੰਧੀ ਹਾਂ ਪੱਖੀ ਹੁੰਗਾਰਾ ਦਿੱਤਾ ਤੇ ਸਾਰੇ ਕੰਮ ਪੂਰੇ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਕੇਂਦਰੀ ਮੰਤਰੀ ਵੀ ਕੇ ਸਿੰਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸੰਸਦ ਸੀ ਪੀ ਜੋਸ਼ੀ ਵੀ ਮੌਜੂਦ ਸਨ।