Breaking News
Home / ਭਾਰਤ / ਨਵੀਂ ਦਿੱਲੀ ‘ਚ ਪਰਿਵਾਰਕ ਮੈਂਬਰਾਂ ਦੀਆਂ ਘਰ ‘ਚ ਹੀ ਮਿਲੀਆਂ ਭੇਦਭਰੀ ਹਾਲਤ ‘ਚ 11 ਲਾਸ਼ਾਂ

ਨਵੀਂ ਦਿੱਲੀ ‘ਚ ਪਰਿਵਾਰਕ ਮੈਂਬਰਾਂ ਦੀਆਂ ਘਰ ‘ਚ ਹੀ ਮਿਲੀਆਂ ਭੇਦਭਰੀ ਹਾਲਤ ‘ਚ 11 ਲਾਸ਼ਾਂ

ਨਵੀਂ ਦਿੱਲੀ/ਬਿਊਰੋ ਨਿਊਜ਼ : ਉੱਤਰੀ ਦਿੱਲੀ ਦੇ ਬੁਰਾੜੀ ਇਲਾਕੇ ਦੇ ਸੰਤ ਨਗਰ ਦੇ ਇਕ ਘਰ ਵਿੱਚੋਂ ਪਰਿਵਾਰਕ ਮੈਂਬਰਾਂ ਦੀਆਂ 11 ਲਾਸ਼ਾਂ ਭੇਤਭਰੀ ਹਾਲਤ ਵਿੱਚ ਮਿਲਣ ਮਗਰੋਂ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। 10 ਲਾਸ਼ਾਂ ਛੱਤ ਨਾਲ ਲਟਕਦੀਆਂ ਮਿਲੀਆਂ ਜਦੋਂ ਕਿ ਇਕ ਬਜ਼ੁਰਗ ਔਰਤ ਦੀ ਲਾਸ਼ ਫਰਸ਼ ‘ਤੇ ਮਿਲੀ। ਲਾਸ਼ਾਂ ਵਿੱਚੋਂ ਕਈਆਂ ਦੇ ਮੂੰਹ ਅਤੇ ਕੁਝ ਦੇ ਹੱਥ-ਪੈਰ ਬੰਨ੍ਹੇ ਹੋਏ ਸਨ।
ਦੋ ਮੰਜ਼ਿਲਾ ਮਕਾਨ ਵਿੱਚ ਸਵੇਰੇ ਗੁਆਂਢੀ ਨੇ ਪਹਿਲਾਂ ਲਾਸ਼ਾਂ ਛੱਤ ‘ਤੇ ਲੱਗੇ ਲੋਹੇ ਦੇ ਜਾਲ ਨਾਲ ਲਟਕਦੀਆਂ ਦੇਖੀਆਂ ਅਤੇ ਰੌਲਾ ਪਾ ਦਿੱਤਾ। ਇਸ ਮਗਰੋਂ ਪੁਲਿਸ ਨੂੰ ਲੋਕਾਂ ਵੱਲੋਂ ਸੂਚਿਤ ਕੀਤਾ ਗਿਆ। ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ।
ਸੰਯੁਕਤ ਪੁਲਿਸ ਕਮਿਸ਼ਨਰ ਰਾਜੇਸ਼ ਖੰਨਾ ਮੁਤਾਬਕ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ ਅਤੇ ਪੁਲਿਸ ਹਰ ਨਜ਼ਰੀਏ ਤੋਂ ਜਾਂਚ ਕਰ ਰਹੀ ਹੈ। ਪਰਿਵਾਰ ਦੀ ਗਲੀ ਵਿੱਚ ਹੀ ਪਲਾਈਵੁੱਡ ਤੇ ਪਰਚੂਨ ਦੀ ਦੁਕਾਨ ਹੈ ਅਤੇ ਗੁਆਂਢੀ ਹੇਮੰਤ ਸਵੇਰੇ ਦੁਕਾਨ ਦੇਰ ਤੱਕ ਬੰਦ ਰਹਿਣ ਕਰਕੇ ਘਰ ਦੁੱਧ ਲੈਣ ਗਿਆ ਤਾਂ ਉਸ ਨੂੰ ਘਰ ਦਾ ਦਰਵਾਜ਼ਾ ਖੁੱਲ੍ਹਾ ਮਿਲਿਆ ਤੇ 6-7 ਲਾਸ਼ਾਂ ਲਟਕੀਆਂ ਦੇਖੀਆਂ ਜਿਨ੍ਹਾਂ ਦੇ ਮੂੰਹ ਚਿੱਟੇ ਕੱਪੜੇ ਨਾਲ ਬੰਨ੍ਹੇ ਹੋਏ ਸਨ। ਪੁਲਿਸ ਨੇ ਆ ਕੇ ਦੇਖਿਆ ਤਾਂ ਕੁੱਲ 11 ਲਾਸ਼ਾਂ ਪਾਈਆਂ ਗਈਆਂ।
ਹੇਮੰਤ ਮੁਤਾਬਕ 75 ਸਾਲਾਂ ਦੀ ਬਜ਼ੁਰਗ ਮਾਂ ਨਰਾਇਣਾ, ਉਸ ਦੇ ਦੋ ਪੁੱਤਰ ਭੁਪਿੰਦਰ (46) ਤੇ ਲਲਿਤ ਸਿੰਘ (42) ਅਤੇ ਦੋਹਾਂ ਦੀਆਂ ਪਤਨੀਆਂ, ਇੱਕ ਵਿਧਵਾ ਧੀ, 4 ਪੋਤੇ ਅਤੇ ਇਕ ਦੋਹਤੀ ਘਰ ਵਿੱਚ ਰਹਿੰਦੇ ਸਨ। ਦੋਵੇਂ ਭਰਾਵਾਂ ਦੀਆਂ ਵੱਖ-ਵੱਖ ਦੁਕਾਨਾਂ ਹਨ ਅਤੇ ਉਹ ਰਾਜਸਥਾਨ ਤੋਂ ਇੱਥੇ ਕਰੀਬ 23 ਸਾਲ ਪਹਿਲਾਂ ਆ ਕੇ ਵਸੇ ਸਨ। ਇੱਕ ਭਰਾ ਰਾਜਸਥਾਨ ਦੇ ਚਿਤੌੜ੍ਹਗੜ੍ਹ ਵਿਖੇ ਰਹਿੰਦਾ ਹੈ।
ਗੁਆਂਢੀਆਂ ਨੇ ਦੱਸਿਆ ਕਿ ਪਰਿਵਾਰ ਵਿੱਚ ਕੋਈ ਕਲੇਸ਼ ਨਹੀਂ ਸੀ ਅਤੇ ਉਨ੍ਹਾਂ ਦਾ ਕਿਸੇ ਨਾਲ ਕੋਈ ਵੈਰ ਵੀ ਨਹੀਂ ਸੀ। ਇਸ ਦੌਰਾਨ ਦਿੱਲੀ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਫੋਰੈਂਸਿਕ ਟੀਮ ਨਾਲ ਜੁੜੇ ਸੂਤਰਾਂ ਮੁਤਾਬਕ ਘਟਨਾ ਵਾਲੀ ਰਾਤ ਨੂੰ ਪਰਿਵਾਰਕ ਮੈਂਬਰਾਂ ਨੂੰ ਖਾਣਾ ਦਿੱਤਾ ਗਿਆ ਜਿਸ ਵਿੱਚ ਨਸ਼ੀਲਾ ਪਦਾਰਥ ਮਿਲਾਇਆ ਗਿਆ ਸੀ।
ਸੂਤਰਾਂ ਮੁਤਾਬਕ ਰਾਤ ਨੂੰ ਕੋਈ ਵੀ ਘਰ ਤੋਂ ਬਾਹਰ ਅਤੇ ਅੰਦਰ ਨਹੀਂ ਗਿਆ ਅਤੇ ਲੁੱਟ ਦਾ ਵੀ ਕੋਈ ਨਿਸ਼ਾਨ ਦਿਖਾਈ ਨਹੀਂ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਹੀ ਕਿਸੇ ਮੈਂਬਰ ਨੇ ਬਾਕੀ ਮੈਂਬਰਾਂ ਦਾ ਕਤਲ ਕੀਤਾ ਅਤੇ ਫਿਰ ਖ਼ੁਦਕੁਸ਼ੀ ਕਰ ਲਈ। ਬਜ਼ੁਰਗ ਨਰਾਇਣਾ ਦਾ ਗਲਾ ਦਬਾਅ ਕੇ ਕਥਿਤ ਤੌਰ ‘ਤੇ ਕਤਲ ਕੀਤਾ ਗਿਆ ਅਤੇ ਵਿਧਵਾ ਧੀ ਪ੍ਰਤਿਭਾ ਦਾ ਵੀ ਗਲਾ ਵੱਢਿਆ ਗਿਆ ਹੈ।
ਪਾਲਤੂ ਕੁੱਤੇ ਨੂੰ ਘਰ ਦੀ ਛੱਤ ਉਪਰ ਬੰਨ੍ਹ ਦਿੱਤਾ ਗਿਆ ਸੀ ਤਾਂ ਜੋ ਵਾਰਦਾਤ ਨੂੰ ਆਸਾਨੀ ਨਾਲ ਅੰਜਾਮ ਦਿੱਤਾ ਜਾ ਸਕੇ। ਪ੍ਰਤਿਭਾ ਦੀ ਧੀ ਪ੍ਰਿਅੰਕਾ (33) ਦਾ ਪਿਛਲੇ ਮਹੀਨੇ ਹੀ ਮੰਗਣਾ ਹੋਇਆ ਹੈ ਅਤੇ ਉਸ ਦਾ ਇਸ ਸਾਲ ਦੇ ਅਖੀਰ ਵਿਚ ਵਿਆਹ ਹੋਣਾ ਤੈਅ ਸੀ।
ਭੇਤਭਰੀ ਢੰਗ ਨਾਲ ਹੋਈਆਂ ਮੌਤਾਂ ਦੇ ਮਾਮਲੇ ਦੀ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਵੱਲੋਂ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਪੁਲਿਸ ਨੂੰ ਮੌਕੇ ਤੋਂ ਹੱਥ ਨਾਲ ਲਿਖੇ ਕੁਝ ਧਾਰਮਿਕ ਦਸਤਾਵੇਜ਼ ਵੀ ਮਿਲੇ ਹਨ ਜਿਸ ਤੋਂ ਸ਼ੱਕ ਜਾਪਦਾ ਹੈ ਕਿ ਪਰਿਵਾਰ ਦੇ ਮੈਂਬਰ ਕੋਈ ਪੂਜਾ-ਪਾਠ ਵਿਚ ਲੱਗੇ ਹੋਏ ਸਨ। ਜਿਸ ਢੰਗ ਨਾਲ ਮ੍ਰਿਤਕਾਂ ਦੇ ਮੂੰਹ ਅਤੇ ਅੱਖਾਂ ਬੰਨ੍ਹੀਆਂ ਹੋਈਆਂ ਸਨ, ਉਹ ਦਸਤਾਵੇਜ਼ਾਂ ਨਾਲ ਮੇਲ ਖਾਂਦੀਆਂ ਹਨ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …