
ਸੀਐਮ ਭਗਵੰਤ ਮਾਨ ਨੇ ਕਿਹਾ : ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਆਖਰੀ ਦਿਨ ਸੀ। ਵਿਧਾਨ ਸਭਾ ਇਜਲਾਸ ਦੇ ਅੱਜ ਆਖਰੀ ਦਿਨ ਪਾਣੀ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੇ ਰਾਜਸਥਾਨ ਕੋਲੋਂ ਪਾਣੀ ਦੀ ਰਾਇਲਟੀ ਦੀ ਮੰਗ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ 1960 ਤੱਕ ਰਾਜਸਥਾਨ ਸਾਨੂੰ ਰਾਇਲਟੀ ਦਿੰਦਾ ਰਿਹਾ ਹੈ। ਹੁਣ ਉਹ ਸਾਡੇ ਕੋਲੋਂ ਮੁਫਤ ਪਾਣੀ ਲੈ ਕੇ ਅੱਗੇ ਮੁੱਲ ਵੇਚ ਰਿਹਾ ਹੈ। ਮਾਨ ਨੇ ਕਿਹਾ ਕਿ ਸਾਡੇ ਕੋਲੋਂ ਕੱਚਾ ਮਾਲ ਮੁਫਤ ਵਿਚ ਲੈ ਲਿਆ ਅਤੇ ਫਿਰ ਪ੍ਰੋਡਕਟ ਬਣਾ ਕੇ ਅੱਗੇ ਵੇਚ ਦਿੱਤਾ। ਸੀਐਮ ਮਾਨ ਨੇ ਕਿਹਾ ਕਿ ਸਾਡਾ 1 ਲੱਖ 44 ਹਜ਼ਾਰ ਕਰੋੜ ਰੁਪਏ ਦੀ ਰਾਇਲਟੀ ਦਾ ਹੱਕ ਬਣਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਨਾਲ ਜੁੜਿਆ ਜੋ ਮਤਾ ਮੰਤਰੀ ਲੈ ਕੇ ਆਏ ਹਨ, ਮੈਂ ਉਸਦਾ ਸਮਰਥਨ ਕਰਦਾ ਹਾਂ ਅਤੇ ਪਾਣੀ ਦੀ ਇਕ-ਇਕ ਬੂੰਦ ਲਈ ਆਵਾਜ਼ ਉਠਾਵਾਂਗੇ। ਸੀਐਮ ਮਾਨ ਨੇ ਕਿਹਾ ਕਿ ਪਾਣੀ ਲਈ ਅਦਾਲਤੀ ਲੜਾਈ ਵੀ ਲੜਾਂਗੇ। ਕਾਂਗਰਸੀ ਵਿਧਾਇਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਵਲੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਸੂਬਾ ਸਰਕਾਰ ਦੀ ਘੇਰਾਬੰਦੀ ਕੀਤੀ ਜਾਵੇਗੀ।
ਪੰਜਾਬ ਵਿਧਾਨ ਸਭਾ ਦੇ ਮੂਹਰੇ ਰਵਨੀਤ ਸਿੰਘ ਬਿੱਟੂ ਦੇ ਤਿੱਖੇ ਸਿਆਸੀ ਵਿਅੰਗ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦੇ ਮੂਹਰੇ ਅੱਜ ਇਕ ਤਿੱਖੇ ਸਿਆਸੀ ਵਿਅੰਗ ਰਾਹੀਂ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਘੰਟੀ ਦੀ ਸ਼ਕਲ ਵਾਲੇ ਢੱਕਣ ਵਾਲੀ ਇਕ ਮਹਿੰਗੀ, ਵਿਦੇਸ਼ੀ ਸ਼ਰਾਬ ਦੀ ਬੋਤਲ ਦਿਖਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਤੀਕ ਦੇ ਪਿੱਛੇ ਪੰਜਾਬੀ ਸ਼ਬਦ ‘ਟੱਲੀ’ ਦੇ ਦੋ ਅਰਥ ਛੁਪੇ ਹੋਏ ਸਨ। ਇਕ ਪਾਸੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਵਿਅਕਤੀ ਅਤੇ ਦੂਜੇ ਪਾਸੇ ਘੰਟੀ ਜਾਂ ਕਾਲ ਬੈਲ ਵਜਾਉਣਾ। ਇਸ ਬੋਤਲ ਰਾਹੀਂ ਦਿੱਲੀ ਦੇ ਹਵਾਈ ਅੱਡੇ ’ਤੇ ਭਗਵੰਤ ਮਾਨ ਨਾਲ ਜੁੜੇ ਕਥਿਤ ਕਸਟਮ ਡਿਊਟੀ ਵਿਵਾਦ ਵੱਲ ਵੀ ਇਸ਼ਾਰਾ ਕੀਤਾ ਗਿਆ। ਦੱਸਿਆ ਗਿਆ ਕਿ ਫਰਾਂਸ ਤੋਂ ਆਪਣੇ ਪਰਿਵਾਰ ਸਮੇਤ ਵਾਪਸ ਆਉਣ ਵਾਲੇ ਸਮੇਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਕਰੀਬ ਤਿੰਨ ਘੰਟੇ ਉਡੀਕ ਕਰਨੀ ਪਈ ਸੀ। ਰਵਨੀਤ ਬਿੱਟੂ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਏ। ਉਨ੍ਹਾਂ ਦੇ ਵਿਅੰਗ ਦਾ ਮਕਸਦ ਇਹ ਦਰਸਾਉਣਾ ਸੀ ਕਿ ਮੁੱਖ ਮੰਤਰੀ ਦੇ ਕਥਿਤ ਵਿਹਾਰ ਅਤੇ ਕੰਮਕਾਜ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ ਅਤੇ ਸੂਬੇ ਦੀ ਪ੍ਰਸ਼ਾਸਨਿਕ ਵਿਵਸਥਾ ਕਿਸ ਤਰ੍ਹਾਂ ਚਲਾਈ ਜਾ ਰਹੀ ਹੈ। ਇਸ ਬਾਰੇ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।

