ਕਿਹਾ : ਭਾਜਪਾ ਭਾਰਤ ਨੂੰ ‘ਚੁੱਪ’ ਕਰਵਾ ਕੇ ਕੁਝ ਲੋਕਾਂ ਨੂੰ ਸੌਂਪ ਰਹੀ ਹੈ ਦੇਸ਼ ਦੀ ਸੰਪਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਬਰਤਾਨੀਆ ਦੀ ਰਾਜਧਾਨੀ ਲੰਡਨ ਵਿਚ ‘ਇੰਡੀਅਨ ਜਰਨਲਿਸਟ ਐਸੋਸੀਏਸ਼ਨ’ ਨਾਲ ਗੱਲਬਾਤ ‘ਚ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਭਾਰਤ ਵਿਚ ‘ਬੀਬੀਸੀ’ ਦੇ ਦਫ਼ਤਰਾਂ ਉਤੇ ਮਾਰੇ ਗਏ ਛਾਪਿਆਂ ਨੂੰ ‘ਆਵਾਜ਼ ਦਬਾਉਣ ਦੇ ਬਰਾਬਰ’ ਕਰਾਰ ਦਿੱਤਾ, ਤੇ ਆਰੋਪ ਲਾਇਆ ਕਿ ਭਾਜਪਾ ਆਪਣੇ ‘ਨਵੇਂ ਭਾਰਤ ਦੇ ਵਿਚਾਰ’ ਤਹਿਤ ਭਾਰਤ ਨੂੰ ‘ਚੁੱਪ’ ਕਰਾਉਣਾ ਚਾਹੁੰਦੀ ਹੈ। ਸਮਾਗਮ ਵਿਚ ਰਾਹੁਲ ਗਾਂਧੀ ਨੇ ਬੀਬੀਸੀ ਦੇ ਨਾਲ-ਨਾਲ ਅਡਾਨੀ ਮੁੱਦੇ ਤੇ ਭਾਰਤ ਜੋੜੋ ਯਾਤਰਾ ਬਾਰੇ ਸਵਾਲਾਂ ਦੇ ਜਵਾਬ ਦਿੱਤੇ।
ਰਾਹੁਲ ਨੇ ਕਿਹਾ ਕਿ ਬੀਬੀਸੀ ਸਿਰਫ਼ ਇਕ ਉਦਾਹਰਨ ਹੈ, ਭਾਰਤ ‘ਚ ਪਿਛਲੇ ਨੌਂ ਸਾਲਾਂ ਤੋਂ ਪੱਤਰਕਾਰਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ, ਉਨ੍ਹਾਂ ਉਤੇ ਹਮਲੇ ਹੋ ਰਹੇ ਹਨ। ਜਿਹੜੇ ਪੱਤਰਕਾਰ ਸਰਕਾਰ ਮੁਤਾਬਕ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਰਾਹੁਲ ਨੇ ਕਿਹਾ, ‘ਜੇ ਬੀਬੀਸੀ ਸਰਕਾਰ ਖਿਲਾਫ ਲਿਖਣਾ ਬੰਦ ਕਰ ਦੇਵੇਗੀ ਤਾਂ ਸਭ ਕੁਝ ਪਹਿਲਾਂ ਵਰਗਾ ਹੋ ਜਾਵੇਗਾ। ਸਾਰੇ ਕੇਸ ਖ਼ਤਮ ਹੋ ਜਾਣਗੇ। ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਦਲਿਤ, ਛੋਟੀਆਂ ਜਾਤੀਆਂ, ਆਦਿਵਾਸੀ ਤੇ ਮੀਡੀਆ ਸਭ ਚੁੱਪ ਰਹਿਣ ਕਿਉਂਕਿ ਉਹ ਚਾਹੁੰਦੇ ਹਨ ਕਿ ਜੋ ਵੀ ਭਾਰਤ ਦਾ ਹੈ, ਉਸ ਨੂੰ ਲੈ ਕੇ ਉਹ ਆਪਣੇ ਮਿੱਤਰਾਂ ਨੂੰ ਦੇ ਦੇਣ। ਰਾਹੁਲ ਨੇ ਕਿਹਾ ਕਿ ਲੋਕਾਂ ਦਾ ਧਿਆਨ ਭਟਕਾ ਕੇ ਦੇਸ਼ ਦੀ ਸਾਰੀ ਸੰਪਤੀ ਚਾਰ-ਪੰਜ ਵੱਡੇ ਲੋਕਾਂ ਨੂੰ ਸੌਂਪੀ ਜਾ ਰਹੀ ਹੈ। ਰਾਹੁਲ ਨੇ ਇਸ ਮੌਕੇ ਕਿਹਾ ਕਿ ਕੈਂਬਰਿਜ ਵਿਚ ਉਨ੍ਹਾਂ ਦੇ ਭਾਸ਼ਣ ਨਾਲ ‘ਭਾਰਤ ਦੀ ਕੋਈ ਬਦਨਾਮੀ ਨਹੀਂ ਹੋਈ’, ਜਿਵੇਂ ਕਿ ਆਰੋਪ ਲਾਏ ਗਏ ਹਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …