ਫੌਜ ਨੇ ਪੂਰਬੀ ਲੱਦਾਖ ਦੀ ਗਲਵਾਨ ਵਾਦੀ ‘ਚ ਜੋਸ਼ ਨਾਲ ਮਨਾਇਆ ਨਵਾਂ ਸਾਲ
ਨਵੀਂ ਦਿੱਲੀ : ਭਾਰਤੀ ਸੁਰੱਖਿਆ ਅਦਾਰਿਆਂ ਦੇ ਸੂਤਰਾਂ ਨੇ ਪੂਰਬੀ ਲੱਦਾਖ ‘ਚ ਗਲਵਾਨ ਘਾਟੀ ‘ਚ ਇਕ ਵੱਡਾ ਤਿਰੰਗਾ ਫੜੇ ਹੋਏ ਭਾਰਤੀ ਫੌਜ ਦੇ ਜਵਾਨਾਂ ਦੀਆਂ ਨਵੇਂ ਸਾਲ ‘ਤੇ ਜਸ਼ਨ ਮਨਾਉਂਦਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ। ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਕਿਰਨ ਰਿਜੀਜੂ ਨੇ ਵੀ ਆਪਣੇ ਟਵਿੱਟਰ ‘ਤੇ ਤਸਵੀਰਾਂ ਨੂੰ ਸਾਂਝੀਆਂ ਕਰਦਿਆਂ ਕੈਪਸ਼ਨ ‘ਚ ਲਿਖਿਆ ਕਿ ਨਵੇਂ ਸਾਲ 2022 ਮੌਕੇ ‘ਤੇ ਗਲਵਾਨ ਘਾਟੀ ‘ਚ ਬਹਾਦਰ ਭਾਰਤੀ ਫੌਜ ਦੇ ਜਵਾਨ। ਜਾਰੀ ਕੀਤੀਆਂ ਤਸਵੀਰਾਂ ‘ਚੋਂ ਇਕ ਤਸਵੀਰ ‘ਚ ਲਗਭਗ 30 ਭਾਰਤੀ ਸੈਨਿਕ ਤਿਰੰਗੇ ਨਾਲ ਵਿਖਾਈ ਦੇ ਰਹੇ ਹਨ। ਇਕ ਹੋਰ ਤਸਵੀਰ ‘ਚ ਚਾਰ ਭਾਰਤੀ ਸੈਨਿਕਾਂ ਨੇ ਤਿਰੰਗਾ ਫੜਿਆ ਹੋਇਆ ਹੈ ਅਤੇ ਇਕ ਹੋਰ ਤਿਰੰਗਾ ਇਕ ਅਸਥਾਈ ਨਿਰੀਖਣ ਚੌਕੀ ਦੇ ਨਾਲ ਲੱਗੇ ਪੋਲ ‘ਤੇ ਲਹਿਰਾ ਰਿਹਾ ਹੈ। ਸੂਤਰਾਂ ਮੁਤਾਬਿਕ ਇਹ ਤਸਵੀਰਾਂ ਪਹਿਲੀ ਜਨਵਰੀ ਦੀਆਂ ਗਲਵਾਨ ਘਾਟੀ ਦੀਆਂ ਹਨ। ਚੀਨ ਦੇ ਸਰਕਾਰੀ ਮੀਡੀਆ ਵਲੋਂ ਗਲਵਾਨ ਘਾਟੀ ਖੇਤਰ ਦੇ ਨੇੜੇ ਇਕ ਸਥਾਨ ਤੋਂ ਚੀਨੀ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਭੇਜਦੇ ਹੋਏ ਚੀਨੀ ਫੌਜ ਦੇ ਸੈਨਿਕਾਂ ਵਲੋਂ ਆਪਣੇ ਦੇਸ਼ ਦਾ ਕੌਮੀ ਝੰਡਾ ਫਹਿਰਾਏ ਜਾਣ ਦੀ ਇਕ ਕਥਿਤ ਵੀਡੀਓ ਚਲਾਉਣ ਦੇ ਤਿੰਨ ਦਿਨਾਂ ਬਾਅਦ ਉਕਤ ਤਸਵੀਰਾਂ ਜਾਰੀ ਕੀਤੀਆਂ ਗਈਆਂ। ਭਾਰਤੀ ਸੁਰੱਖਿਆ ਅਦਾਰਿਆਂ ਵਿਚਲੇ ਸੂਤਰਾਂ ਨੇ ਕਿਹਾ ਕਿ ਜਿਥੇ ਚੀਨੀ ਸੈਨਿਕਾਂ ਨੇ ਨਵੇਂ ਸਾਲ ਦਾ ਜਸ਼ਨ ਮਨਾਇਆ ਸੀ, ਉਹ ਜਗ੍ਹਾ ਗਲਵਾਨ ਘਾਟੀ ਖੇਤਰ ਦੇ ਨੇੜੇ ਚੀਨ ਵਾਲੇ ਪਾਸੇ ਡੂੰਘਾਈ ਵਾਲੇ ਇਲਾਕੇ ‘ਚ ਹੈ ਤੇ ਇਹ 15 ਜੂਨ ਨੂੰ ਮਾਰੂ ਝੜਪਾਂ ਤੋਂ ਬਾਅਦ ਖ਼ੇਤਰ ‘ਚ ਬਣੇ ਬਫ਼ਰ ਜ਼ੋਨ ਦੇ ਬਿਲਕੁਲ ਨੇੜੇ ਨਹੀਂ ਹੈ।
ਚੀਨ ਵੱਲੋਂ ਪੈਂਗੌਂਗ ‘ਤੇ ਪੁਲ ਉਸਾਰਨ ਦੀ ਰਿਪੋਰਟ ‘ਤੇ ਮੋਦੀ ਚੁੱਪ ਕਿਉਂ : ਰਾਹੁਲ
ਨਵੀਂ ਦਿੱਲੀ : ਅਸਲ ਕੰਟਰੋਲ ਰੇਖਾ (ਐਲਏਸੀ) ਨੇੜੇ ਲੱਦਾਖ ਦੀ ਪੈਂਗੌਂਗ ਝੀਲ ਉਤੇ ਚੀਨ ਵੱਲੋਂ ਇਕ ਪੁਲ ਬਣਾਉਣ ਦੀਆਂ ਰਿਪੋਰਟਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ਉਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਵਾਲ ਉਠਾਇਆ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਦੀ ਚੁੱਪ ਕੰਨ ਪਾੜ ਰਹੀ ਹੈ, ਸਾਡੀ ਧਰਤੀ, ਸਾਡੇ ਲੋਕ ਤੇ ਸਾਡੀਆਂ ਸਰਹੱਦਾਂ ਬਿਹਤਰ ਸੁਰੱਖਿਆ ਦੇ ਹੱਕਦਾਰ ਹਨ।’ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਪੈਂਗੌਂਗ ਝੀਲ ਉਤੇ ਪੁਲ ਬਣਾ ਰਿਹਾ ਹੈ ਜੋ ਕਿ ਐਲਏਸੀ ਦੇ ਬਹੁਤ ਕਰੀਬ ਹੈ।