Breaking News
Home / ਭਾਰਤ / ਪ੍ਰਮੋਦ ਕੁਮਾਰ ਤੇ ਚੇਤਨ ਕੁਮਾਰ ਚੀਤਾ ਸਮੇਤ 5 ਨੂੰ ਮਿਲੇਗਾ ਕੀਰਤੀ ਚੱਕਰ

ਪ੍ਰਮੋਦ ਕੁਮਾਰ ਤੇ ਚੇਤਨ ਕੁਮਾਰ ਚੀਤਾ ਸਮੇਤ 5 ਨੂੰ ਮਿਲੇਗਾ ਕੀਰਤੀ ਚੱਕਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੋ ਫ਼ੌਜੀਆਂ ਸਣੇ ਪੰਜ ਸੁਰੱਖਿਆ ਜਵਾਨਾਂ ਨੂੰ ਬਹਾਦਰੀ ਲਈ ਵੱਕਾਰੀ ਕੀਰਤੀ ਚੱਕਰ ਦੇਣ ਦਾ ਐਲਾਨ ਕੀਤਾ ਹੈ। ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਬਹਾਦਰੀ ਸਨਮਾਨ ਹੈ, ਜੋ ਤਿੰਨ ਜਵਾਨਾਂ ਨੂੰ ਮੌਤ ਤੋਂ ਬਾਅਦ ਦਿੱਤਾ ਜਾਵੇਗਾ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਦੇਸ਼ ਦੇ 71ਵੇਂ ਆਜ਼ਾਦੀ ਦਿਹਾੜੇ ਤੋਂ ਪਹਿਲੜੀ ਸ਼ਾਮ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਫ਼ੌਜ ਤੇ ਨੀਮ ਫ਼ੌਜੀ ਦਸਤਿਆਂ ਦੇ 112 ਜਵਾਨਾਂ ਨੂੰ ਬਹਾਦਰੀ ਸਨਮਾਨ ਦੇਣ ਦੀ ਮਨਜ਼ੂਰੀ ਦਿੱਤੀ। ਇਨ੍ਹਾਂ ਵਿੱਚੋਂ ਗੋਰਖਾ ਰਾਈਫਲਜ਼ ਦੇ ਹਵਲਦਾਰ ਗਿਰੀਸ਼ ਗੁਰੰਗ, ਨਾਗਾ ਰੈਜੀਮੈਂਟ ਦੇ ਮੇਜਰ ਡੇਵਿਡ ਮਾਨਲੁਨ ਅਤੇ ਸੀਆਰਪੀਐਫ਼ ਦੀ 49ਵੀਂ ਬਟਾਲੀਅਨ ਦੇ ਕਮਾਂਡੈਂਟ ਪ੍ਰਮੋਦ ਕੁਮਾਰ ਨੂੰ ਮੌਤ ਤੋਂ ਬਾਅਦ ਕੀਰਤੀ ਚੱਕਰ ਦਿੱਤਾ ਜਾਵੇਗਾ। ਗੜ੍ਹਵਾਲ ਰਾਈਫਲਜ਼ ਦੇ ਮੇਜਰ ਪ੍ਰੀਤਮ ਸਿੰਘ ਕੁੰਵਰ ਤੇ ਸੀਆਰਪੀਐਫ਼ ਦੇ ਸੀਨੀਅਰ ਅਧਿਕਾਰੀ ਚੇਤਨ ਕੁਮਾਰ ਚੀਤਾ ਵੀ ਕੀਰਤੀ ਚੱਕਰ ਹਾਸਲ ਕਰਨਗੇ।
ਸਭ ਤੋਂ ਵੱਡੇ ਬਹਾਦਰੀ ਸਨਮਾਨ ਅਸ਼ੋਕ ਚੱਕਰ ਲਈ ਕੋਈ ਨਾਂ ਨਹੀਂ ਐਲਾਨਿਆ ਗਿਆ। ਰਾਸ਼ਟਰਪਤੀ, ਜੋ ਦੇਸ਼ ਦੀਆਂ ਫ਼ੌਜਾਂ ਦੇ ਸੁਪਰੀਮ ਕਮਾਂਡਰ ਵੀ ਹਨ, ਵੱਲੋਂ ਐਲਾਨੇ ਗਏ ਬਹਾਦਰੀ ਪੁਰਸਕਾਰਾਂ ਵਿੱਚ ਪੰਜ ਕੀਰਤੀ ਚੱਕਰਾਂ ਤੋਂ ਇਲਾਵਾ 17 ਸ਼ੌਰਿਆ ਚੱਕਰ, 85 ਸੈਨਾ ਮੈਡਲ, ਤਿੰਨ ਨੌਸੈਨਾ (ਸਮੁੰਦਰੀ ਫ਼ੌਜ ਲਈ) ਤੇ ਦੋ ਵਾਯੂ ਸੈਨਾ ਮੈਡਲ (ਹਵਾਈ ਫ਼ੌਜ ਲਈ) ਸ਼ਾਮਲ ਹਨ।

 

Check Also

ਈਡੀ ਨੇ ਸੁਪਰੀਮ ਕੋਰਟ ’ਚ ਹਲਫਨਾਮਾ ਦਾਇਰ ਕਰਕੇ ਕੇਜਰੀਵਾਲ ਦੀ ਗਿ੍ਰਫ਼ਤਾਰੀ ਨੂੰ ਦੱਸਿਆ ਸਹੀ

ਕਿਹਾ : ਸਬੂਤਾਂ ਤੋਂ ਪਤਾ ਚਲਦਾ ਹੈ ਕਿ ਸ਼ਰਾਬ ਘੋਟਾਲੇ ’ਚ ਕੇਜਰੀਵਾਲ ਦਾ ਵੀ ਹੈ …