ਹੰਗਾਮਾ ਕਰਨ ਵਾਲੇ ਯਾਤਰੀ ਨੂੰ ਜਹਾਜ਼ ਵਿਚੋਂ ਉਤਾਰਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਸੋਮਵਾਰ ਨੂੰ ਦਿੱਲੀ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿਚ ਇਕ ਯਾਤਰੀ ਨੇ ਹੰਗਾਮਾ ਕਰ ਦਿੱਤਾ। ਇਸ ਤੋਂ ਬਾਅਦ ਜਹਾਜ਼ ਨੂੰ ਵਾਪਸ ਦਿੱਲੀ ਹਵਾਈ ਅੱਡੇ ’ਤੇ ਲਿਜਾਇਆ ਗਿਆ, ਜਿੱਥੇ ਹੰਗਾਮਾ ਕਰਨ ਵਾਲੇ ਯਾਤਰੀ ਨੂੰ ਜਹਾਜ਼ ’ਚੋਂ ਉਤਾਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦੀ ਫਲਾਈਟ ਏ.ਆਈ.111, ਜਿਸ ’ਚ ਕਰੀਬ 225 ਯਾਤਰੀ ਸਵਾਰ ਸਨ, ਉਨ੍ਹਾਂ ਵਿਚੋਂ ਵਿਚ ਇਕ ਸ਼ਖ਼ਸ ਨੇ ਹੰਗਾਮਾ ਕਰ ਦਿੱਤਾ। ਇਸ ਤੋਂ ਬਾਅਦ ਚਾਲਕ ਦਲ ਨੇ ਉਸ ਨੂੰ ਏਅਰਪੋਰਟ ’ਤੇ ਉਤਾਰਿਆ ਅਤੇ ਫਲਾਈਟ ਦੁਬਾਰਾ ਲੰਡਨ ਦੇ ਹੀਥਰੋ ਏਅਰਪੋਰਟ ਲਈ ਰਵਾਨਾ ਹੋ ਗਈ। ਇਸ ਘਟਨਾ ਸਬੰਧੀ ਦਿੱਲੀ ਏਅਰਪੋਰਟ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਉਧਰ ਦੂਜੇ ਪਾਸੇ ਏਅਰ ਇੰਡੀਆ ਨੂੰ ਅੱਜ ਤਕਨੀਕੀ ਖਰਾਬੀ ਕਾਰਨ ਦਿੱਲੀ-ਸਾਨ ਫਰਾਂਸਿਸਕੋ ਉਡਾਣ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਤਕਨੀਕੀ ਖਰਾਬੀ ਦਾ ਪਤਾ ਲੱਗਾ ਸੀ। ਇਸ ਤੋਂ ਬਾਅਦ ਏਅਰਲਾਈਨ ਨੇ ਜਹਾਜ਼ ਨੂੰ ਖੜ੍ਹਾ ਕਰ ਦਿੱਤਾ। ਏਅਰਲਾਈਨ ਨੇ ਬਾਅਦ ਵਿੱਚ ਜਹਾਜ਼ ਨੂੰ ਬਦਲ ਦਿੱਤਾ ਅਤੇ ਯਾਤਰੀਆਂ ਨੂੰ ਕਿਸੇ ਹੋਰ ਜਹਾਜ਼ ਵਿੱਚ ਸਾਨ ਫਰਾਂਸਿਸਕੋ ਭੇਜਿਆ ਗਿਆ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਜਹਾਜ਼ ਵਿੱਚ 200 ਤੋਂ ਵੱਧ ਯਾਤਰੀ ਸਵਾਰ ਸਨ।