Breaking News
Home / ਭਾਰਤ / ਉਤਰ ਪ੍ਰਦੇਸ਼ : ਯੋਗੀ ਰਾਜ ਦੌਰਾਨ 6 ਦਿਨਾਂ ‘ਚ ਹਸਪਤਾਲ ‘ਚ ਹੋਈਆਂ 63 ਮੌਤਾਂ

ਉਤਰ ਪ੍ਰਦੇਸ਼ : ਯੋਗੀ ਰਾਜ ਦੌਰਾਨ 6 ਦਿਨਾਂ ‘ਚ ਹਸਪਤਾਲ ‘ਚ ਹੋਈਆਂ 63 ਮੌਤਾਂ

ਹਸਪਤਾਲ ਵਲੋਂ ਪੈਸਿਆਂ ਦਾ ਭੁਗਤਾਨ ਨਾ ਕਰਨ ਕਰਕੇ ਕੰਪਨੀ ਨੇ ਆਕਸੀਜਨ ਦੀ ਸਪਲਾਈ ਕੀਤੀ ਸੀ ਬੰਦ
ਲਖਨਊ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਗੜ੍ਹ ਗੋਰਖਪੁਰ ਦੇ ਬਾਬਾ ਰਾਘਵ ਦਾਸ ਮੈਡੀਕਲ ਕਾਲਜ ਵਿਚ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਨ ਲੰਘੇ 6 ਦਿਨਾਂ ਵਿਚ ਬੱਚਿਆਂ ਦੀਆਂ ਮੌਤਾਂ ਦੀ ਗਿਣਤੀ ਵਧ ਕੇ 63 ਹੋ ਗਈ ਹੈ। ਇਸ ਨੂੰ ਲੈ ਕੇ ਸਿਆਸਤ ਵੀ ਭਖ ਗਈ ਹੈ। ਮੈਡੀਕਲ ਕਾਲਜ ਕੰਪਲੈਕਸ ਵਿਚ ਸਿਆਸੀ ਆਗੂਆਂ ਦਾ ਜਮਾਵੜਾ ਲੱਗਿਆ ਹੋਇਆ ਹੈ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਮਿਸ਼ਰਾ ਨੂੰ ਮੁਅੱਤਲ ਕਰ ਦਿੱਤਾ। ਉਧਰ ਮੁੱਖ ਮੰਤਰੀ ਅੱਤਿਆਨਾਥ ਯੋਗੀ ਦਾ ਕਹਿਣਾ ਹੈ ਕਿ ਇਹ ਮੌਤਾਂ ਗੰਦਗੀ ਦੇ ਕਾਰਨ ਹੋਈਆਂ ਹਨ। ਉਹਨਾਂ ਕਿਹਾ ਕਿ ਲੋਕ ਸਫਾਈ ਨੂੰ ਲੈ ਕੇ ਜਾਗਰੂਕ ਨਹੀਂ ਹਨ। ਹਰਿਆਣਾ ਦੇ ਸਿਹਤ ਮੰਤਰੀ ਦਾ ਕਹਿਣਾ ਕਿ ਅਗਸਤ ਵਿਚ ਬੱਚਿਆਂ ਦੀਆਂ ਮੌਤਾਂ ਜ਼ਿਆਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਲ 2014 ਵਿਚ 567 ਬੱਚਿਆਂ ਦੀ ਮੌਤ ਹੋਈ ਸੀ। ਦੂਜੇ ਪਾਸੇ ਕਾਂਗਰਸ ਇਸ ਮਾਮਲੇ ਦਾ ਸਾਰਾ ਭਾਂਡਾ ਯੋਗੀ ਸਰਕਾਰ ਸਿਰ ਭੰਨ੍ਹ ਰਹੀ ਹੈ ਅਤੇ ਮੁੱਖ ਮੰਤਰੀ ਕੋਲੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਇਸ ਬਾਰੇ ਸੂਬਾ ਪ੍ਰਸ਼ਾਸਨ ਕੋਲੋਂ ਰਿਪੋਰਟ ਮੰਗ ਲਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਦਾ ਹਸਪਤਾਲ ਵੱਲ 68 ਲੱਖ ਰੁਪਏ ਦਾ ਬਕਾਇਆ ਸੀ ਤਾਂ ਜੋ ਕੰਪਨੀ ਨੇ ਆਕਸੀਜਨ ਦੀ ਸਪਲਾਈ ਬੰਦ ਕਰ ਦਿੱਤੀ ਸੀ। ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਯੂਪੀ ਸਰਕਾਰ ਨੂੰ ਨੋਟਿਸ ਭੇਜ ਕੇ ਇਸ ਮਾਮਲੇ ਦੀ ਰਿਪੋਰਟ ਮੰਗ ਲਈ ਹੈ।
ਮੌਤਾਂ ਆਕਸੀਜਨ ਦੀ ਕਮੀ ਕਾਰਨ ਨਹੀਂ: ਯੋਗੀ
ਲਖਨਊ: ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਜੱਦੀ ਹਲਕੇ ਗੋਰਖਪੁਰ ਦੇ ਸਰਕਾਰੀ ਹਸਪਤਾਲ ਵਿੱਚ 60 ਬੱਚਿਆਂ ਦੀਆਂ ਮੌਤਾਂ ਆਕਸੀਜਨ ਦੀ ਕਮੀ ਕਾਰਨ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਮੁੱਖ ਸਕੱਤਰ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਹੈ ਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਤੇ ਸਿਹਤ ਮੰਤਰੀ ਸਿਧਾਰਥ ਨਾਥ ਸਿੰਘ ਨੇ ਕਿਹਾ ਕਿ ਲੰਘੇ ਤਿੰਨ ਸਾਲਾਂ ਦੌਰਾਨ ਵੀ ਅਗਸਤ ਮਹੀਨੇ ਵਿਚ ਜਪਾਨੀ ਬੁਖ਼ਾਰ ਆਦਿ ਕਾਰਨ ਕਾਫ਼ੀ ਬੱਚੇ ਮਰੇ ਹਨ। ਦੂਜੇ ਪਾਸੇ ਦੇ ਭਾਜਪਾ ਐਮਪੀ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਗੋਰਖਪੁਰ ਦੇ ਹਸਪਤਾਲ ਵਿੱਚ ਬੱਚਿਆਂ ਦੀਆਂ ਮੌਤਾਂ ਅਦਾਇਗੀ ਨਾ ਹੋਣ ਕਾਰਨ ਤਰਲ ਆਕਸੀਜਨ ਦੀ ਕਮੀ ਕਾਰਨ ਹੋਈਆਂ ਹਨ। ਉਂਜ ਉਨ੍ਹਾਂ ਕਿਹਾ ਕਿ ਉਨ੍ਹਾਂ ਘਟਨਾ ਨੂੰ ‘ਕਤਲੇਆਮ’ (ਨਰਸੰਘਾਰ) ਨਹੀਂ ਦੱਸਿਆ, ਸਗੋਂ ਇਹੋ ਆਖਿਆ ਸੀ ਕਿ ਮੌਤਾਂ ‘ਕੁਦਰਤੀ ਨਹੀਂ’ ਹਨ। ઠ
ਕਾਂਗਰਸ ਨੇ ਯੋਗੀ ਦਾ ਮੰਗਿਆ ਅਸਤੀਫਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਗੋਰਖਪੁਰ ਦੇ ਬਾਬਾ ਰਾਘਵ ਦਾਸ ਮੈਡੀਕਲ ਕਾਲਜ ਹਸਪਤਾਲ ਵਿਚ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਕਾਂਗਰਸ ਨੇ ਤਿੱਖੇ ਤੇਵਰ ਜ਼ਾਹਰ ਕਰਦਿਆਂ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਬਿਠਾਈ ਜਾਵੇ। ਉਧਰ ਲਖਨਊ ਵਿਚ ਯੂਪੀ ਕਾਂਗਰਸ ਕਮੇਟੀ ਦੇ ਮੁਖੀ ਰਾਜ ਬੱਬਰ ਨੇ ਭਾਜਪਾ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਗੋਰਖਪੁਰ ਹਸਪਤਾਲ ਵਿਚ ਬੱਚਿਆਂ ਦੀ ਮੌਤ ਨਹੀਂ ਹੋਈ ਸਗੋਂ ਇਹ ‘ਹੱਤਿਆ’ ਹੈ। ਪੀੜਤ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕਰਦਿਆਂ ਉਨ੍ਹਾਂ ਦੋਸ਼ੀਆਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਲਈ ਕਿਹਾ ਹੈ। ਕਾਂਗਰਸ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਦਿੱਲੀ ਵਿਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਯੋਗੀ ਸਰਕਾਰ ਹੁਣ ‘ਅਪਰੇਸ਼ਨ ਕਵਰ ਅੱਪ’ ਰਾਹੀਂ ਸੱਚਾਈ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ।
ਬਾਲ ਰੋਗਾਂ ਦਾ ਖੇਤਰੀ ਖੋਜ ਕੇਂਦਰ ਗੋਰਖਪੁਰ ‘ਚ ਬਣੇਗਾ: ਜੇ ਪੀ ਨੱਡਾ
ਗੋਰਖਪੁਰ: ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਗੋਰਖਪੁਰ ਵਿਚ 85 ਕਰੋੜ ਰੁਪਏ ਦੀ ਲਾਗਤ ਨਾਲ ਬੱਚਿਆਂ ਦੇ ਰੋਗਾਂ ਸਬੰਧੀ ਖੇਤਰੀ ਮੈਡੀਕਲ ਸੈਂਟਰ ਨੂੰ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਪਿਛਲੇ 48 ਘੰਟਿਆਂ ਦੌਰਾਨ 30 ਬੱਚਿਆਂ ਦੀ ਇੱਥੋਂ ਦੇ ਹਸਪਤਾਲ ਵਿਚ ਮੌਤ ਹੋ ਚੁੱਕੀ ਹੈ।

 

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …