Breaking News
Home / ਪੰਜਾਬ / ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬੀਆਂ ਦੇ ਨਾਂ ਸੁਨੇਹਾ

ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬੀਆਂ ਦੇ ਨਾਂ ਸੁਨੇਹਾ

ਕਿਹਾ : ਪੰਜਾਬ ਦਾ ਮਾਹੌਲ ਵਿਗਾੜਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੰਗਲਵਾਰ ਨੂੰ ਪੰਜਾਬੀਆਂ ਦੇ ਨਾਂ ਇਕ ਸੁਨੇਹਾ ਦਿੱਤਾ, ਜਿਸ ’ਚ ਉਨ੍ਹਾਂ ਕਿਹਾ ਹੈ ਕਿ ਕੁੱਝ ਲੋਕ ਵਿਦੇਸ਼ੀ ਤਾਕਤਾਂ ਦੇ ਹੱਥੇ ਚੜ੍ਹ ਕੇ ਪੰਜਾਬ ਦੀ ਕਾਨੂੰਨ ਵਿਵਸਥਾ ਵਿਗਾੜ ਰਹੇ ਹਨ ਅਤੇ ਉਨ੍ਹਾਂ ਵੱਲੋਂ ਪੁਲੀਸ ਖਿਲਾਫ਼ ਵੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦਾ ਮਾਹੌਲ ਵਿਗਾੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਜਿਹੀ ਤਾਕਤ, ਜੋ ਦੇਸ਼ ਵਿਰੋਧੀ ਹੋਵੇ ਅਤੇ ਪੰਜਾਬ ਵਿੱਚ ਪੈਰ ਪਸਾਰ ਰਹੀ ਹੋਵੇ, ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀ ਪ੍ਰਮੁੱਖਤਾ ਸਿੱਖਿਆ ਅਤੇ ਸਿਹਤ ਸੁਧਾਰਾਂ ਵੱਲ ਹੈ ਜਿਸ ’ਤੇ ਪੂਰੀ ਦਿ੍ਰੜ੍ਹਤਾ ਨਾਲ ਪਹਿਰਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਧਰਮਨਿਰਪੱਖ ਹੈ, ਜੋ ਧਰਮ ਦੀ ਰਾਜਨੀਤੀ ਨਹੀਂ ਕਰਦੀ ਅਤੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਦਾ ਜ਼ਿਕਰ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਲਹਿਰਾਉਂਦੀਆਂ ਫਸਲਾਂ, ਸੂਰਬੀਰ ਯੋਧੇ, ਨੱਚਦੇ-ਟੱਪਦੇ ਲੋਕ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਦਾ ਚੇਤਾ ਆਉਂਦਾ ਪ੍ਰੰਤੂ ਜੇਕਰ ਕੋਈ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੇਰੇ ਖੂਨ ਦਾ ਇਕ-ਇਕ ਕਤਰਾ ਪੰਜਾਬ ਲਈ ਹੈ ਅਤੇ ਪੰਜਾਬ ਨੰਬਰ ਵਨ ਸੂਬਾ ਸੀ ਅਤੇ ਰਹੇਗਾ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …