ਕਿਹਾ : ਕਿਸਾਨਾਂ ਲਈ ਗਵਰਨਰ ਦੀ ਕੁਰਸੀ ਵੀ ਛੱਡਣ ਲਈ ਹਾਂ ਤਿਆਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਮੇਘਾਲਿਆ ਦੇ ਗਵਰਨਰ ਸੱਤਿਆਪਾਲ ਮਲਿਕ ਨੇ ਇਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ ‘ਤੇ ਸਿਆਸੀ ਹਮਲਾ ਕੀਤਾ ਹੈ। ਹਰਿਆਣਾ ਦੇ ਦਾਦਰੀ ਸਥਿਤ ਸਵਾਮੀ ਦਿਆਲ ਧਾਮ ਵਿਚ ਮੱਥਾ ਟੇਕਣ ਲਈ ਪਹੁੰਚੇ ਮਲਿਕ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਦੌਰਾਨ ਉਹ ਪ੍ਰਧਾਨ ਮੰਤਰੀ ਨੂੰ ਮਿਲੇ ਸਨ। ਮਲਿਕ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਈ ਤਾਂ ਉਹ ਬਹੁਤ ਘੁਮੰਡ ਵਿਚ ਸਨ। ਮਲਿਕ ਨੇ ਇਹ ਵੀ ਕਿਹਾ ਕਿ ਜਦ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਫੀਡਬੈਕ ਸਹੀ ਨਹੀਂ ਦਿੱਤਾ ਗਿਆ। ਮਲਿਕ ਨੇ ਕਿਹਾ ਕਿ ਉਹ ਕਿਸਾਨਾਂ ਲਈ ਗਵਰਨਰ ਦੀ ਕੁਰਸੀ ਵੀ ਛੱਡਣ ਲਈ ਤਿਆਰ ਹਨ।
ਸੱਤਿਆਪਾਲ ਮਲਿਕ ਮੇਘਾਲਿਆ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਰਾਜਪਾਲ ਰਹਿ ਚੁੱਕੇ ਹਨ ਅਤੇ ਉਹ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦੇ ਰਹੇ ਹਨ। ਦਾਦਰੀ ਵਿਚ ਉਨ੍ਹਾਂ ਨੂੰ ਫੋਗਾਟ ਖਾਪ ਨੇ ਸਨਮਾਨਿਤ ਵੀ ਕੀਤਾ। ਮਲਿਕ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਮਿਲਣ ਗਿਆ ਅਤੇ ਉਥੇ ਮੇਰੀ ਪ੍ਰਧਾਨ ਮੰਤਰੀ ਨਾਲ ਬਹਿਸ ਵੀ ਹੋਈ ਅਤੇ ਪ੍ਰਧਾਨ ਮੰਤਰੀ ਬਹੁਤ ਘੁਮੰਡ ਵਿਚ ਸਨ। ਮਲਿਕ ਨੇ ਕਿਹਾ ਕਿ ਜਦੋਂ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ 500 ਤੋਂ ਵੱਧ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ ਤਾਂ ਮੋਦੀ ਨੇ ਕੋਈ ਸਹੀ ਜਵਾਬ ਨਾ ਦਿੱਤਾ ਤੇ ਉਨ੍ਹਾਂ ਦੀ ਮੋਦੀ ਨਾਲ ਬਹਿਸ ਵੀ ਹੋ ਗਈ।
ਮਲਿਕ ਨੇ ਕਿਹਾ ਕਿ ਕਿਸਾਨ ਅੰਦੋਲਨ ਅਜੇ ਖਤਮ ਨਹੀਂ ਹੋਇਆ ਬਲਕਿ ਮੁਲਤਵੀ ਹੋਇਆ ਹੈ। ਕਿਸਾਨਾਂ ਨਾਲ ਕੋਈ ਵਿਤਕਰਾ ਹੋਇਆ ਤਾਂ ਇਹ ਅੰਦੋਲਨ ਦੋਬਾਰਾ ਫਿਰ ਸ਼ੁਰੂ ਹੋ ਸਕਦਾ ਹੈ। ਮਲਿਕ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਐਮ.ਐਸ.ਪੀ. ‘ਤੇ ਕਾਨੂੰਨੀ ਗਾਰੰਟੀ ਦੇਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਇਮਾਨਦਾਰੀ ਦਿਖਾਉਂਦੇ ਹੋਏ ਕਿਸਾਨਾਂ ‘ਤੇ ਦਰਜ ਕੇਸ ਵਾਪਸ ਲੈਣੇ ਚਾਹੀਦੇ ਹਨ। ਉਨ੍ਹਾਂ ਇਥੋਂ ਤੱਕ ਵੀ ਕਿਹਾ ਕਿ ਕਿਸਾਨਾਂ ਲਈ ਲੋੜ ਪਈ ਤਾਂ ਉਹ ਗਵਰਨਰ ਦੀ ਕੁਰਸੀ ਵੀ ਛੱਡ ਦੇਣਗੇ।
ਮਲਿਕ ਨੇ ਸੱਚ ਬੋਲਿਆ ਤਾਂ ਮੋਦੀ-ਸ਼ਾਹ ਅਸਤੀਫਾ ਦੇਣ : ਕਾਂਗਰਸ
ਚੰਡੀਗੜ੍ਹ : ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਵੱਲੋਂ ਖੇਤੀ ਕਾਨੂੰਨਾਂ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਹੰਕਾਰੀ’ ਦੱਸਣ ਦੇ ਬਿਆਨ ਮਗਰੋਂ ਕਾਂਗਰਸ ਨੇ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਜੇਕਰ ਇਨ੍ਹਾਂ ਬਿਆਨਾਂ ਵਿੱਚ ਭੋਰਾ ਵੀ ਸਚਾਈ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਲਈ ਮੁਆਫ਼ੀ ਮੰਗਣ। ਜੇਕਰ ਇਹਾ ਸਭ ਕੁਝ ਝੂਠ ਹੈ ਤਾਂ ਰਾਜਪਾਲ ਮਲਿਕ ਨੂੰ ਅਹੁਦੇ ਤੋਂ ਲਾਂਭੇ ਕਰਕੇ ਉਨ੍ਹਾਂ ਖਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਿਸਾਨ, ਕਿਸਾਨ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ 700 ਕਿਸਾਨਾਂ ਦੀਆਂ ਰੂਹਾਂ ਤੇ ਉਨ੍ਹਾਂ ਦੇ ਪਰਿਵਾਰ ਕਦੇ ਮੁਆਫ਼ ਨਹੀਂ ਕਰਨਗੇ। ਕਾਂਗਰਸ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਪੀੜਤ ਕਿਸਾਨ ਪਰਿਵਾਰਾਂ ਲਈ ਮੁਆਵਜ਼ਾ ਐਲਾਨਣ, ਯੂਪੀ ਤੋਂ ਹਰਿਆਣਾ ਤੱਕ ਕਿਸਾਨਾਂ ਖਿਲਾਫ਼ ਦਰਜ ਪੁਲਿਸ ਕੇਸ ਵਾਪਸ ਲਏ ਜਾਣ ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਲਈ ਕਮੇਟੀ ਗਠਿਤ ਹੋਵੇ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …