ਕਿਹਾ : ਕੈਪਟਨ ਆਪਣੇ ਪੁੱਤਰ ਨੂੰ ਪੁੱਛਣ ਕਿ ਉਹ ਜੇਲ੍ਹ ’ਚ ਅੰਸਾਰੀ ਨੂੰ ਕਿੰਨੀ ਵਾਰ ਮਿਲਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਦੇ ਗੈਂਗਸਟਰ ਮੁਖਤਾਰ ਅੰਸਾਰੀ ਦੇ ਮਾਮਲੇ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਆਪਣੇ ਪੁੱਤਰ ਰਣਇੰਦਰ ਸਿੰਘ ਨੂੰ ਪੁੱਛਣ ਕਿ ਯੂਪੀ ਦੇ ਬਾਹੂਬਲੀ ਗੈਂਗਸਟਰ ਮੁਖ਼ਤਾਰ ਅੰਸਾਰੀ ਨਾਲ ਉਸ ਦਾ ਕੀ ਰਿਸ਼ਤਾ ਹੈ ਅਤੇ ਉਹ ਰੋਪੜ ਜੇਲ੍ਹ ’ਚ ਅੰਸਾਰੀ ਨੂੰ ਕਿੰਨੀ ਵਾਰ ਮਿਲੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰੋਪੜ ’ਚ ਮੁਖਤਾਰ ਅੰਸਾਰੀ ਦੇ ਲੜਕੇ ਤੇ ਭਤੀਜੇ ਦੇ ਨਾਂ ਵਕਫ਼ ਬੋਰਡ ਦੀ ਜ਼ਮੀਨ ਹੈ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਅੱਬਾਸ ਅੰਸਾਰੀ ਤੇ ਉਮਰ ਅੰਸਾਰੀ ਦੇ ਨਾਂ ’ਤੇ ਹੈ ਅਤੇ ਇਸ ਗੱਲ ਨੂੰ ਕੈਪਟਨ ਦੇ ਰਣਇੰਦਰ ਸਿੰਘ ਸਪੱਸ਼ਟ ਕਰ ਦੇਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਅੰਸਾਰੀ ਦੀ 55 ਲੱਖ ਰੁਪਏ ਦੀ ਫੀਸ ਸਾਬਕਾ ਜੇਲ੍ਹ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਤੋਂ ਹੀ ਵਸੂਲੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਬਿੱਲ ਆਵੇਗਾ ਤਾਂ ਉਨ੍ਹਾਂ ਤੋਂ ਹੀ ਪੇਮੈਂਟ ਵਸੂਲੀ ਜਾਵੇਗੀ। ਬਿੱਲ ਦਾ ਭੁਗਤਾਨ ਸਰਕਾਰੀ ਖਜ਼ਾਨੇ ’ਚੋਂ ਨਹੀਂ ਕੀਤਾ ਜਾਵੇਗਾ।