5 C
Toronto
Tuesday, November 25, 2025
spot_img
Homeਭਾਰਤਕਤਲੇਆਮ ਵਿਚ ਸ਼ਾਮਲ ਸੀ ਸੱਜਣ ਕੁਮਾਰ : ਸ਼ੀਲਾ ਕੌਰ

ਕਤਲੇਆਮ ਵਿਚ ਸ਼ਾਮਲ ਸੀ ਸੱਜਣ ਕੁਮਾਰ : ਸ਼ੀਲਾ ਕੌਰ

ਨਵੀਂ ਦਿੱਲੀ : ਸੁਲਤਾਨਪੁਰੀ ਵਿਖੇ ਨਵੰਬਰ 1984 ਦੌਰਾਨ ਹੋਏ ਸਿੱਖ ਕਤਲੇਆਮ ਸਬੰਧੀ ਮੁਕੱਦਮੇ ਵਿੱਚ ਸ਼ੀਲਾ ਕੌਰ ਨੇ ਸੋਮਵਾਰ ਨੂੰ ਇੱਥੇ ਪਟਿਆਲਾ ਹਾਊਸ ਅਦਾਲਤ ਵਿਚ ઠਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਗਵਾਹੀ ਦਿੱਤੀ। ਸ਼ੀਲਾ ਨੇ ਕਿਹਾ ਕਿ ਸੱਜਣ ਕੁਮਾਰ ਕਥਿਤ ਤੌਰ ‘ਤੇ ਕਤਲੇਆਮ ਵਿਚ ਸ਼ਾਮਲ ਸੀ ਅਤੇ ਉਸ ਦਾ ਨਾਂ ਲੈਣ ‘ਤੇ ਉਸ ਦੇ ਬੱਚਿਆਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਉਸ ਨੇ ਅਦਾਲਤ ਤੋਂ ਆਪਣੀ ਸੁਰੱਖਿਆ ਦੀ ਮੰਗ ਵੀ ਕੀਤੀ। ਪਟਿਆਲਾ ਹਾਊਸ ਕੋਰਟ ਦੀ ਸੈਸ਼ਨ ਜੱਜ ਪੂਨਮ ਬਾਮਾ ਦੀ ਅਦਾਲਤ ਵਿੱਚ ਸੱਜਣ ਕੁਮਾਰ ਦੇ ਵਕੀਲ ਅਨਿਲ ਵੱਲੋਂ ਜਿਰ੍ਹਾ ਕੀਤੀ ਗਈ। ਪੀੜਤਾਂ ਵੱਲੋਂ ઠਪੇਸ਼ ਵਕੀਲ ਐਚ. ਐਸ. ਫੂਲਕਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਰੀਬ ਕਈ ਘੰਟੇ ਸੁਣਵਾਈ ਚੱਲੀ ਤੇ ਸੱਜਣ ਕੁਮਾਰ ਦੇ ਵਕੀਲ ਨੇ ਜਿਰ੍ਹਾ ਕੀਤੀ। ਸੁਲਤਾਨਪੁਰੀ ਵਿੱਚ ਹੋਏ ਸਿੱਖ ਕਤਲੇਆਮ ਬਾਰੇ ਸ਼ੀਲਾ ਨੇ ਦੱਸਿਆ ਕਿ ਸੱਜਣ ਕੁਮਾਰ ਨੇ ਉੱਥੇ ਭੜਕਾਊ ਭਾਸ਼ਣ ਦਿੱਤਾ ਤੇ ਸਿੱਖਾਂ ਨੂੰ ਮਾਰਨ ਦੀਆਂ ਗੱਲਾਂ ਕੀਤੀਆਂ। ਸ਼ੀਲਾ ਦੇ ਪਰਿਵਾਰ ਦੇ ਮੈਂਬਰ ਇਸ ਦੌਰਾਨ ਮਾਰੇ ਗਏ ਸਨ। ਸੱਜਣ ਦੇ ਵਕੀਲ ਨੇ ਸ਼ੀਲਾ ਕੌਰ ਨੂੰ ਕਿਹਾ ਕਿ ਉਹ ਝੂਠ ਬੋਲ ਰਹੀ ਹੈ ਅਤੇ ਕਈ ਤਿੱਖੇ ਸਵਾਲ ਕੀਤੇ। ਉਹ ਪਹਿਲਾਂ ਕੁਝ ਘਬਰਾਈ ਵੀ ਪਰ ਫਿਰ ਉਸ ਨੇ ਉਹੀ ਗਵਾਹੀ ਦਿੱਤੀ ਜੋ ਸਵਾ ਕੁ ਸਾਲ ਪਹਿਲਾਂ ਕੜਕੜਡੂਮਾ ਅਦਾਲਤ ਵਿੱਚ ਦਿੱਤੀ ਸੀ। ਇਸ ਮਾਮਲੇ ਵਿੱਚ ਅਗਲੀ ਸੁਣਵਾਈ ਸੱਤ ਫਰਵਰੀ 2018 ਨੂੰ ਹੋਵੇਗੀ। ਸੀਬੀਆਈ ਵੱਲੋਂ ਵਕੀਲ ਜੀਪੀ ਸਿੰਘ ਤੇ ਤਰੰਨੁਮ ਚੀਮਾ ਅਦਾਲਤ ਵਿੱਚ ਹਾਜ਼ਰ ਹੋਏ।
ਜਗਦੀਸ਼ ਟਾਈਟਲਰ ਵਿਰੁੱਧ ਸੁਣਵਾਈ ਮੁੜ ਸ਼ੁਰੂ
’84 ਸਿੱਖ ਕਤਲੇਆਮ ਦਾ ਮੁੱਖ ਮੁਲਜ਼ਮ ਹੈ ਟਾਈਟਲਰ
ਨਵੀਂ ਦਿੱਲੀ :ਦਿੱਲੀ ਅਦਾਲਤ ਨੇ ਸਿੱਖ ਕਤਲੇਆਮ ਦੇ ਮਾਮਲਿਆਂ ਦੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਵਿਰੁੱਧ ਸੁਣਵਾਈ ਮੁੜ ਤੋਂ ਸ਼ੁਰੂ ਕਰ ਦਿੱਤੀ ਹੈ। ਟਾਈਟਲਰ ਵਿਰੁੱਧ ਇਹ ਸੁਣਵਾਈ ਬਾਦਲ ਸਿੰਘ, ਠਾਕੁਰ ਸਿੰਘ ਤੇ ਗੁਰਚਰਨ ਸਿੰਘ ਦੇ ਕਤਲ ਮਾਮਲਿਆਂ ਵਿੱਚ ਸ਼ੁਰੂ ਕੀਤੀ ਗਈ ਹੈ।ਉਕਤ ਤਿੰਨ ਸਿੱਖਾਂ ਨੂੰ 1 ਨਵੰਬਰ, 1984 ਨੂੰ ਉੱਤਰੀ ਦਿੱਲੀ ਦੇ ਗੁਰਦੁਆਰਾ ਪੁਲਬੰਗਸ਼ ਵਿੱਚ ਇੰਦਰਾ ਗਾਂਧੀ ਦੇ ਕਤਲ ਮਗਰੋਂ ਭੜਕੀ ਹਿੰਸਾ ਵਿੱਚ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਅਕਤੂਬਰ 2017 ਵਿਚ ਦਿੱਲੀ ਅਦਾਲਤ ਨੇ ਇਸ ਕੇਸ ਦੇ ਗਵਾਹ ਅਭਿਸ਼ੇਕ ਵਰਮਾ ਦਾ ਪੋਲੋਗ੍ਰਾਫੀ ਟੈਸਟ ਕਰਾਉਣਾ ਸੀ। ਵਰਮਾ ਨੇ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਦਿੱਲੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਵਰਮਾ ਨੂੰ ਈ-ਮੇਲ ਮਿਲੀ ਸੀ ਕਿ ਉਸ ਨੂੰ ਦੇਸ਼ ਭਗਤੀ ਤਿਆਗ ਕੇ ਟਾਈਟਲਰ ਵਿਰੁੱਧ ਗਵਾਹੀ ਲਈ ਪੌਲੀਗ੍ਰਾਫ ਟੈਸਟ ਤੋਂ ਮਨ੍ਹਾ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਉਸ ਨੂੰ ਮੌਤ ਮਿਲੇਗੀ। ਇਸ ਮਾਮਲੇ ‘ਤੇ ਅਗਲੀ ਸੁਣਵਾਈ 24 ਜਨਵਰੀ ਨੂੰ ਹੋਵੇਗੀ।

RELATED ARTICLES
POPULAR POSTS