4.7 C
Toronto
Saturday, October 25, 2025
spot_img
Homeਭਾਰਤਨੀਰਜ ਚੋਪੜਾ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਮੈਡਲ ਜਿੱਤ ਕੇ ਇਤਿਹਾਸ...

ਨੀਰਜ ਚੋਪੜਾ ਨੇ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਦਾ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
ਨਵੀਂ ਦਿੱਲੀ/ਬਿਊਰੋ ਨਿਊਜ਼ : ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ (24) ਨੇ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਦਾ ਮੈਡਲ ਜਿੱਤ ਕੇ ਇਕ ਵਾਰ ਫਿਰ ਇਤਿਹਾਸ ਸਿਰਜ ਦਿੱਤਾ ਹੈ। ਉਹ ਵਿਸ਼ਵ ਚੈਂਪੀਅਨਸ਼ਿਪ ‘ਚ ਭਾਰਤ ਲਈ 19 ਸਾਲਾਂ ਮਗਰੋਂ ਮੈਡਲ ਜਿੱਤਣ ਵਾਲਾ ਦੂਜਾ ਅਤੇ ਪੁਰਸ਼ ਵਰਗ ‘ਚ ਪਹਿਲਾ ਅਥਲੀਟ ਬਣ ਗਿਆ ਹੈ। ਇਸ ਤੋਂ ਪਹਿਲਾਂ ਅੰਜੂ ਬੌਬੀ ਜੌਰਜ ਨੇ ਲੰਬੀ ਛਾਲ ਮਾਰ ਕੇ ਪੈਰਿਸ ‘ਚ 2003 ‘ਚ ਹੋਈ ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੇ ਦਾ ਮੈਡਲ ਜਿੱਤਿਆ ਸੀ। ਇਹ ਵਿਸ਼ਵ ਚੈਂਪੀਅਨਸ਼ਿਪ ਅਮਰੀਕਾ ਦੇ ਯੂਜੀਨ ਵਿਚ ਚੱਲ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਖੇਡ ਮੰਤਰੀ ਅਨੁਰਾਗ ਠਾਕੁਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਆਗੂਆਂ ਤੇ ਹਸਤੀਆਂ ਨੇ ਨੀਰਜ ਚੋਪੜਾ ਵੱਲੋਂ ਇਤਿਹਾਸ ਸਿਰਜਣ ‘ਤੇ ਵਧਾਈ ਦਿੱਤੀ ਹੈ। ਨੀਰਜ ਚੋਪੜਾ ਨੇ 88.13 ਮੀਟਰ ਨੇਜਾ ਸੁੱਟ ਕੇ ਚਾਂਦੀ ਦਾ ਮੈਡਲ ਪੱਕਾ ਕੀਤਾ ਜਦਕਿ ਪਿਛਲੇ ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਜ਼ ਨੇ 90.54 ਮੀਟਰ ਦੇ ਥਰੋਅ ਨਾਲ ਸੋਨ ਤਗਮਾ ਹਾਸਲ ਕੀਤਾ। ਨੀਰਜ ਦੇ ਪਹਿਲੇ ਥਰੋਅ ‘ਤੇ ਫਾਊਲ ਹੋਇਆ ਸੀ ਪਰ ਇਸ ਮਗਰੋਂ 82.39 ਅਤੇ 86.37 ਮੀਟਰ ਦੇ ਥਰੋਅ ਨਾਲ ਉਹ ਤਿੰਨ ਗੇੜਾਂ ਮਗਰੋਂ ਚੌਥੇ ਸਥਾਨ ‘ਤੇ ਸੀ। ਚੌਥੇ ਰਾਊਂਡ ‘ਚ ਉਸ ਨੇ 88.13 ਮੀਟਰ ਤੱਕ ਨੇਜਾ ਸੁੱਟਿਆ ਅਤੇ ਦੂਜੇ ਨੰਬਰ ‘ਤੇ ਆ ਗਿਆ। ਉਸ ਦੇ ਮਗਰਲੇ ਦੋ ਥਰੋਅ ਫਾਊਲ ਰਹੇ।
ਨੀਰਜ ਨੇ ਪਿਛਲੇ ਸਾਲ ਟੋਕੀਓ ਓਲੰਪਿਕਸ ‘ਚ 87.58 ਮੀਟਰ ਦੀ ਦੂਰੀ ‘ਤੇ ਨੇਜਾ ਸੁੱਟ ਕੇ ਸੋਨੇ ਦਾ ਮੈਡਲ ਜਿੱਤਿਆ ਸੀ। ਇਕ ਹੋਰ ਭਾਰਤੀ ਜੈਵਲਿਨ ਥ੍ਰੋਅਰ ਰੋਹਿਤ ਯਾਦਵ 78.72 ਮੀਟਰ ਤੱਕ ਹੀ ਨੇਜ਼ਾ ਸੁੱਟ ਸਕਿਆ ਅਤੇ ਉਹ 10ਵੇਂ ਸਥਾਨ ‘ਤੇ ਰਿਹਾ। ਵਿਸ਼ਵ ਚੈਂਪੀਅਨਸ਼ਿਪ ‘ਚ ਇਕ ਚਾਂਦੀ ਅਤੇ ਪੰਜ ਮੁਕਾਬਲਿਆਂ ਦੇ ਫਾਈਨਲ ‘ਚ ਪਹੁੰਚਣ ਕਾਰਨ ਭਾਰਤ ਦਾ ਇਹ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਹੈ। ਭਾਰਤ ਦਾ ਐਲਡਹੋਜ਼ ਪੌਲ ਤੀਹਰੀ ਛਾਲ ਦੇ ਫਾਈਨਲ ‘ਚ 9ਵੇਂ ਸਥਾਨ ‘ਤੇ ਰਿਹਾ ਜਦਕਿ 4400 ਮੀਟਰ ਰਿਲੇਅ ਟੀਮ ਨੂੰ 12ਵਾਂ ਸਥਾਨ ਮਿਲਿਆ।

 

RELATED ARTICLES
POPULAR POSTS