ਪਾਰਟੀ ਦੇ ਬੁਲਾਰੇ ਪਿ੍ਰਤਪਾਲ ਸਿੰਘ ਬਲੀਏਵਾਲਾ ਅਤੇ ਮੇਅਰ ਸੰਜੀਵ ਸ਼ਰਮਾ ਨੇ ਦਿੱਤੀ ਜਾਣਕਾਰੀ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਗਲੇ ਹਫ਼ਤੇ ਭਾਜਪਾ ਵਿਚ ਸ਼ਾਮਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਨ੍ਹਾਂ ਦੇ ਕਰੀਬੀ ਪੰਜਾਬ ਦੇ 5-6 ਸਾਬਕਾ ਮੰਤਰੀ ਵੀ ਭਾਜਪਾ ਵਿਚ ਸ਼ਮੂਲੀਅਤ ਕਰਨਗੇ। ਇਸ ਸਬੰਧੀ ਜਾਣਕਾਰੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪਿ੍ਰਤਪਾਲ ਬਲੀਏਵਾਲਾ ਅਤੇ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਵੱਲੋਂ ਦਿੱਤੀ ਗਈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 19 ਸਤੰਬਰ ਨੂੰ ਦਿੱਲੀ ਸਥਿਤ ਭਾਜਪਾ ਦਫਤਰ ਵਿਖੇ ਕੌਮੀ ਪ੍ਰਧਾਨ ਜੇ ਪੀ ਨੱਢਾ ਦੀ ਹਾਜ਼ਰੀ ਵਿਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਲੋਕ ਕਾਂਗਰਸ ਦੇ ਭਾਜਪਾ ਵਿਚ ਰਲੇਵੇਂ ਦਾ ਐਲਾਨ ਕਰਨਗੇ ਅਤੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਹਾਸਲ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਅੱਧੀ ਦਰਜਨ ਦੇ ਕਰੀਬ ਸਾਬਕਾ ਵਿਧਾਇਕਾਂ ਤੋਂ ਇਲਾਵਾ ਉਨ੍ਹਾਂ ਦੀ ਬੇਟੀ ਜੈਇੰਦਰ ਕੌਰ, ਪੁੱਤਰ ਰਣਇੰਦਰ ਅਤੇ ਪੋਤਾ ਨਿਰਵਾਨ ਸਿੰਘ ਵੀ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਜਦਕਿ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਪਟਿਆਲਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਅਜੇ ਵੀ ਕਾਂਗਰਸ ਪਾਰਟੀ ਵਿਚ ਹਨ। ਪੀਐਲਸੀ ਦੇ ਰਲੇਵੇਂ ਬਾਰੇ ਜਦੋਂ ਪ੍ਰਨੀਤ ਕੌਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਫ਼ਿਲਹਾਲ ਕਾਂਗਰਸ ਦੇ ਨਾਲ ਹਾਂ ਅਤੇ ਪਾਰਟੀ ਸਭ ਤੋਂ ਉਪਰ ਹੈ, ਮੈਂ ਇਕ ਜਿੱਤੀ ਹੋਈ ਐਮ ਪੀ ਹਾਂ ਅਤੇ ਜਿੰਨੀ ਦੇਰ ਮੇਰੇ ਕੋਲ ਤਾਕਤ ਹੈ ਮੈਂ ਓਨੀ ਦੇਰ ਲੋਕਾਂ ਦੀ ਸੇਵਾ ਕਰਦੀ ਰਹਾਂਗੀ। ਪ੍ਰਨੀਤ ਕੌਰ ਨੇ ਅੱਗੇ ਕਿਹਾ ਕਿ ਪੀਐਲਸੀ ਦੇ ਭਾਜਪਾ ’ਚ ਰਲੇਵੇਂ ਬਾਰੇ ਕੈਪਟਨ ਅਮਰਿੰਦਰ ਸਿੰਘ ਹੀ ਬੇਹਤਰ ਦੱਸ ਸਕਦੇ ਹਨ।