ਵਿਰੋਧੀ ਧਿਰਾਂ ਦੇ ਮੁੱਖ ਮੰਤਰੀਆਂ ਕੋਲੋਂ ਮੰਗੀ ਹਮਾਇਤ
ਨਵੀਂ ਦਿੱਲੀ : ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਆਰੋਪ ਲਾਇਆ ਕਿ ਸੱਤਾ ‘ਚ ਬੈਠੀ ਮੋਦੀ ਸਰਕਾਰ ਨਾਗਰਿਕਾਂ ਦੇ ਖਿਲਾਫ ਕੰਮ ਕਰ ਰਹੀ ਹੈ। ਉਨ੍ਹਾਂ ‘ਅਨਿਆਂ’ ਖਿਲਾਫ ਲੜਨ ਲਈ ਇਕ ਨਵੇਂ ਮੰਚ ‘ਇਨਸਾਫ਼’ ਦਾ ਐਲਾਨ ਕਰਦਿਆਂ ਵਿਰੋਧੀ ਧਿਰਾਂ ਦੇ ਮੁੱਖ ਮੰਤਰੀਆਂ ਤੇ ਆਗੂਆਂ ਤੋਂ ਹਮਾਇਤ ਮੰਗੀ। ਸਿੱਬਲ ਨੇ ਕਿਹਾ ਕਿ ਇਸ ਮੰਚ ਰਾਹੀਂ ਉਹ ਦੇਸ਼ ਵਿਚ ‘ਅਨਿਆਂ’ ਖਿਲਾਫ ਲੜਨਗੇ। ਉਨ੍ਹਾਂ ਕਿਹਾ ਕਿ 11 ਮਾਰਚ ਨੂੰ ਉਹ ਜੰਤਰ ਮੰਤਰ ‘ਚ ਨਵੇਂ ਮੰਚ ‘ਤੇ ਇਕ ਜਨਤਕ ਇਕੱਠ ਕਰਨਗੇ ਤੇ ਉੱਥੇ ਭਾਰਤ ਬਾਰੇ ਨਵੇਂ ਨਜ਼ਰੀਏ ਨੂੰ ਅੱਗੇ ਰੱਖਣਗੇ। ਕਪਿਲ ਸਿੱਬਲ ਨੇ ਵਿਰੋਧੀ ਧਿਰਾਂ ਦੇ ਆਗੂਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਸ ਮੌਕੇ ਹਾਜ਼ਰ ਹੋਣ ਦਾ ਸੱਦਾ ਦਿੱਤਾ। ਸਿੱਬਲ ਨੇ ਦਾਅਵਾ ਕੀਤਾ ਕਿ ਨਾਗਰਿਕਾਂ ਦੇ ਨਾਲ-ਨਾਲ ਸੰਸਥਾਵਾਂ, ਸਿਆਸੀ ਵਿਰੋਧੀਆਂ, ਪੱਤਰਕਾਰਾਂ, ਅਧਿਆਪਕਾਂ ਤੇ ਛੋਟੇ-ਦਰਮਿਆਨੇ ਕਾਰੋਬਾਰਾਂ ਨਾਲ ਅਨਿਆਂ ਕੀਤਾ ਜਾ ਰਿਹਾ ਹੈ। ਸਾਬਕਾ ਕਾਂਗਰਸ ਆਗੂ ਨੇ ਕਿਹਾ, ‘ਅਸੀਂ ਇਕ ਵੈੱਬਸਾਈਟ ‘ਇਨਸਾਫ਼ ਕਾ ਸਿਪਾਹੀ’ ਲਾਂਚ ਕੀਤੀ ਹੈ ਜਿੱਥੇ ਕੋਈ ਵੀ ਰਜਿਸਟਰ ਹੋ ਸਕਦਾ ਹੈ। ਇਹ ਇਕ ਕੌਮੀ ਪੱਧਰ ਦਾ ਮੰਚ ਹੋਵੇਗਾ ਜਿੱਥੇ ਵਕੀਲ ਅੱਗੇ ਹੋ ਕੇ ਚੱਲਣਗੇ।’ ਸਿੱਬਲ ਨੇ ਕਿਹਾ ਕਿ ਉਨ੍ਹਾਂ ਕਾਫ਼ੀ ਵਿਚਾਰ-ਚਰਚਾ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ ਕਿ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ, ਤੇ ਜਿੱਥੇ ਵੀ ਕਿਤੇ ਅਨਿਆਂ ਹੋ ਰਿਹਾ ਹੈ, ਉਨ੍ਹਾਂ ਨੂੰ ਲੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਵਿਰੋਧੀ ਧਿਰਾਂ ਦੇ ਸਾਰੇ ਮੁੱਖ ਮੰਤਰੀਆਂ ਤੇ ਆਗੂਆਂ ਨੂੰ ਸੱਦਾ ਦਿੰਦੇ ਹਨ ਕਿ ਉਹ ਇਸ ਮੁਹਿੰਮ ਨਾਲ ਜੁੜਨ ਤਾਂ ਕਿ ਅਸੀਂ ਇਸ ਗੁਲਾਮੀ ਤੋਂ ਆਪਣੇ ਆਪ ਨੂੰ ਮੁਕਤ ਕਰਨ ਲਈ ਕੌਮੀ ਪੱਧਰ ਦੀ ਮੁਹਿੰਮ ਸ਼ੁਰੂ ਕਰ ਸਕੀਏ। ਸਿੱਬਲ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਆਸੀ ਨਹੀਂ ਹੈ ਪਰ ਸੰਵਿਧਾਨਕ ਕਦਰਾਂ-ਕੀਮਤਾਂ ਲਈ ਲੜਨਾ ਹੈ। ਸਿੱਬਲ ਨੇ ਨਾਲ ਹੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਕਾਂਗਰਸ ਵੀ ਇਸ ਉੱਦਮ ਦਾ ਹਿੱਸਾ ਬਣੇ ਪਰ ਇਹ ਲੋਕਾਂ ਦਾ ਅੰਦੋਲਨ ਹੈ ਤੇ ਉਹ ਕੋਈ ਸਿਆਸੀ ਪਾਰਟੀ ਨਹੀਂ ਬਣਾਉਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਆਮ ਲੋਕ ਤੇ ਵਕੀਲ ਇਸ ਮੁਹਿੰਮ ਰਾਹੀਂ ਅਨਿਆਂ ਖਿਲਾਫ ਲੜਨਗੇ। ਸਿੱਬਲ ਨੇ ਇਸ ਮੌਕੇ ਆਰਐੱਸਐੱਸ ਉਤੇ ਵੀ ਨਿਸ਼ਾਨਾ ਸੇਧਿਆ।
‘ਮੈਂ ਮੋਦੀ ਦੀ ਆਲੋਚਨਾ ਕਰਨ ਨਹੀਂ ਬੈਠਾ’
ਕਪਿਲ ਸਿੱਬਲ ਨੇ ਆਪਣੀ ਰਿਹਾਇਸ਼ ‘ਤੇ ਮੀਡੀਆ ਨੂੰ ਕਿਹਾ, ‘ਨਵੇਂ ਮੰਚ ਰਾਹੀਂ ਭਾਰਤ ਦਾ ਨਵਾਂ ਨਜ਼ਰੀਆ ਅੱਗੇ ਰੱਖਿਆ ਜਾਵੇਗਾ, ਇਕ ਸਕਾਰਾਤਮਕ ਏਜੰਡਾ ਹੋਵੇਗਾ। ਮੈਂ ਕੋਈ ਮੋਦੀ ਜੀ ਦੀ ਆਲੋਚਨਾ ਕਰਨ ਇੱਥੇ ਨਹੀਂ ਬੈਠਾ, ਮੈਂ ਉਨ੍ਹਾਂ ਨੂੰ ਸੁਧਾਰ ਦੇਵਾਂਗਾ।’ ਸਿੱਬਲ ਨੇ ਆਰੋਪ ਲਾਇਆ ਕਿ ਦੇਸ਼ ਦੇ ਹਰ ਕੋਨੇ ਵਿਚ ਅਨਿਆਂ ਦਾ ਬੋਲਬਾਲਾ ਹੈ। ਸਿੱਬਲ ਨੇ ਕਿਹਾ, ‘ਹਰ ਸ਼ਾਸਨ ਵਿਚ ਕੁਝ ਚੀਜ਼ਾਂ ਚੰਗੀਆਂ ਹੁੰਦੀਆਂ ਹਨ। ਜੇ ਮੈਂ ਇਹ ਕਹਿੰਦਾ ਹਾਂ ਕਿ ਮੋਦੀ ਜੀ ਸਭ ਗਲਤ ਕਰ ਰਹੇ ਹਨ ਤਾਂ ਇਹ ਠੀਕ ਨਹੀਂ ਹੋਵੇਗਾ। ਕਈ ਯੋਜਨਾਵਾਂ ਚੰਗੀਆਂ ਹਨ ਪਰ ਜਿੱਥੇ ਵੀ ਲੋਕਾਂ ਦੀ ਆਵਾਜ਼ ਦਬਾਈ ਜਾਵੇਗੀ, ਜਿੱਥੇ ਵੀ ਅਨਿਆਂ ਹੋਵੇਗਾ, ਅਸੀਂ ਲੜਾਂਗੇ।’
‘ਭਾਜਪਾ ਨੇ ਸੱਤਾ ‘ਚ ਆਉਣ ਤੋਂ ਬਾਅਦ ਅੱਠ ਸਰਕਾਰਾਂ ਡੇਗੀਆਂ’
ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ ਸੰਵਿਧਾਨ ਦਾ ਦਸਵਾਂ ਸ਼ਡਿਊਲ ਜੋ ਕਿ ਦਲਬਦਲੀ ਕਾਨੂੰਨ ਨਾਲ ਨਜਿੱਠਦਾ ਹੈ, ‘ਦਲਬਦਲੂਆਂ ਲਈ ਸਵਰਗ’ ਬਣ ਗਿਆ ਹੈ। ਉਨ੍ਹਾਂ ਕਿਹਾ, ‘2014 ਵਿਚ ਕੇਂਦਰ ‘ਚ ਸੱਤਾ ਸੰਭਾਲਣ ਤੋਂ ਬਾਅਦ ਭਾਜਪਾ ਨੇ ਅੱਠ ਸਰਕਾਰਾਂ ਡੇਗੀਆਂ ਹਨ, ਭਾਵੇਂ ਉਹ ਮੇਘਾਲਿਆ ਦੀ ਸਰਕਾਰ ਹੋਵੇ, ਜਾਂ ਮਨੀਪੁਰ, ਮੱਧ ਪ੍ਰਦੇਸ਼ ਜਾਂ ਮਹਾਰਾਸ਼ਟਰ ਦੀ ਸਰਕਾਰ।’ ਸਿੱਬਲ ਨੇ ਕਿਹਾ, ‘ਮੈਨੂੰ ਦੱਸੋ ਕਿ ਕੀ ਕੋਈ ਹੋਰ ਅਜਿਹਾ ਦੇਸ਼ ਹੈ, ਜਿੱਥੇ ਚੁਣੀਆਂ ਹੋਈਆਂ ਸਰਕਾਰਾਂ ਵਿਧਾਇਕ ਖ਼ਰੀਦ ਕੇ ਤੇ ਲਾਲਚ ਦੇ ਕੇ ਡੇਗੀਆਂ ਜਾਂਦੀਆਂ ਹੋਣ? ਅਦਾਲਤਾਂ, ਵਕੀਲ ਤੇ ਲੋਕ ਚੁੱਪ ਹਨ, ਇਹ ਰਾਜਨੀਤਕ ਅਨਿਆਂ ਹੈ।’ ਸੀਨੀਅਰ ਵਕੀਲ ਸਿੱਬਲ ਨੇ ਕਿਹਾ ਕਿ ਈਡੀ ਸਰਕਾਰ ਦੀ ‘ਵੈਲਨਟਾਈਨ’ ਹੈ। ਸੀਬੀਆਈ ਨੂੰ ਹਾਲੇ ਵੀ ਰਾਜ ਸਰਕਾਰ ਦੀ ਮਨਜ਼ੂਰੀ ਲੈਣੀ ਪੈਂਦੀ ਹੈ ਪਰ ਈਡੀ ਨੂੰ ਨਹੀਂ। ਸਿੱਬਲ ਨੇ ਕਿਹਾ ਕਿ ਈਡੀ ਨੇ ਹਾਲ ਦੇ ਸਮੇਂ ਵਿਚ 121 ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ ਜਿਨ੍ਹਾਂ ਵਿਚੋਂ 115 ਵਿਰੋਧੀ ਧਿਰਾਂ ਦੇ ਹਨ।