17.5 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀਅਫਗਾਨਿਸਤਾਨ 'ਚ ਸਿੱਖ ਤੇ ਹਿੰਦੂ ਅੱਤਵਾਦੀਆਂ ਦੇ ਨਿਸ਼ਾਨੇ 'ਤੇ

ਅਫਗਾਨਿਸਤਾਨ ‘ਚ ਸਿੱਖ ਤੇ ਹਿੰਦੂ ਅੱਤਵਾਦੀਆਂ ਦੇ ਨਿਸ਼ਾਨੇ ‘ਤੇ

ਆਤਮਘਾਤੀ ਬੰਬ ਧਮਾਕੇ ‘ਚ 11 ਸਿੱਖਾਂ ਸਮੇਤ 19 ਮੌਤਾਂ
ਜਲਾਲਾਬਾਦ: ਬਿਊਰੋ ਨਿਊਜ਼
ਅਫਗਾਨਿਸਤਾਨ ਦੇ ਪੂਰਬੀ ਹਿੱਸੇ ਵਿਚ ਆਤਮਘਾਤੀ ਬੰਬਾਰ ਵੱਲੋਂ ਕੀਤੇ ਧਮਾਕੇ ‘ਚ ਘੱਟੋ-ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਵੱਡੀ ਗਿਣਤੀ ਸਿੱਖਾਂ ਦੀ ਦੱਸੀ ਜਾਂਦੀ ਹੈ। ਅਫ਼ਗ਼ਾਨ ਸਦਰ ਅਸ਼ਰਫ਼ ਗ਼ਨੀ ਮੁਲਕ ਦੇ ਇਸੇ ਹਿੱਸੇ ਦੀ ਫ਼ੇਰੀ ‘ਤੇ ਸਨ, ਜੋ ਪੂਰੀ ਤਰ੍ਹਾਂ ਸੁਰੱਖਿਅਤ ਰਹੇ।
ਸਰਕਾਰੀ ਤਰਜਮਾਨ ਅਤਾਉੱਲ੍ਹਾ ਖੋਗਯਾਨੀ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਨੇ ਸੂਬਾਈ ਗਵਰਨਰ ਦੇ ਅਹਾਤੇ ਤੋਂ ਕੁਝ ਦੂਰੀ ‘ਤੇ ਬਾਜ਼ਾਰ ਨੇੜੇ ਖ਼ੁਦ ਨੂੰ ਉਡਾ ਲਿਆ। ਇਸ ਅਹਾਤੇ ਵਿੱਚ ਅਫ਼ਗ਼ਾਨ ਸਦਰ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ।
ਤਰਜਮਾਨ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ 11 ਸਿੱਖ ਤੇ ਕੁਝ ਹਿੰਦੂ ਸ਼ਾਮਲ ਹਨ ਅਤੇ 20 ਦੇ ਕਰੀਬ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਹਮਲੇ ਦਾ ਸ਼ਿਕਾਰ ਹੋਏ ਸਾਰੇ ਸਿੱਖ ਅਤੇ ਹਿੰਦੂ ਵਿਅਕਤੀ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਸਨ। ਮਾਰੇ ਗਏ ਸਿੱਖ ਭਾਈਚਾਰੇ ਦੇ ਵਿਅਕਤੀਆਂ ਵਿਚ ਸਥਾਨਕ ਸਿੱਖ ਆਗੂ ਅਵਤਾਰ ਸਿੰਘ ਖਾਲਸਾ ਵੀ ਸ਼ਾਮਲ ਹੈ, ਜੋ ਕਿ ਅਫ਼ਗਾਨਿਸਤਾਨ ਵਿਚ ਸਿੱਖ ਭਾਈਚਾਰੇ ਦੇ ਪ੍ਰਤੀਨਿਧੀ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਤਮਘਾਤੀ ਹਮਲੇ ਦੀ ਨਿਖੇਧੀ ਕਰਦਿਆਂ ਹਮਲੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਸੁਖਪਾਲ ਸਿੰਘ ਖਹਿਰਾ, ਭਗਵੰਤ ਮਾਨ ਅਤੇ ਵਿਜੇ ਸਾਂਪਲਾ ਨੇ ਵੀ ਸਿੱਖਾਂ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿੱਖਾਂ ‘ਤੇ ਹੋਏ ਹਮਲੇ ਸਬੰਧੀ ਕੇਂਦਰ ਸਰਕਾਰ ਅਫਗਾਨਸਿਤਾਨ ਸਰਕਾਰ ਨਾਲ ਗੱਲਬਾਤ ਕਰਕੇ ਮਾਮਲੇ ਦੀ ਪੈਰਵਾਈ ਕਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਗੋਂਵਾਲ ਨੇ ਵੀ ਸਿੱਖਾਂ ‘ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਹਮਲਾ ਜਾਣ-ਬੁੱਝ ਕੇ ਕੀਤਾ ਗਿਆ ਸੀ।ਸਿੱਖਾਂ ‘ਤੇ ਹੋਏ ਹਮਲੇ ਦੇ ਰੋਸ ਵਜੋਂ ਸੋਮਵਾਰ ਨੂੰ ਸ਼੍ਰੋਮਣੀ ਕਮੇਟੀ ਨੇ ਆਪਣੇ ਸਾਰੇ ਅਦਾਰੇ ਬੰਦ ਰੱਖੇ।
ਸੂਬਾਈ ਸਿਹਤ ਡਾਇਰੈਕਟਰ ਨਜੀਬੁੱਲ੍ਹਾ ਕਮਾਵਲ ਨੇ ਧਮਾਕੇ ਵਿਚ 19 ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਨ੍ਹਾਂ ਵਿਚ ਵੱਡੀ ਗਿਣਤੀ ਸਿੱਖਾਂ ਦੀ ਹੈ। ਯਾਦ ਰਹੇ ਕਿ ਮੁਸਲਿਮ ਬਹੁਗਿਣਤੀ ਵਾਲੇ ਇਸ ਮੁਲਕ ਵਿੱਚ ਸਿੱਖ ਤੇ ਹਿੰਦੂ ਨਿੱਕੇ ਭਾਈਚਾਰਿਆਂ ਦੇ ਰੂਪ ਵਿੱਚ ਰਹਿੰਦੇ ਹਨ। ਉਂਜ ਅਜੇ ਤਕ ਇਹ ਸਾਫ਼ ਨਹੀਂ ਹੈ ਕਿ ਕੀ ਇਹ ਹਮਲਾ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਗ੍ਰਹਿ ਮੰਤਰੀ ਦੇ ਬੁਲਾਰੇ ਨਜੀਬ ਦਾਨਿਸ਼ ਨੇ ਵੀ ਆਤਮਘਾਤੀ ਬੰਬਾਰ ਵੱਲੋਂ ਕੀਤੇ ਹਮਲੇ ਦੀ ਪੁਸ਼ਟੀ ਕੀਤੀ ਹੈ।

RELATED ARTICLES
POPULAR POSTS