ਮਹਿੰਗਾ ਸਮਾਨ ਵੇਚਣ ਵਾਲੇ ਨੂੰ ਲਗੇਗਾ 1.85 ਲੱਖ ਰੁਪਏ ਦਾ ਜੁਰਮਾਨਾ
ਚੰਡੀਗੜ੍ਹ/ਬਿਊਰੋ ਨਿਊਜ਼ਪੰਜਾਬ ਸਰਕਾਰ ਨੇ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੁਝ ਨਵੇਂ ਕਦਮ ਚੁੱਕਦਿਆਂ ਆਵਾਜਾਈ ਦੀ ਸਹੂਲਤ ਲਈ ਕੰਟਰੋਲ ਰੂਮ ਕਾਇਮ ਕੀਤੇ ਹਨ ਤਾਂ ਕਿ ਅਜਿਹੀਆਂ ਵਸਤਾਂ ਨੂੰ ਲਿਜਾਣ ਵਾਲੇ ਟੱਰਕਾਂ ਆਦਿ ਵਾਹਨਾਂ ਦੀ ਨਿਰੰਤਰ ਆਵਾਜਾਈ ਬਰਕਰਾਰ ਰੱਖੀ ਜਾ ਸਕੇ। ਇਸੇ ਦੇ ਨਾਲ ਹੀ ਜ਼ਰੂਰੀ ਵਸਤਾਂ ਨੂੰ ਪ੍ਰਚੂਨ (ਐਮ.ਆਰ.ਪੀ.) ਤੋਂ ਜ਼ਿਆਦਾ ਕੀਮਤ ‘ਤੇ ਵੇਚਣ ਵਾਲੇ ਨੂੰ 1.85 ਲੱਖ ਰੁਪਏ ਜੁਰਮਾਨਾ ਲਾਉਣ ਦਾ ਫੈਸਲਾ ਕੀਤਾ ਗਿਆ ਹੈ।ਕਿਉਂਕਿ ਲੌਕਡਾਊਨ ਦੇ ਚਲਦਿਆਂ ਕੁੱਝ ਵਿਅਕਤੀਆਂ ਵੱਲੋਂ ਆਪਣੀ ਮਨਮਰਜੀ ਦੇ ਰੇਟ ਜਨਤਾ ਕੋਲੋਂ ਵਸੂਲੇ ਜਾ ਰਹੇ ਸਨ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤਹਿਤ ਟਰਾਂਸਪੋਰਟ ਵਿਭਾਗ ਨੇ ਹੋਰ ਸੂਬਿਆਂ ਨੂੰ ਵੀ ਸਪਲਾਈ ਵਧਾ ਦਿੱਤੀ ਹੈ। ਇਨ੍ਹਾਂ ਸੂਬਿਆਂ ਵਿੱਚ ਅਨਾਜ ਅਤੇ ਹੋਰ ਵਸਤਾਂ ਦੀ ਕਮੀ ਹੈ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਸਤਾਂ ਦੀ ਕਮੀ ਵਾਲੇ ਸੂਬਿਆਂ ਵਿੱਚ ਸਟਾਕ ਲਿਜਾਣ ਦੀ ਗਤੀ ਆਮ ਨਾਲੋਂ ਲਗਪਗ 50 ਫੀਸਦੀ ਤੱਕ ਵਧ ਗਈ ਹੈ।